ਗੁਜਰਾਤ ਦੰਗਿਆਂ ‘ਤੇ ਬਣੀ ਬੀ ਬੀ ਸੀ ਦੀ ਡਾਕੂਮੈਂਟਰੀ ਨੂੰ ਸਰਕਾਰ ਨੇ ਕਿਹਾ ‘ਭੰਡੀ ਪ੍ਰਚਾਰ’

0
238

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਗੁਜਰਾਤ ਦੰਗਿਆਂ ਲਈ ਜ਼ਿੰਮੇਵਾਰ ਦੱਸਣ ਵਾਲੇ ਬੀ ਬੀ ਸੀ ਦੀ ਡਾਕੂਮੈਂਟਰੀ ‘ਤੇ ਪੈਦਾ ਹੋਏ ਵਿਵਾਦ ਵਿਚਾਲੇ ਭਾਰਤ ਨੇ ਇਸ ਨੂੰ ‘ਭੰਡੀ ਪ੍ਰਚਾਰ ਦਾ ਇੱਕ ਹਿੱਸਾ’ ਕਰਾਰ ਦਿੰਦੇ ਹੋਏ ਸਿਰੇ ਤੋਂ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਇਸ ‘ਚ ਨਿਰਪੱਖਤਾ ਦੀ ਕਮੀ ਅਤੇ ਬਸਤੀਵਾਦੀ ਮਾਨਸਿਕਤਾ ਸਪੱਸ਼ਟ ਰੂਪ ‘ਚ ਝਲਕਦੀ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਬੀ ਬੀ ਸੀ ਦੀ ਇਸ ਡਾਕੂਮੈਂਟਰੀ ‘ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਇੱਕ ‘ਗਲਤ ਵਖਿਆਨ’ ਤੋਂ ਇਲਾਵਾ ਕੁਝ ਨਹੀਂ ਹੈ | ਬਾਗਚੀ ਨੇ ਕਿਹਾ, ‘ਇਹ ਸਾਨੂੰ ਇਸ ਕਵਾਇਦ ਦੇ ਉਦੇਸ਼ ਅਤੇ ਇਸ ਪਿਛਲੇ ਦੇ ਏਜੰਡੇ ਬਾਰੇ ਚੋਣ ਕਰਨ ਲਈ ਮਜਬੂਰ ਕਰਦਾ ਹੈ | ਉਨ੍ਹਾ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਮਹੱਤਵ ਨਹੀਂ ਦਿੰਦੀ |
ਜ਼ਿਕਰਯੋਗ ਹੈ ਕਿ ਬੀ ਬੀ ਸੀ ਨੇ ‘ਇੰਡੀਆ : ਦਿ ਮੋਦੀ ਕੁਵੈਸਚਨ’ ਦੇ ਸਿਰਲੇਖ ਹੇਠ ਦੋ ਕਿਸ਼ਤਾਂ ‘ਚ ਇੱਕ ਸੀਰੀਜ਼ ਬਣਾਈ ਹੈ | ਇਹ ਸੀਰੀਜ਼ ਗੁਜਰਾਤ ‘ਚ 2002 ‘ਚ ਹੋਏ ਦੰਗਿਆਂ ‘ਤੇ ਅਧਾਰਤ ਹੈ, ਜਦ ਨਰੇਂਦਰ ਮੋਦੀ ਸੂਬੇ ਦੇ ਮੁੱਖ ਮੰਤਰੀ ਸਨ | ਇਸ ‘ਚ ਦੱਸਿਆ ਗਿਆ ਕਿ ਬਿ੍ਟੇਨ ਸਰਕਾਰ ਵੱਲੋਂ ਕਰਵਾਈ ਗਈ ਗੁਜਰਾਤ ਦੰਗਿਆਂ ਦੀ ਜਾਂਚ ‘ਚ ਨਰੇਂਦਰ ਮੋਦੀ ਨੂੰ ਸਿੱਧੇ ਤੌਰ ‘ਤੇ ਹਿੰਸਾ ਲਈ ਜ਼ਿੰਮੇਵਾਰ ਪਾਇਆ ਗਿਆ ਸੀ |
ਬੀ ਬੀ ਸੀ ‘ਤੇ ਬਿ੍ਟੇਨ ‘ਚ ਪ੍ਰਸਾਰਤ ਹੋਈ ਇੱਕ ਨਵੀਂ ਸੀਰੀਜ਼ ਦੇ ਪਹਿਲੇ ਭਾਗ ‘ਚ ਬਿ੍ਟੇਨ ਸਰਕਾਰ ਦੀ ਇੱਕ ਰਿਪੋਰਟ, ਜਿਸ ਨੂੰ ਪਹਿਲਾ ਰੱਦ ਕਰ ਦਿੱਤਾ ਗਿਆ ਸੀ, ਜੋ ਹੁਣ ਤੱਕ ਨਾ ਕਦੇ ਪ੍ਰਕਾਸ਼ਤ ਹੋਈ ਅਤੇ ਨਾ ਸਾਹਮਣੇ ਆਈ, ਨੂੰ ਵਿਸਥਾਰ ਨਾਲ ਦਿਖਾਇਆ ਗਿਆ ਹੈ | ਡਾਕੂਮੈਂਟਰੀ ‘ਚ ਰਿਪੋਰਟ ਦੀਆਂ ਤਸਵੀਰਾਂ ਦੀ ਇੱਕ ਸੀਰੀਜ਼ ਹੈ | ਇੱਕ ਬਿਆਨ ‘ਚ ਜਾਂਚ ਰਿਪੋਰਟ ਕਹਿੰਦੀ ਹੈ ਕਿ ਨਰੇਂਦਰ ਮੋਦੀ ਇਹਨਾਂ ਦੰਗਿਆਂ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ | ਇਹ ਘਟਨਾਵਾਂ ਦੀ ਸੀਰੀਜ਼ ‘ਹਿੰਸਾ ਯੋਜਨਾਬੱਧ ਮੁਹਿੰਮ’ ਦੇ ਰੂਪ ‘ਚ ਪੇਸ਼ ਕਰਦੀ ਹੈ, ਜਿਸ ‘ਚ ਨਸਲੀ ਸਫਾਏ ਦੇ ਸਾਰੇ ਸੰਕੇਤ ਸ਼ਾਮਲ ਹਨ |
ਡਾਕੂਮੈਂਟਰੀ ‘ਚ ਦੰਗਿਆਂ ਬਾਰੇ ਬਿ੍ਟੇਨ ਦੇ ਸਾਬਕਾ ਵਿਦੇਸ਼ ਮੰਤਰੀ ਜੈਕ ਸਟ੍ਰਾ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ‘ਤੇ ਬਾਗਚੀ ਨੇ ਕਿਹਾ—ਇਸ ਤਰ੍ਹਾਂ ਲੱਗਦਾ ਹੈ ਕਿ ਉਹ (ਸਟ੍ਰਾ) ਬਿ੍ਟਿਸ਼ ਸਰਕਾਰ ਦੀ ਕਿਸੇ ਅੰਦਰੂਨੀ ਰਿਪੋਰਟ ਦਾ ਜ਼ਿਕਰ ਕਰ ਰਹੇ ਸਨ ਅਤੇ ਇਹ 20 ਸਾਲ ਪੁਰਾਣੀ ਰਿਪੋਰਟ ਹੈ ਅਤੇ ਇਸ ਤੱਕ ਸਾਡੀ ਪਹੁੰਚ ਕਿਸ ਤਰ੍ਹਾਂ ਹੋ ਸਕਦੀ ਹੈ | ਬੁਲਾਰੇ ਨੇ ਕਿਹਾ ਕਿ ਕੇਵਲ ਜੈਕ ਸਟ੍ਰਾ ਨੇ ਇਹ ਗੱਲ ਦੱਸੀ, ਇਸ ਨੂੰ ਕਿਸ ਤਰ੍ਹਾਂ ਸਹੀ ਮੰਨਿਆ ਜਾ ਸਕਦਾ ਹੈ | ਉਨ੍ਹਾ ਕਿਹਾ—ਮੈਂ ਜਾਂਚ ਵਰਗੇ ਕੁਝ ਸ਼ਬਦ ਸੁਣੇ, ਇਸ ਲਈ ਇਸ ਨੂੰ ਲੈ ਕੇ ‘ਬਸਤੀਵਾਦੀ ਮਾਨਸਿਕਤਾ’ ਸ਼ਬਦ ਦਾ ਇਸਤੇਮਾਲ ਕਰ ਰਿਹਾ ਹਾਂ | ਉਨ੍ਹਾ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਜਾਂਚ? ਉਹ ਦੇਸ਼ ‘ਤੇ ਸ਼ਾਸਨ ਕਰ ਰਹੇ ਸਨ | ਮੈਂ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ |
ਉਨ੍ਹਾ ਕਿਹਾ ਕਿ ਇਸ ਡਾਕੂਮੈਂਟਰੀ ਦਾ ਪ੍ਰਸਾਰਨ ਭਾਰਤ ‘ਚ ਨਹੀਂ ਹੋਵੇਗਾ | ਬਿ੍ਟਿਸ਼ ਨਾਗਰਿਕਾਂ ਦੀ ਮੌਤ ਦੇ ਦਾਅਵਿਆਂ ਦੇ ਸਵਾਲ ‘ਤੇ ਉਨ੍ਹਾ ਕਿਹਾ ਕਿ ਜੇਕਰ ਇਸ ਤਰ੍ਹਾਂ ਹੋਇਆ ਹੋਵੇਗਾ, ਉਦੋਂ ਭਾਰਤ ‘ਚ ਕਾਨੂੰਨ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੋਵੇਗਾ | ਰਿਪੋਰਟ ‘ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਨਾਲ ਸੰਬੰਧਤ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐੱਚ ਪੀ) ਦਾ ਵੀ ਜ਼ਿਕਰ ਕੀਤਾ ਗਿਆ ਹੈ | ਸਾਬਕਾ ਡਿਪਲੋਮੈਟ ਨੇ ਕਿਹਾ, ‘ਹਿੰਸਾ ਇੱਕ ਕੱਟੜ ਹਿੰਦੂ ਰਾਸ਼ਟਰਵਾਦੀ ਸਮੂਹ ਵੀ ਐੱਚ ਪੀ ਦੁਆਰਾ ਵਿਆਪਕ ਤੌਰ ‘ਤੇ ਆਯੋਜਿਤ ਕੀਤੀ ਗਈ ਸੀ |’ ਰਿਪੋਰਟ ਕਹਿੰਦੀ ਹੈ ਕਿ ਵੀ ਐੱਚ ਪੀ ਅਤੇ ਉਸ ਦੇ ਸਹਿਯੋਗੀ ਸੂਬਾ ਸਰਕਾਰ ਵੱਲੋਂ ਬਣਾਏ ਗਏ ਦੰਗਾਈ ਮਾਹੌਲ ਤੋਂ ਬਿਨਾਂ ਏਨਾ ਨੁਕਸਾਨ ਨਹੀਂ ਕਰ ਸਕਦੇ ਸਨ | ਡਾਕੂਮੈਂਟਰੀ ‘ਚ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਦੰਗਾਈਆਂ ਨੇ ਹਿੰਸਾ ਲਈ ਮਾਹੌਲ ਤਿਆਰ ਕੀਤਾ | ਬੀ ਬੀ ਸੀ ਨੇ 17 ਜਨਵਰੀ ਨੂੰ ‘ਦਿ ਮੋਦੀ ਕੁਵੈਸਚਨ’ ਡਾਕੂਮੈਂਟਰੀ ਦਾ ਪਹਿਲਾ ਭਾਗ ਯੂਟਿਊਬ ‘ਤੇ ਰਿਲੀਜ ਕੀਤਾ ਸੀ | ਦੂਜਾ ਭਾਗ 24 ਜਨਵਰੀ ਨੂੰ ਰਿਲੀਜ ਹੋਣਾ ਸੀ | ਇਸ ਤੋਂ ਪਹਿਲਾ ਹੀ ਕੇਂਦਰ ਸਰਕਾਰ ਨੇ ਪਹਿਲੇ ਭਾਗ ਨੂੰ ਯੂਟਿਊਬ ਤੋਂ ਹਟਾ ਦਿੱਤਾ | ਪਹਿਲੇ ਭਾਗ ਦੇ ਡਿਸਕ੍ਰਿਪਸ਼ਨ ‘ਚ ਲਿਖਿਆ ਸੀ ਕਿ ਇਹ ਡਾਕੂਮੈਂਟਰੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੁਸਲਿਮ ਘੱਟ ਗਿਣਤੀਆਂ ਵਿਚਾਲੇ ਤਣਾਅ ‘ਤੇ ਨਜ਼ਰ ਮਾਰਦੀ ਹੈ | ਗੁਜਰਾਤ ‘ਚ 2002 ‘ਚ ਹੋਏ ਦੰਗਿਆਂ ਵਿੱਚ ਨਰੇਂਦਰ ਮੋਦੀ ਦੀ ਭੂਮਿਕਾ ਦੇ ਦਾਅਵਿਆ ਦੀ ਜਾਂਚ ਕਰਦੀ ਹੈ |

LEAVE A REPLY

Please enter your comment!
Please enter your name here