ਲੋਕ ਮੋਹਨ ਭਾਗਵਤ ਦੇ ਬਿਆਨ ਤੋਂ ਸੁਚੇਤ ਰਹਿਣ : ਸੀ ਪੀ ਆਈ

0
266

ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਨੇ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦੇ ‘ਆਰਗੇਨਾਈਜ਼ਰ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦਿੱਤੇ ਬਿਆਨ ਦਾ ਸਖਤ ਨੋਟਿਸ ਲਿਆ ਹੈ ਕਿ ਹਿੰਦੂ ਸਮਾਜ 1000 ਸਾਲਾਂ ਤੋਂ ਵੱਧ ਸਮੇਂ ਦੀ ਲੜਾਈ ਤੋਂ ਬਾਅਦ ਜਾਗਿਆ ਹੈ, ਇਸ ਲਈ ਇਹ ਕੁਦਰਤੀ ਹੈ ਕਿ ਉਹ ਹਮਲਾਵਰ ਹੋਵੇ | ਆਰ ਐੱਸ ਐੱਸ ਨੇ ਇਸ ਲੜਾਈ ਲਈ ਸਮਰਥਨ ਦੀ ਪੇਸ਼ਕਸ਼ ਕੀਤੀ ਹੈ | ਡੀ ਪੀ ਮੌੜ, ਡਾ. ਅਰੁਣ ਮਿੱਤਰਾ, ਐੱਮ ਐੱਸ ਭਾਟੀਆ, ਰਮੇਸ਼ ਰਤਨ, ਚਮਕੌਰ ਸਿੰਘ, ਵਿਜੇ ਕੁਮਾਰ ਤੇ ਵਿਨੋਦ ਕੁਮਾਰ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਆਰ ਐੱਸ ਐੱਸ ਨੇ ਕਦੇ ਵੀ ਬਰਤਾਨਵੀ ਬਸਤੀਵਾਦੀ ਸ਼ਾਸਨ ਵਿਰੁੱਧ ਲੜਾਈ ਨਹੀਂ ਲੜੀ, ਸਗੋਂ ਉਹਨਾਂ ਨਾਲ ਹੱਥ ਮਿਲਾਇਆ | ਮੋਹਨ ਭਾਗਵਤ ਨੇ ਹਿੰਦੂ ਧਰਮ ਦੇ ਮੂਲ ਸੰਕਲਪ ਨੂੰ ਝੁਠਲਾਇਆ ਹੈ, ਜਿਵੇਂ ਕਿ ਸਵਾਮੀ ਵਿਵੇਕਾਨੰਦ ਦੁਆਰਾ ਕਲਪਨਾ ਕੀਤੀ ਗਈ ਸੀ, ਜਿਨ੍ਹਾ ਹਮੇਸ਼ਾ ਦੂਜੇ ਧਾਰਮਕ ਵਿਸ਼ਵਾਸਾਂ ਅਤੇ ਸਮੂਹਾਂ ਲਈ ਸਤਿਕਾਰ ਦਾ ਪ੍ਰਚਾਰ ਕੀਤਾ ਸੀ | ਉਹਨਾ ਦਾ ਸੰਘਰਸ਼ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਭੇਦ-ਭਾਵਾਂ, ਬਸਤੀਵਾਦੀ ਹਮਲਿਆਂ ਵਿਰੁੱਧ ਜਾਗਰੂਕ ਕਰਨਾ ਸੀ ਅਤੇ ਇੱਕ ਹਮਦਰਦ ਪੜ੍ਹੇ-ਲਿਖੇ ਸਮਾਜ ਦੀ ਸਿਰਜਣਾ ਚਾਹੁੰਦੇ ਸਨ | ਇਸ ਦੇ ਉਲਟ ਆਰ ਐੱਸ ਐੱਸ ਹਿੰਦੂਤਵ ਅਤੇ ਖਾੜਕੂ ਹਿੰਦੂ ਰਾਸ਼ਟਰਵਾਦ, ਫੌਜੀਵਾਦ, ਸੱਭਿਆਚਾਰਕ ਤੰਗਵਾਦ ਅਤੇ ਨਵਉਦਾਰਵਾਦੀ ਵਿਕਾਸ ਦੀ ਸਰਪ੍ਰਸਤੀ ਕਰ ਰਿਹਾ ਹੈ | ਭਾਗਵਤ ਨੇ ਆਪਣੇ ਪੈਰੋਕਾਰਾਂ ਦੁਆਰਾ ਭੜਕਾਈ ਹਿੰਸਾ ਦੇ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ, ਸਗੋਂ ਅਜਿਹੇ ਵਿਹਾਰ ਨੂੰ ਜਾਇਜ਼ ਠਹਿਰਾਇਆ ਹੈ | ਅਸਲੀਅਤ ਇਹ ਹੈ ਕਿ ਆਰ ਐੱਸ ਐੱਸ ਨੇ ਅਜਿਹੀਆਂ ਗਤੀਵਿਧੀਆਂ ਨੂੰ ਅੱਗੇ ਵਧਾਇਆ ਹੈ ਅਤੇ ਹਿੰਦੂ ਰਾਸ਼ਟਰਵਾਦ ਦਾ ਬਿਰਤਾਂਤ ਨਾਜ਼ੀਵਾਦ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ | ਭਾਰਤੀ ਕਮਿਊਨਿਸਟ ਪਾਰਟੀ ਨੇ ਲੋਕਾਂ ਨੂੰ ਅਜਿਹੇ ਦੋਗਲੇਪਣ ਵਾਲੇ ਬਿਆਨਾਂ ਤੋਂ ਸੁਚੇਤ ਰਹਿਣ ਅਤੇ ਆਧੁਨਿਕ ਭਾਰਤ ਵਿੱਚ ਧਰਮ-ਨਿਰਪੱਖ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ |

LEAVE A REPLY

Please enter your comment!
Please enter your name here