ਇਟਾਵਾ : ਕਾਂਸਟੇਬਲ ਆਪਣੇ ਦੋ ਸਾਲ ਦੇ ਬੇਟੇ ਦੀ ਲਾਸ਼ ਨੂੰ ਐੱਸ ਐੱਸ ਪੀ ਦੇ ਦਫਤਰ ਲੈ ਗਿਆ, ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਉਸ ਨੇ ਝੂਠ ਬੋਲ ਕੇ ਛੁੱਟੀ ਨਹੀਂ ਸੀ ਮੰਗੀ | ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਉਸ ਦੀ ਬਿਮਾਰ ਪਤਨੀ ਅਤੇ ਬੱਚੇ ਦੀ ਦੇਖਭਾਲ ਲਈ ਛੁੱਟੀ ਨਹੀਂ ਦਿੱਤੀ ਗਈ | ਬੈਦਪੁਰਾ ‘ਚ ਤਾਇਨਾਤ ਕਾਂਸਟੇਬਲ ਸੋਨੂੰ ਚੌਧਰੀ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਮੌਤ ਉਸ ਦੀ ਦੇਖਭਾਲ ਨਾ ਕਰਨ ਕਰਕੇ ਹੋਈ, ਕਿਉਂਕਿ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ | ਉਸ ਨੇ ਦੱਸਿਆ ਕਿ ਉਸ ਦੀ ਪਤਨੀ ਕਵਿਤਾ ਦੀ ਪਿਛਲੇ ਹਫਤੇ ਤੋਂ ਤਬੀਅਤ ਠੀਕ ਨਹੀਂ ਸੀ, ਜਿਸ ਕਰਕੇ ਉਸ ਨੇ 7 ਜਨਵਰੀ ਨੂੰ ਐੱਸ ਪੀ (ਸਿਟੀ) ਦੇ ਦਫਤਰ ਕੋਲ ਛੁੱਟੀ ਲਈ ਅਰਜ਼ੀ ਦਿੱਤੀ ਸੀ | ਬੁੱਧਵਾਰ ਦੁਪਹਿਰ ਜਦੋਂ ਉਹ ਕੰਮ ‘ਤੇ ਬਾਹਰ ਗਿਆ ਹੋਇਆ ਸੀ ਤਾਂ ਉਸ ਦਾ ਪੁੱਤਰ ਘਰੋਂ ਬਾਹਰ ਨਿਕਲਿਆ ਅਤੇ ਟੋਏ ‘ਚ ਡਿੱਗ ਗਿਆ | ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ |



