ਜਲੰਧਰ : ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ ਪੰਜਾਬੀ ਸੋਸ਼ਲ ਅਕੈਡਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਹਰ ਸਾਲ ਦਿੱਤਾ ਜਾਣ ਵਾਲਾ ਗਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ ਇਸ ਵਰ੍ਹੇ ਪ੍ਰਤੀਬੱਧ ਪੱਤਰਕਾਰੀ, ਸੰਜੀਦਾ ਟੈਲੀ ਵਾਰਤਾਕਾਰੀ, ਲੋਕ ਸਾਹਿਤਕਾਰੀ ਅਤੇ ਸਮਾਜਕ ਸਰੋਕਾਰਾਂ ਨਾਲ ਜੁੜੇ ਲੀਕ ਤੋਂ ਵੱਖਰੇ ਮੈਗਜ਼ੀਨ (ਹੁਣ) ਦੀ ਸੰਪਾਦਕੀ ਲਈ ਅਦਬੀ ਹਲਕਿਆਂ ਵਿਚ ਜਾਣੀ, ਪਹਿਚਾਣੀ ਅਤੇ ਗੁਣਵੰਤੀ ਦੁਸਾਂਝ ਜੋੜੀ ਨੂੰ ਦਿੱਤਾ ਜਾਏਗਾ | ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਨੇ ਗ੍ਰਹਿਸਤ ਜੀਵਨ ਦੀਆਂ ਜਹਿਮਤਾਂ, ਜੁੰਮੇਵਾਰੀਆਂ ਨਾਲ ਸਿੱਝਦਿਆਂ ਅਤੇ ਸੱਤਾ ਸਥਾਪਤੀ ਦੇ ਖਿਲਾਫ ਲੋਕ ਰੋਹ ਦੀ ਵੰਗਾਰ ਬਣਦਿਆਂ ਸਦਾ ਹੀ ਸਮੇਂ ਦੇ ਸੱਚ ਨੂੰ ਪੇਸ਼ ਕੀਤਾ ਹੈ | ਉਨ੍ਹਾਂ ਨੇ ਸਮਾਜਕ ਪ੍ਰਸਥਿਤੀਆਂ ਦਾ ਵਿਗਿਆਨਕ ਨਜ਼ਰੀਏ ਨਾਲ ਅਧਿਐਨ ਕਰਦਿਆਂ ਕਲਮ ਅਤੇ ਕਾਲਮ ਨੂੰ ਲੋਕ ਹਿੱਤਾਂ ਦੇ ਘੇਰੇ ਤੋਂ ਕਦੀ ਵੀ ਬਾਹਰਾ ਨਹੀਂ ਹੋਣ ਦਿੱਤਾ | ਜਿੱਥੇ ਸੁਸ਼ੀਲ ਦੁਸਾਂਝ ਨੇ ਸ਼ਾਇਰੀ ਸੰਪਾਦਕੀ ਅਤੇ ਪੱਤਰਕਾਰੀ ਦੇ ਖੇਤਰ ਆਪਣੇ ਦਾਇਤਵ ਨੂੰ ਨਿਭਾਉਂਦਿਆਂ ਸਦਾ ਹੀ ਨਜ਼ਰ-ਅੰਦਾਜ਼ ਹੋ ਰਹੀਆਂ ਧਿਰਾਂ ਅਤੇ ਜਾਗਦੇ ਸਿਰਾਂ ਦੀ ਪ੍ਰਤੀਨਿਧਤਾ ਕੀਤੀ ਹੈ, ਉੱਥੇ ਕਮਲ ਦੁਸਾਂਝ ਨੇ ਵੀ ਇਸੇ ਹੀ ਪੈੜ ਵਿੱਚ ਪੈਰ ਧਰਦਿਆਂ ਲੋਕ ਹਿਤੈਸ਼ੀ ਪੱਤਰਕਾਰੀ ਦੀ ਅਸਲ ਭੂਮਿਕਾ ਅਤੇ ਦਾਇਰੇ ਨੂੰ ਹੋਰ ਵੀ ਵਸੀਹ ਕੀਤਾ ਹੈ | ਇਪਸਾ ਇਸ ਜੋੜੀ ਦੇ ਸਮੁੱਚੇ ਕਾਰਜਾਂ ਦੀ ਸਨਦ ਅਤੇ ਸ਼ਲਾਘਾ ਕਰਦਿਆਂ ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਦੇ ਨਾਂਅ ਸਾਲ 2023 ਲਈ ਗਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰਾਂ ਲਈ ਨਾਮਜ਼ਦ ਕਰਦੀ ਹੋਈ ਬਹੁਤ ਮਾਣ ਮਹਿਸੂਸ ਕਰਦੀ ਹੈ | ਸਾਹਿਤ ਕਲਾ ਕੇਂਦਰ ਜਲੰਧਰ ਦੀ ਦੇਖ ਰੇਖ ਤਹਿਤ ਦਿੱਤਾ ਜਾਣ ਵਾਲਾ ਇਹ ਵੱਕਾਰੀ ਪੁਰਸਕਾਰ ਗਦਰੀ ਬਾਬਿਆਂ ਦੀ ਇਨਕਲਾਬੀ ਸੋਚ ਅਤੇ ਦੇਸ਼ ਪ੍ਰਤੀ ਕੁਰਬਾਨੀ ਦੀ ਅਡੋਲ ਭਾਵਨਾ ਨੂੰ ਸਮਰਪਤ ਹੈ | ਇਸ ਪੁਰਸਕਾਰ ਲਈ ਰੱਖੀ ਗਈ ਚੋਣ ਕਸੌਟੀ ਹੀ ਨਹੀਂ, ਇਸ ਦਾ ਨਾਂਅ ਵੀ ਇਸ ਦੀ ਹੋਰਨਾਂ ਪੁਰਸਕਾਰਾਂ ਦੀ ਕਤਾਰ ਵਿੱਚੋਂ ਅਲੱਗ ਹੋਂਦ ਨੂੰ ਤਸਦੀਕ ਕਰਦਾ ਹੈ | ਇਸ ਐਵਾਰਡ ਵਿਚ ਦੋਵਾਂ ਹਸਤੀਆਂ ਨੂੰ ਦੋ ਦੁਸ਼ਾਲੇ, ਦੋ ਸੋਵੀਨਾਰ ਅਤੇ 21-21 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ |
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਪੁਰਸਕਾਰ ਸਮਰੱਥ ਗਜ਼ਲਗੋ ਪ੍ਰੋ. ਜਸਪਾਲ ਘਈ, ਦੂਰਦਰਸ਼ਨ ਦੀ ਸਾਬਕਾ ਡਾਇਰੈਕਟਰ ਕੁਲਵਿੰਦਰ ਬੁੱਟਰ, ਨਾਮਵਰ ਆਲੋਚਕ ਅਤੇ ਚਿੰਤਕ ਡਾ. ਭੀਮਇੰਦਰ ਸਿੰਘ, ਗੁਰਮਤਿ ਸੰਗੀਤ ਮਾਹਰ ਡਾ. ਨਿਵੇਦਿਤਾ ਸਿੰਘ ਨੂੰ ਦਿੱਤਾ ਜਾ ਚੁੱਕਾ ਹੈ | ਇਹ ਸਨਮਾਨ ਸਮਾਰੋਹ ਮਿਤੀ 29 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਆਯੋਜਿਤ ਹੋਵੇਗਾ |


