ਨਵੀਂ ਦਿੱਲੀ : ‘ਆਪ’ ਨੂੰ ਕਥਿਤ ਤੌਰ ‘ਤੇ ਸਰਕਾਰੀ ਇਸ਼ਤਿਹਾਰਾਂ ਦੇ ਓਹਲੇ ਸਿਆਸੀ ਪ੍ਰਚਾਰ ਕਰਨ ਲਈ 163.62 ਕਰੋੜ ਰੁਪਏ ਦੀ ਵਸੂਲੀ ਲਈ ਨੋਟਿਸ ਜਾਰੀ ਕੀਤਾ ਗਿਆ ਹੈ | ਇਹ ਕਾਰਵਾਈ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਦੇ ਮੁੱਖ ਸਕੱਤਰ ਨੂੰ ‘ਆਪ’ ਤੋਂ 97 ਕਰੋੜ ਰੁਪਏ ਦੀ ਵਸੂਲੀ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਮਹੀਨੇ ਬਾਅਦ ਹੋਈ ਹੈ | ਸੂਚਨਾ ਅਤੇ ਪ੍ਰਚਾਰ ਡਾਇਰੈਕਟੋਰੇਟ (ਡੀ ਆਈ ਪੀ) ਵੱਲੋਂ ਜਾਰੀ ਰਿਕਵਰੀ ਨੋਟਿਸ ‘ਚ ਰਕਮ ‘ਤੇ ਵਿਆਜ ਵੀ ਸ਼ਾਮਲ ਹੈ ਅਤੇ ਦਿੱਲੀ ਦੀ ਸੱਤਾਧਾਰੀ ਪਾਰਟੀ ਲਈ 10 ਦਿਨਾਂ ਦੇ ਅੰਦਰ ਪੂਰੀ ਰਕਮ ਦਾ ਭੁਗਤਾਨ ਕਰਨਾ ਲਾਜ਼ਮੀ ਕੀਤਾ ਗਿਆ ਹੈ | ਸੂਤਰ ਨੇ ਕਿਹਾ ਕਿ ਜੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਜਿਹਾ ਕਰਨ ‘ਚ ਅਸਫਲ ਰਹਿੰਦੇ ਹਨ ਤਾਂ ਪਾਰਟੀ ਦੀਆਂ ਜਾਇਦਾਦਾਂ ਦੀ ਕੁਰਕੀ ਸਮੇਤ ਸਾਰੀਆਂ ਅਗਲੀਆਂ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਹਨ | ਉਧਰ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਉਹ ਅਧਿਕਾਰੀਆਂ ‘ਤੇ ਦਬਾਅ ਪਾ ਕੇ ਦਿੱਲੀ ‘ਤੇ ਗੈਰ-ਸੰਵਿਧਾਨਕ ਕੰਟਰੋਲ ਕਰਨਾ ਚਾਹੁੰਦੀ ਹੈ |




