ਚੰਡੀਗੜ੍ਹ (ਨ ਜ਼ ਸ)-ਭਾਰਤੀ ਕਮਿਊਨਿਸਟ ਪਾਰਟੀ ਨੇ ਆਪਣੀਆਂ ਸਾਰੀਆਂ ਇਕਾਈਆਂ ਨੂੰ ਸੱਦਾ ਦਿੱਤਾ ਹੈ ਕਿ 26 ਜਨਵਰੀ ਗਣਰਾਜ ਦਿਵਸ ਨੂੰ ਸੰਵਿਧਾਨ ਦੀ ਰਾਖੀ ਦਿਵਸ ਵਜੋਂ ਮਨਾਇਆ ਜਾਵੇ ਅਤੇ ਲੋਕਾਂ ਨੂੰ ਜਾਗਰਿਤ ਕੀਤਾ ਜਾਵੇ | ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਪਾਰਟੀ ਦੀ ਕੌਮੀ ਕੌਂਸਲ ਦੇ ਪਿਛਲੇ ਮਹੀਨੇ ਲਏ ਫੈਸਲੇ ਦੀ ਰੋਸ਼ਨੀ ਵਿੱਚ ਪਾਰਟੀ ਇਕਾਈਆਂ ਨੂੰ ਸੱਦਾ ਦਿੱਤਾ ਹੈ ਕਿ ਭਾਜਪਾ-ਆਰ ਐੱਸ ਐੱਸ ਜਿੱਥੇ ਡਾਕਟਰ ਅੰਬੇਡਕਰ ਦੀ ਅਗਵਾਈ ‘ਚ ਬਣੇ ਸੰਵਿਧਾਨ ਦੇ ਮੂਲ ਤੱਤਾਂ ਧਰਮ-ਨਿਰਪੱਖਤਾ, ਕਲਿਆਣਕਾਰੀ ਅਤੇ ਫੈਡਰਲ ਰਾਜ ਨੂੰ ਅਤੇ ਖੁਦ ਸੰਵਿਧਾਨ ਨੂੰ ਹੀ ਸਾਬੋਤਾਜ ਕਰਨ ‘ਤੇ ਤੁਲੀ ਹੋਈ ਹੈ, ਲੋਕਾਂ ਵਿੱਚ ਵੰਡੀਆਂ ਪਾ ਰਹੀ ਹੈ, ਉਸ ਨੂੰ ਆਮ ਲੋਕਾਂ ‘ਚ ਲਿਜਾ ਕੇ ਜਾਗਰਿਤ ਕੀਤਾ ਜਾਵੇ | 26 ਜਨਵਰੀ ਨੂੰ ਪਾਰਟੀ ਦਫਤਰਾਂ ਤੇ ਹੋਰ ਥਾਵਾਂ ‘ਤੇ ਕੌਮੀ ਝੰਡਾ ਲਹਿਰਾਇਆ ਜਾਵੇ, ਅਜ਼ਾਦੀ ਦੇ ਘੋਲ ਵਿੱਚ ਸੀ ਪੀ ਆਈ ਦੇ ਰੋਲ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਲੋਕਾਂ ਨੂੰ ਲਾਮਬੰਦ ਤੇ ਜਾਗਰੂਕ ਕੀਤਾ ਜਾਵੇ | ਉਨ੍ਹਾ ਅੱਗੇ ਕਿਹਾ ਕਿ 30 ਜਨਵਰੀ ਨੂੰ ਇੱਕ ਹਿੰਦੂ ਜਨੂੰਨੀ ਨੇ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਸੀ | ਉਸ ਦਿਨ ਨੂੰ ਸੰਭਵ ਲਾਮਬੰਦੀ ਕਰਕੇ ਧਰਮ-ਨਿਰਪੱਖਤਾ ਦਿਵਸ ਵਜੋਂ ਮਨਾਇਆ ਜਾਵੇ | ਗਾਂਧੀ ਜੀ ਨੇ ਅਜ਼ਾਦੀ ਘੋਲ ਵਿੱਚ ਤਾਂ ਰੋਲ ਨਿਭਾਇਆ ਹੀ, ਉਹ ਨਾਲ ਹੀ ਹਿੰਦੂ-ਮੁਸਲਿਮ ਏਕਤਾ ਦੇ ਮੁਦੱਈ ਵੀ ਸਨ | ਅੱਜ ਉਨ੍ਹਾ ਦੇ ਸੰਦੇਸ਼ ਦੀ ਖਾਸ ਕਰਕੇ ਜ਼ਰੂਰਤ ਹੈ |




