ਫਿਰਕੂ ਜ਼ਹਿਰ ਫੈਲਾਅ ਕੇ ਸੰਵਿਧਾਨ ਨੂੰ ਤੋੜਨ ਵਾਲੀਆਂ ਤਾਕਤਾਂ ਦੀ ਅਰਥੀ 30 ਨੂੰ ਜਾਵੇਗੀ ਫੂਕੀ : ਅਰਸ਼ੀ

0
229

ਮਾਨਸਾ (ਆਤਮਾ ਸਿੰਘ)
‘ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰ ਕੇ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆ ਉਡਾ ਕੇ ਫਿਰਕੂ ਜ਼ਹਿਰ ਉਗਲਣ ਵਾਲੀਆਂ ਤਾਕਤਾਂ ਭਾਈਚਾਰਕ ਸਾਂਝ ਨੂੰ ਖਤਮ ਕਰਨ ਲਈ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰੇ ਵੱਲ ਧੱਕ ਰਹੀਆ ਹਨ, ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਰ ਐੱਸ ਅੱੈਸ ਦੇ ਇਸ਼ਾਰਿਆਂ ‘ਤੇ ਕੰਮ ਕਰਦਿਆਂ ਧਰਮ, ਜਾਤੀ, ਰੰਗ, ਨਸਲ, ਖੇਤਰ ਅਤੇ ਭਾਸ਼ਾਵਾਦ ਦਾ ਸਹਾਰਾ ਲੈ ਕੇ ਮਨੁੱਖੀ ਕਦਰਾਂ-ਕੀਮਤਾਂ ਨੂੰ ਅਣਗੌਲਿਆ ਨਹੀਂ ਕੀਤਾ, ਸਗੋਂ ਮੁੱਢ ਤੋਂ ਨਕਾਰਿਆ ਹੈ |’ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਹਨਾ ਕਿਹਾ ਕਿ ਸੰਵਿਧਾਨਕ ਸੰਸਥਾਵਾਂ ਵਿੱਚ ਮੋਦੀ ਸਰਕਾਰ ਦੇ ਬੇਲੋੜੇ ਦਖਲ ਨੇ ਸੰਵਿਧਾਨ ਦੀਆਂ ਮੂਲ ਧਾਰਨਾਵਾ ਨੂੰ ਵਧੇਰੇ ਖਤਰੇ ਵੱਲ ਧੱਕਿਆ ਹੈ | ਸਾਥੀ ਅਰਸ਼ੀ ਨੇ ਸੰਵਿਧਾਨ ਨੂੰ ਖਤਰਾ ਦੱਸਦਿਆਂ ਕਿਹਾ ਕਿ ਫਿਰਕੂ ਜ਼ਹਿਰ ਦਾ ਸਹਾਰਾ ਲੈ ਦੇਸ਼ ਨੂੰ ਵੰਡਣ ਵਾਲੀ ਆਰ ਐੱਸ ਐੱਸ ਤੇ ਮੋਦੀ ਸਰਕਾਰ ਖਿਲਾਫ ਲੋਕ ਸ਼ਕਤੀ ਨੂੰ ਇੱਕ ਝੰਡੇ ਥੱਲੇ ਲਾਮਬੰਦ ਕਰ ਸੰਘਰਸ਼ ਲਈ ਪ੍ਰੇਰਤ ਕਰਨਾ ਸਮੇਂ ਦੀ ਮੁੱਖ ਲੋੜ ਦੱਸਿਆ | ਮੀਟਿੰਗ ਦੀ ਪ੍ਰਧਾਨਗੀ ਅਰਵਿੰਦਰ ਕੌਰ ਨੇ ਕੀਤੀ | ਇਸ ਮੌਕੇ 26 ਜਨਵਰੀ ਗਣਤੰਤਰ ਦਿਵਸ ਮੌਕੇ ਪਾਰਟੀ ਦਫਤਰਾਂ ‘ਤੇ ਰਾਸ਼ਟਰੀ ਝੰਡਾ ਚੜ੍ਹਾਉਣ, ਸੰਯੁਕਤ ਮੋਰਚੇ ਵੱਲੋ ਜੀਂਦ ਮਹਾਂਪੰਚਾਇਤ ਵਿੱਚ ਜ਼ਿਲ੍ਹੇ ਵਿੱਚੋਂ ਸਾਥੀਆਂ ਨੂੰ ਸ਼ਾਮਲ ਕਰਵਾਉਣ ਲਈ ਡਿਊਟੀਆਂ ਲਾਈਆਂ ਗਈਆਂ | 30 ਜਨਵਰੀ ਨੂੰ ਪਾਰਟੀ ਕਾਲ ‘ਤੇ ਫਿਰਕੂ ਤਾਕਤਾਂ ਦੀ ਮਾਨਸਾ ਅਤੇ ਬੁਢਲਾਡਾ ਵਿੱਚ ਅਰਥੀ ਫੂਕ ਕੇ ਸਦਭਾਵਨਾ ਦਾ ਸੁਨੇਹਾ ਦਿੱਤਾ ਜਾਵੇਗਾ | ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਕਿਸਾਨ ਅਤੇ ਮਜ਼ਦੂਰ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਚੱਲ ਰਹੇ ਅੰਦੋਲਨ ਵਿੱਚ ਪਾਰਟੀ ਪੂਰੀ ਸ਼ਕਤੀ ਝੋਕੇਗੀ | ਪਾਰਟੀ ਪ੍ਰੋਗਰਾਮ ਨੂੰ ਆਮ ਲੋਕਾਂ ਵਿੱਚ ਲੈ ਕੇ ਜਾਣ ਤੇ ਮਜ਼ਬੂਤ ਕਮਿਊਨਿਸਟ ਧਿਰ ਉਸਾਰਨ ਦਾ ਸੱਦਾ ਦਿੱਤਾ | ਮੀਟਿੰਗ ਮੌਕੇ ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਸੀਤਾ ਰਾਮ ਗੋਬਿੰਦਪੁਰਾ, ਦਲਜੀਤ ਸਿੰਘ, ਕਾਕਾ ਸਿੰਘ, ਮਲਕੀਤ ਮੰਦਰਾ, ਜਗਸੀਰ ਕੁਸ਼ਲਾ, ਮਨਜੀਤ ਗਾਮੀਵਾਲਾ, ਗੋਰਾ ਟਾਹਲੀਆਂ, ਜੱਗਾ ਸ਼ੇਰ ਖਾਂ ਵਾਲਾ, ਹਰਪਾਲ ਬੱਪੀਆਣਾ, ਸੁਖਰਾਜ ਜੋਗਾ ਤੇ ਹਰਜਿੰਦਰ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ |

LEAVE A REPLY

Please enter your comment!
Please enter your name here