33.5 C
Jalandhar
Monday, May 27, 2024
spot_img

ਪਹਾੜਾਂ ‘ਤੇ ਬਰਫਬਾਰੀ, ਮੈਦਾਨਾਂ ‘ਚ ਠੰਢ ਭਾਰੀ

ਸ਼ਿਮਲਾ/ਚੰਡੀਗੜ੍ਹ : ਉੱਤਰ ਭਾਰਤ ‘ਚ ਕੜਾਕੇ ਦੀ ਠੰਢ ਪੈ ਰਹੀ ਹੈ ਤਾਂ ਦੇਸ਼ ਦੇ ਤਿੰਨ ਸੂਬੇ ਬਰਫਬਾਰੀ ਦਾ ਸਾਹਮਣਾ ਕਰ ਰਹੇ ਹਨ | ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਉਚਾਈ ਵਾਲੇ ਇਲਾਕਿਆਂ ‘ਚ ਬਰਫਬਾਰੀ ਹੋ ਰਹੀ ਹੈ | ਮੌਸਮ ਵਿਭਾਗ ਮੁਤਾਬਕ ਤਿੰਨ ਦਿਨ ਇਸੇ ਤਰ੍ਹਾਂ ਦਾ ਮੌਸਮ ਰਹਿਣ ਵਾਲਾ ਹੈ | ਬਰਫਬਾਰੀ ਕਾਰਨ ਰੋਹਤਾਂਗ ਦੱਰਾ ਪਹਿਲਾਂ ਹੀ ਆਵਾਜਾਈ ਲਈ ਬੰਦ ਕੀਤਾ ਜਾ ਚੁੱਕਾ ਹੈ | ਇਸ ਦੇ ਨਾਲ ਹੀ ਅਟਲ ਸੁਰੰਗ ਵੀ ਆਵਾਜਾਈ ਲਈ ਬੰਦ ਕਰ ਦਿੱਤੀ ਗਈ |
ਪੰਜਾਬ ਅਤੇ ਹਰਿਆਣਾ ‘ਚ ਠੰਢ ਦਾ ਕਹਿਰ ਜਾਰੀ ਹੈ | ਸ਼ਨੀਵਾਰ ਸਵੇਰੇ ਪੰਜਾਬ ‘ਚ ਸੰਘਣੀ ਧੁੰਦ ਰਹੀ, ਜਿਸ ਕਰਕੇ ਆਮ ਜਨ ਜੀਵਨ ਪ੍ਰਭਾਵਤ ਹੋਇਆ | ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਬਠਿੰਡਾ ਸਭ ਤੋਂ ਠੰਢਾ ਸ਼ਹਿਰ ਰਿਹ, ਜਿੱਥੇ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ‘ਚ ਤਾਪਮਾਨ 11.4 ਡਿਗਰੀ ਸੈਲਸੀਅਸ, ਅੰਮਿ੍ਤਸਰ 1.2 ਡਿਗਰੀ ਸੈਲਸੀਅਸ, ਲੁਧਿਆਣਾ 9.6 ਡਿਗਰੀ ਸੈਲਸੀਅਸ, ਫਰੀਦਕੋਟ 4.8 ਡਿਗਰੀ ਸੈਲਸੀਅਸ, ਗੁਰਦਾਸਪੁਰ 4 ਡਿਗਰੀ ਸੈਲਸੀਅਸ, ਮੋਗਾ ਵਿੱਚ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਗਿਆਨ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ 18 ਜਨਵਰੀ ਤੱਕ ਸੰਘਣੀ ਧੁੰਦ ਜਾਰੀ ਰਹੇਗੀ | ਮੌਸਮ ਵਿਭਾਗ ਨੇ ਦੱਸਿਆ ਕਿ 15 ਜਨਵਰੀ ਤੋਂ ਪੰਜਾਬ, ਹਰਿਆਣਾ, ਦਿੱਲੀ ਅਤੇ ਯੂ ਪੀ ‘ਚ ਸੀਤ ਲਹਿਰ ਵਾਪਸ ਆਉਣ ਦੀ ਸੰਭਾਵਨਾ ਹੈ |
ਸ੍ਰੀਨਗਰ : ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ, ਉਥੇ ਇਸ ਦੌਰਾਨ ਉੱਚੇ ਇਲਾਕਿਆਂ ‘ਚ ਭਾਰੀ ਬਰਫਬਾਰੀ ਹੋਈ | ਬਰਫਬਾਰੀ ਤੇ ਮੀਂਹ ਕਾਰਨ ਜਨਜੀਵਨ ਪ੍ਰਭਾਵਤ ਹੋ ਗਿਆ | ਸ੍ਰੀਨਗਰ-ਜੰਮੂ ਹਾਈਵੇ ਸ਼ਨੀਵਾਰ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ | ਸ੍ਰੀਨਗਰ ‘ਚ ਘੱਟੋ-ਘੱਟ ਤਾਪਮਾਨ ਮਨਫੀ 0.1 ਡਿਗਰੀ, ਪਹਿਲਗਾਮ ‘ਚ ਮਨਫੀ 5.9 ਅਤੇ ਗੁਲਮਰਗ ਵਿੱਚ ਮਨਫੀ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਲੱਦਾਖ ਖੇਤਰ ‘ਚ, ਕਾਰਗਿਲ ‘ਚ ਘੱਟੋ-ਘੱਟ ਤਾਪਮਾਨ ਮਨਫੀ 8.4 ਅਤੇ ਲੇਹ ‘ਚ 12 ਡਿਗਰੀ ਹੇਠਾਂ ਸੀ | ਭਾਰੀ ਮੀਂਹ ਤੇ ਬਰਫਬਾਰੀ ਕਾਰਨ ਵੈਸ਼ਨੋ ਦੇਵੀ ਦੀ ਹੈਲੀਕਾਪਟਰ ਸੇਵਾ ਬੰਦ ਕਰ ਦਿੱਤੀ ਗਈ ਹੈ | ਜ਼ਮੀਨ ਖਿਸਕਣ ਕਾਰਨ ਕਈ ਮੁੱਖ ਸੜਕਾਂ ਬੰਦ ਹਨ | ਹਿਮਾਚਲ ‘ਚ ਬਰਫਬਾਰੀ ਕਾਰਨ 3 ਰਾਸ਼ਟਰੀ ਰਾਜ ਮਾਰਗਾਂ ਸਮੇਤ 194 ਸੜਕਾਂ ਬੰਦ ਰਹੀਆਂ |

Related Articles

LEAVE A REPLY

Please enter your comment!
Please enter your name here

Latest Articles