ਨਵੀਂ ਦਿੱਲੀ : ’90 ਦੇ ਦਹਾਕੇ ‘ਚ ਹੋਏ ਇਸਰੋ ਜਾਸੂਸੀ ਕਾਂਡ ਨੂੰ ਲੈ ਕੇ ਸੀ ਬੀ ਆਈ ਨੇ ਵੱਡਾ ਦਾਅਵਾ ਕੀਤਾ ਹੈ | ਅਸਲ ‘ਚ ਕੇਰਲ ਹਾਈ ਕੋਰਟ ‘ਚ ਸੀ ਬੀ ਆਈ ਨੇ ਕਿਹਾ ਕਿ ਇਸਰੋ ਜਾਸੂਸੀ ਕਾਂਡ ਅੰਤਰਰਾਸ਼ਟਰੀ ਸਾਜ਼ਿਸ਼ ਸੀ, ਕਿਉਂਕਿ ਵਿਗਿਆਨਕ ਜਾਣਕਾਰੀ ਲੀਕ ਹੋਣ ਦੀ ਗੱਲ ਮਨਘੜਤ ਸੀ | ਕੇਰਲ ਹਾਈ ਕੋਰਟ ‘ਚ ਇਸਰੋ ਜਾਸੂਸੀ ਕਾਂਡ ‘ਚ ਸਾਜ਼ਿਸ਼ ਘੜਨ ਦੇ ਦੋਸ਼ੀਆਂ ਦੀ ਗਿ੍ਫਤਾਰੀ ‘ਤੇ ਸੁਣਵਾਈ ਹੋ ਰਹੀ ਹੈ | ਇਸ ਦੌਰਾਨ ਸੀ ਬੀ ਆਈ ਨੇ ਦੋਸ਼ੀਆਂ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ | ਜ਼ਿਕਰਯੋਗ ਹੈ ਕਿ ਇਸਰੋ ਜਾਸੂਸੀ ਕਾਂਡ ‘ਚ ਪੁਲਾੜ ਵਿਗਿਆਨੀ ਨੰਬੀ ਨਰਾਇਣ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ |
ਜਾਸੂਸੀ ਕਾਂਡ ਸਮੇਂ ਨੰਬੀ ਨਰਾਇਣ ਇਸਰੋ ‘ਚ ਤਰਲ ਪ੍ਰੋਪੈਲੈਂਟ ਇੰਜਣ ਵਿਗਿਆਨੀ ਸਨ ਅਤੇ ਉਨ੍ਹਾ ਨੂੰ ਜਾਸੂਸੀ ਕਾਂਡ ‘ਚ ਫਸਾਇਆ ਗਿਆ ਸੀ | ਹਾਈ ਕੋਰਟ ‘ਚ ਸੀ ਬੀ ਆਈ ਨੇ ਕਿਹਾ ਕਿ ਨੰਬੀ ਨਰਾਇਣ ਦੀ ਗਿ੍ਫ਼ਤਾਰੀ ਸ਼ੱਕੀ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ ਸੀ | ਇਸ ਦਾਅਵੇ ਦੇ ਸਮਰਥਨ ‘ਚ ਮੰਗਲਵਾਰ ਨੂੰ ਕੇਸ ਡਾਇਰੀ ਜਾਰੀ ਕੀਤੀ ਜਾਵੇਗੀ | ਸੀ ਬੀ ਆਈ ਨੇ ਕਿਹਾ ਕਿ ਮਾਮਲੇ ਦੇ ਦੋਸ਼ੀਆਂ ਤੋਂ ਪੁੱਛਗਿੱਛ ਦੀ ਜ਼ਰੂਰਤ ਹੈ ਅਤੇ ਇਸ ‘ਚ ਉਨ੍ਹਾਂ ਨੂੰ ਅਗਾਊਾ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ | ਜ਼ਿਕਰਯੋਗ ਹੈ ਕਿ ਦੋਸ਼ ਸੀ ਕਿ ਸਾਲ 1994 ‘ਚ ਨੰਬੀ ਨਰਾਇਣ ਨੇ ਇੰਜਣ ਤਕਨੀਕ ਇੱਕ ਮਾਲਦੀਪ ਦੀ ਨਾਗਰਿਕ ਰਸ਼ੀਦਾ ਦੁਆਰਾ ਪਾਕਿਸਤਾਨ ਨੂੰ ਵੇਚੀ ਸੀ | ਇਸ ਮਾਮਲੇ ‘ਚ ਕੇਰਲ ਪੁਲਸ ਨੇ ਨੰਬੀ ਨਰਾਇਣ ਦੇ ਨਾਲ ਹੀ ਇਸਰੋ ਦੇ ਤਤਕਾਲੀਨ ਡਿਪਟੀ ਡਾਇਰੈਕਟਰ ਡੀ ਸ਼ਸ਼ੀਕੁਮਾਰਨ ਅਤੀ ਰਸ਼ੀਦਾ ਦੀ ਮਾਲਦੀਪ ਦੀ ਦੋਸਤ ਫੌਜੀਆ ਹਸਨ ਨੂੰ ਗਿ੍ਫ਼ਤਾਰ ਕੀਤਾ ਸੀ | ਗਿ੍ਫ਼ਤਾਰੀ ਸਮੇਂ ਨੰਬੀ ਨਰਾਇਣ ਇਸਰੋ ‘ਚ ਇੰਜਣ ਪ੍ਰੋਜੈਕਟ ਦੇ ਡਾਇਰੈਕਟਰ ਸਨ | ਹਾਲਾਂਕਿ ਜਾਂਚ ਤੋਂ ਬਾਅਦ ਨੰਬੀ ਨਰਾਇਣ ਨਿਰਦੋਸ਼ ਪਾਏ ਗਏ ਸਨ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਸਾਲ 1998 ‘ਚ ਨੰਬੀ ਨਰਾਇਣ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ | ਇਸ ਦੇ ਬਾਵਜੂਦ ਨੰਬੀ ਨਰਾਇਣ ਨੂੰ 50 ਦਿਨ ਹੋਰ ਜੇਲ੍ਹ ‘ਚ ਗੁਜ਼ਾਰਨੇ ਪਏ | ਨੰਬੀ ਨਰਾਇਣ ਨੇ ਇਸ ਮਾਮਲੇ ‘ਤੇ ਇੱਕ ਕਿਤਾਬ ਲਿਖੀ ਹੈ, ਜਿਸ ‘ਚ ਉਨ੍ਹਾ ਦਾਅਵਾ ਕੀਤਾ ਕਿ ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਨੇ ਭਾਰਤੀ ਪੁਲਾੜ ਪ੍ਰੋਗਰਾਮ ਨੂੰ ਰੋਕਣ ਲਈ ਸਾਜ਼ਿਸ਼ ਰਚੀ ਸੀ, ਜਿਸ ‘ਚ ਉਨ੍ਹਾ ਨੂੰ ਫਸਾਇਆ ਗਿਆ |