25.8 C
Jalandhar
Monday, September 16, 2024
spot_img

21 ਰਾਜੇ—70 ਕਰੋੜ ਰੰਕ

ਨਵੀਂ ਦਿੱਲੀ : ਭਾਰਤ ‘ਚ ਸਭ ਤੋਂ ਅਮੀਰ ਇਕ ਫੀਸਦੀ ਲੋਕਾਂ ਕੋਲ ਦੇਸ਼ ਦੀ ਕੁੱਲ ਦੌਲਤ ਦਾ 40 ਫੀਸਦੀ ਤੋਂ ਵੱਧ ਹੈ | 21 ਸਭ ਤੋਂ ਵੱਡੇ ਅਰਬਪਤੀਆਂ ਕੋਲ 70 ਕਰੋੜ ਤੋਂ ਵੱਧ ਲੋਕਾਂ ਜਿੰਨੀ ਦੌਲਤ ਹੈ | ਦੂਜੇ ਪਾਸੇ ਹੇਠਲੇ 50 ਫੀਸਦੀ ਲੋਕ ਕੁੱਲ ਦੌਲਤ ਦੇ ਸਿਰਫ ਤਿੰਨ ਫੀਸਦੀ ਨਾਲ ਗੁਜ਼ਰ-ਬਸਰ ਕਰ ਰਹੇ ਹਨ | ਮਨੁੱਖੀ ਅਧਿਕਾਰ ਸਮੂਹ ਆਕਸਫੈਮ ਇੰਟਰਨੈਸ਼ਨਲ ਨੇ ਵਿਸ਼ਵ ਆਰਥਕ ਫੋਰਮ (ਡਬਲਿਊ ਈ ਐੱਫ) ਦੀ ਦਾਵੋਸ ‘ਚ ਸਾਲਾਨਾ ਬੈਠਕ ਦੇ ਪਹਿਲੇ ਦਿਨ ਜਾਰੀ ਸਾਲਾਨਾ ਅਸਮਾਨਤਾ ਰਿਪੋਰਟ ਮੁਤਾਬਕ ਭਾਰਤ ਦੇ 10 ਸਭ ਤੋਂ ਅਮੀਰ ਲੋਕਾਂ ‘ਤੇ ਪੰਜ ਫੀਸਦੀ ਜਾਂ ਸਿਖਰਲੇ 100 ਅਮੀਰਾਂ ‘ਤੇ ਢਾਈ ਫੀਸਦੀ ਟੈਕਸ ਲਾਉਣ ਨਾਲ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਸਾਰਾ ਪੈਸਾ ਮਿਲ ਸਕਦਾ ਹੈ |
ਰਿਪੋਰਟ ਕਹਿੰਦੀ ਹੈ ਕਿ ਨਵੰਬਰ 2022 ਵਿਚ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਦੇ ਬਾਅਦ ਅਰਬਪਤੀਆਂ ਦੀ ਸੰਪਤੀ ‘ਚ 121 ਫੀਸਦੀ ਜਾਂ ਹਰ ਦਿਨ 3608 ਕਰੋੜ ਰੁਪਏ ਦਾ ਵਾਧਾ ਦੇਖਿਆ ਗਿਆ, ਹਾਲਾਂਕਿ ਜੀ ਐੱਸ ਟੀ ਚੁਕਾਉਣ ਦੇ ਮਾਮਲੇ ‘ਚ ਭਾਰ ਆਮ ਆਦਮੀ ‘ਤੇ ਵੱਧ ਪਿਆ | 2021-22 ਵਿਚ ਜੀ ਐੱਸ ਟੀ ਨਾਲ ਇਕੱਠੇ ਹੋਏ 14.83 ਕਰੋੜ ਰੁਪਈਆਂ ਵਿੱਚੋਂ ਲੱਗਭੱਗ 64 ਫੀਸਦੀ ਹਿੱਸਾ ਹੇਠਲੇ ਤਬਕੇ ਦੇ 50 ਫੀਸਦੀ ਲੋਕਾਂ ਨੇ ਪਾਇਆ, ਜਦਕਿ 10 ਸਿਖਰਲੇ ਅਮੀਰਾਂ ਦਾ ਸਿਰਫ 3 ਫੀਸਦੀ ਹਿੱਸਾ ਰਿਹਾ |
ਰਿਪੋਰਟ ਮੁਤਾਬਕ ਸਿਰਫ ਇਕ ਬਿਜ਼ਨੈੱਸਮੈਨ ਗੌਤਮ ਅਡਾਨੀ ਵੱਲੋਂ 2017-21 ਦੌਰਾਨ ਸ਼ੇਅਰਾਂ ਆਦਿ ਨਾਲ ਕਮਾਏ ਲਾਭ ‘ਤੇ ਇਕਮੁਸ਼ਤ ਟੈਕਸ ਲਾਉਣ ਨਾਲ 1.79 ਲੱਖ ਕਰੋੜ ਰੁਪਏ ਜੁਟਾਏ ਜਾ ਸਕਦੇ ਸਨ, ਜਿਹੜੇ ਇਕ ਸਾਲ ਲਈ 58 ਲੱਖ ਤੋਂ ਵੱਧ ਪ੍ਰਾਇਮਰੀ ਟੀਚਰਾਂ ਨੂੰ ਰੁਜ਼ਗਾਰ ਦੇਣ ਲਈ ਕਾਫੀ ਹੋਣੇ ਸਨ |
‘ਸਰਵਾਈਵਲ ਆਫ ਦੀ ਰਿਚੈੱਸਟ’ ਸਿਰਲੇਖ ਵਾਲੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੇ ਭਾਰਤ ਦੇ ਅਰਬਪਤੀਆਂ ਦੀ ਸੰਪਤੀ ‘ਤੇ ਦੋ ਫੀਸਦੀ ਦੀ ਦਰ ਨਾਲ ਇਕ ਵਾਰ ਟੈਕਸ ਲਾਇਆ ਜਾਂਦਾ ਹੈ ਤਾਂ ਇਸ ਨਾਲ ਦੇਸ਼ ਵਿਚ ਕੁਪੋਸ਼ਤ ਲੋਕਾਂ ਦੀ ਖੁਰਾਕ ਲਈ ਅਗਲੇ ਤਿੰਨ ਸਾਲ ਤੱਕ 40,423 ਕਰੋੜ ਰੁਪਏ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ | ਦੇਸ਼ ਦੇ 10 ਸਭ ਤੋਂ ਅਮੀਰਾਂ (1.37 ਲੱਖ ਕਰੋੜ ਦੇ ਮਾਲਕ) ਉੱਤੇ ਪੰਜ ਫੀਸਦੀ ਦਾ ਇਕਮੁਸ਼ਤ ਟੈਕਸ ਲਾਇਆ ਜਾਂਦਾ ਹੈ ਤਾਂ ਉਹ ਸਿਹਤ ਤੇ ਪਰਵਾਰ ਭਲਾਈ ਮੰਤਰਾਲੇ (86,200 ਕਰੋੜ) ਅਤੇ ਆਯੁਸ਼ ਮੰਤਰਾਲੇ (3,050 ਕਰੋੜ) ਦੇ 2022-23 ਦੇ ਅਨੁਮਾਨਤ ਬੱਜਟ ਤੋਂ ਡੇਢ ਗੁਣਾ ਵੱਧ ਹੋ ਜਾਵੇਗਾ |
ਮਹਿਲਾਵਾਂ ਤੇ ਮਰਦਾਂ ਵਿਚਾਲੇ ਨਾਬਰਾਬਰੀ ਸੰਬੰਧੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਹਿਲਾ ਮਜ਼ਦੂਰ ਨੂੰ ਮਰਦ ਮਜ਼ਦੂਰ ਨੂੰ ਮਿਲਦੇ ਇਕ ਰੁਪਏ ਦੇ ਮੁਕਾਬਲੇ 63 ਪੈਸੇ ਮਿਲਦੇ ਹਨ | ਅਨੁਸੂਚਿਤ ਜਾਤਾਂ ਤੇ ਪੇਂਡੂ ਮਜ਼ਦੂਰਾਂ ਵਿਚ ਫਰਕ ਹੋਰ ਵੀ ਵੱਧ ਹੈ | ਅਨੁਸੂਚਿਤ ਜਾਤਾਂ ਨੇ ਸਮਾਜੀ ਸਮੂਹਾਂ ਦੀ ਕਮਾਈ ਦਾ 55 ਫੀਸਦੀ ਕਮਾਇਆ ਅਤੇ ਬਾਅਦ ‘ਚ 2018-19 ਦਰਮਿਆਨ ਸ਼ਹਿਰੀ ਕਮਾਈ ਦਾ ਸਿਰਫ ਅੱਧਾ ਹਿੱਸਾ ਉਨ੍ਹਾਂ ਦੇ ਹਿੱਸੇ ਆਇਆ |
ਰਿਪੋਰਟ ਮੁਤਾਬਕ 2020 ਵਿਚ ਅਰਬਪਤੀਆਂ ਦੀ ਗਿਣਤੀ 102 ਤੋਂ ਵਧ ਕੇ 2022 ਵਿਚ 166 ਹੋ ਗਈ | ਭਾਰਤ ਦੇ 100 ਸਭ ਤੋਂ ਅਮੀਰਾਂ ਦੀ ਕੁਲ ਸੰਪਤੀ 660 ਅਰਬ ਡਾਲਰ (54.12 ਲੱਖ ਕਰੋੜ) ਤੱਕ ਪੁੱਜ ਗਈ ਸੀ |
ਆਕਸਫੈਮ ਇੰਡੀਆ ਦੇ ਸੀ ਈ ਓ ਅਮਿਤਾਭ ਬੇਹੜ ਨੇ ਕਿਹਾ ਹੈ ਕਿ ਦੇਸ਼ ਦੇ ਹਾਸ਼ੀਏ ‘ਤੇ ਪਏ ਦਲਿਤ, ਆਦਿਵਾਸੀ, ਮੁਸਲਮ, ਮਹਿਲਾਵਾਂ ਤੇ ਗੈਰ-ਜਥੇਬੰਦ ਖੇਤਰ ਦੇ ਮਜ਼ਦੂਰ ਇਕ ਅਜਿਹੇ ਸਿਸਟਮ ‘ਚ ਫਸੇ ਹੋਏ ਹਨ, ਜਿਸ ਵਿਚ ਸਿਰਫ ਅਮੀਰਾਂ ਦੀ ਬੱਲੇ-ਬੱਲੇ ਹੈ | ਗਰੀਬ ਵੱਧ ਟੈਕਸ ਦੇ ਰਹੇ ਹਨ ਅਤੇ ਅਮੀਰਾਂ ਦੀ ਤੁਲਨਾ ‘ਚ ਜ਼ਰੂਰੀ ਵਸਤਾਂ ਤੇ ਸੇਵਾਵਾਂ ‘ਤੇ ਵੱਧ ਖਰਚ ਰਹੇ ਹਨ | ਹੁਣ ਸਮਾਂ ਆ ਗਿਆ ਹੈ ਕਿ ਅਮੀਰਾਂ ‘ਤੇ ਟੈਕਸ ਲਾਇਆ ਜਾਵੇ ਤੇ ਯਕੀਨੀ ਬਣਾਇਆ ਜਾਵੇ ਕਿ ਉਹ ਵਾਜਬ ਹਿੱਸੇ ਦਾ ਭੁਗਤਾਨ ਕਰਨ | ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਪਤੀ ਤੇ ਵਿਰਾਸਤ ਟੈਕਸ ਵਰਗੇ ਪ੍ਰਗਤੀਸ਼ੀਲ ਟੈਕਸ ਉਪਾਵਾਂ ਨੂੰ ਲਾਗੂ ਕਰਨ, ਜਿਹੜੇ ਨਾਬਰਾਬਰੀ ਦੂਰ ਕਰਨ ‘ਚ ਇਤਿਹਾਸਕ ਰੂਪ ‘ਚ ਪ੍ਰਭਾਵੀ ਸਾਬਤ ਹੋ ਸਕਦੇ ਹਨ |

Related Articles

LEAVE A REPLY

Please enter your comment!
Please enter your name here

Latest Articles