ਨਵੀਂ ਦਿੱਲੀ : ਗੁਆਂਢੀ ਦੇਸ਼ ਪਾਕਿਸਤਾਨ ਆਪਣੇ ਇਤਿਹਾਸ ‘ਚ ਪਹਿਲੀ ਵਾਰ ਇੱਕ ਡਿਫਾਲਟਰ ਬਣਨ ਦੀ ਕਗਾਰ ‘ਤੇ ਹੈ | ਇਸ ਦੇ ਪਿੱਛੇ ਕਈ ਕਾਰਨ ਅਤੇ ਕਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ | ਪਾਕਿਸਤਾਨ ਦੀ ਖਸਤਾ ਹਾਲਤ ਹੁੰਦੀ ਜਾ ਰਹੀ ਹੈ | ਅਰਥ ਵਿਵਸਥਾ ਦੀ ਸਮੱਸਿਆ ਦੀ ਜੜ੍ਹ ਕਰਜ਼ ਨੀਤੀਆਂ ਰਹੀਆਂ ਹਨ, ਜੋ ਉਥੇ ਦੇ ਹੁਕਮਰਾਨਾਂ ਨੇ ਬਣਾਈਆਂ ਹਨ | ਇਸ ਦਾ ਨਤੀਜਾ ਇਹ ਹੋਇਆ ਕਿ ਪਿਛਲੇ ਸਿਰਫ਼ 22 ਸਾਲਾਂ ‘ਚ ਪਾਕਿਸਤਾਨ ਦਾ ਕੁਲ ਜਨਤਕ ਕਰਜ਼ 1500 ਫੀਸਦੀ ਵਧ ਗਿਆ ਹੈ | ਪਾਕਿਸਤਾਨੀ ਅਖ਼ਬਾਰ ‘ਦਿ ਐੱਕਸਪ੍ਰੈੱਸ ਟਿ੍ਬਿਊਨ’ ‘ਚ ਆਰਥਿਕਤਾ ਬਾਰੇ ਸੀਨੀਅਰ ਪੱਤਰਕਾਰ ਸ਼ਹਿਬਾਜ਼ ਰਾਣਾ ਨੇ ਪਾਕਿਸਤਾਨ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਦੀ ਆਰਥਕ ਸਥਿਤੀ ਦੀ ਸਮੀਖਿਆ ਰਿਪੋਰਟ ‘ਚ ਦੇਸ਼ ਦੇ ਹਾਲਾਤ ਦਾ ਜਿਕਰ ਕੀਤਾ ਹੈ ਅਤੇ ਦੱਸਿਆ ਹੈ ਕਿ 75 ਸਾਲਾਂ ਦੌਰਾਨ ਪਾਕਿਸਤਾਨ ਕਰਜ਼ ਦੇ ਜਾਲ ‘ਚ ਕਿਸ ਤਰ੍ਹਾਂ ਫਸਦਾ ਗਿਆ | ਰਾਣਾ ਨੇ ਲਿਖਿਆ ਹੈ ਕਿ ਪਾਕਿਸਤਾਨ ‘ਚ ਅੱਜ ਕਰਜ਼ ‘ਤੇ ਵਿਆਜ ਭੁਗਤਾਨ ਦੀ ਲਾਗਤ 4.8 ਟਿ੍ਲੀਅਨ ਰੁਪਏ ਹਨ, ਜੋ ਪਾਕਿਸਤਾਨ ਦੇ ਸੰਘੀ ਬਜਟ ਦਾ 50 ਫੀਸਦੀ ਹੈ | ਉਨ੍ਹਾ ਅਨੁਸਾਰ ਸਾਲ 2000 ਤੋਂ ਬਾਅਦ ਸਾਰੀਆਂ ਸਰਕਾਰਾਂ, ਚਾਹੇ ਉਹ ਫੌਜੀ ਤਾਨਾਸ਼ਾਹੀ, ਨਾਗਰਿਕ ਜਾਂ ਮਿਸ਼ਰਤ ਰਹੀ ਹੋਵੇ, ਨੇ ਆਪਣੇ ਸ਼ਾਸਨਕਾਲ ‘ਚ ਦੇਸ਼ ਦੇ ਜਨਤਕ ਕਰਜ਼ ਨੂੰ ਲਗਭਗ ਦੁੱਗਣਾ ਕਰ ਦਿੱਤਾ | ਰਾਣਾ ਨੇ ਲਿਖਿਆ ਹੈ ਕਿ 2000 ‘ਚ ਪਾਕਿਸਤਾਨ ਦਾ ਕੁਲ ਜਨਤਕ ਕਰਜ਼ 3.1 ਟਿ੍ਲੀਅਨ ਰੁਪਏ ਸੀ | ਵਿੱਤ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ 2008 ‘ਚ ਜਦ ਜਨਰਲ ਪਰਵੇਜ਼ ਮੁਸ਼ੱਰਫ ਦੀ ਤਾਨਾਸ਼ਾਹੀ ਸਮਾਪਤ ਹੋਈ ਤਾਂ ਉਦੋਂ ਪਾਕਿਸਤਾਨ ਦਾ ਕਰਜ਼ ਵਧ ਕੇ 6.1 ਟਿ੍ਲੀਅਨ ਰੁਪਏ ਹੋ ਗਿਆ | ਮਤਲਬ ਅੱਠ ਸਾਲਾਂ ‘ਚ ਕੁੱਲ ਕਰਜ਼ ‘ਚ 100 ਫੀਸਦੀ ਦਾ ਵਾਧਾ ਹੋਇਆ |
ਪਾਕਿਸਤਾਨੀ ਮੀਡੀਆ ਦਾ ਕਹਿਣਾ ਹੈ ਕਿ ਜੂਨ 2013 ਤੱਕ ਪਾਕਿਸਤਾਨ ਦਾ ਜਨਤਕ ਕਰਜ਼ ਵਧ ਕੇ 14.3 ਟਿ੍ਲੀਅਨ ਰੁਪਏ ਹੋ ਗਿਆ ਸੀ | ਇਸ ਦੌਰਾਨ ਦੇਸ਼ ‘ਤੇ ਪਾਕਿਸਤਾਨ ਪੀਪਲਜ਼ ਪਾਰਟੀ ਦਾ ਸ਼ਾਸਨ ਸੀ | ਪਹਿਲਾਂ ਚਾਰ ਸਾਲ ਯੂਸਫ ਰਜ਼ਾ ਗਿਲਾਨੀ ਪ੍ਰਧਾਨ ਮੰਤਰੀ ਸਨ, ਜਦਕਿ ਆਖਰ ਦੇ ਇੱਕ ਸਾਲ ਰਾਜਾ ਪਰਵੇਜ਼ ਅਸ਼ਰਫ ਪ੍ਰਧਾਨ ਮੰਤਰੀ ਸਨ | ਮਤਲਬ ਪੰਜ ਸਾਲ ਦੇ ਪੀ ਪੀ ਪੀ ਦੇ ਸ਼ਾਸਨਕਾਲ ‘ਚ ਕਰਜ਼ ‘ਚ 130 ਫੀਸਦੀ ਦਾ ਵਾਧਾ ਹੋਇਆ |
ਪੀ ਪੀ ਪੀ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ ਐੱਮ ਐੱਲ ਐੱਨ) ਦਾ ਸ਼ਾਸਨ ਆਇਆ | ਜੂਨ 2013 ਤੋਂ ਮਈ 2018 ਤੱਕ ਦੇ ਸ਼ਰੀਫ ਦੀ ਪਾਰਟੀ ਦੇ ਸ਼ਾਸਨਕਾਲ ‘ਚ ਜਨਤਕ ਕਰਜ਼ 76 ਫੀਸਦੀ ਤੋਂ ਵਧ ਕੇ 25 ਟਿ੍ਲੀਅਨ ਰੁਪਏ ਹੋ ਗਿਆ | ਇਸ ਦੌਰਾਨ ਨਵਾਜ ਸ਼ਰੀਫ, ਸ਼ਾਹਿਦ ਖਾਕਨ ਅੱਬਾਸੀ ਪ੍ਰਧਾਨ ਮੰਤਰੀ ਰਹੇ | ਇਸ ਤੋਂ ਬਾਅਦ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ ਏ ਇਨਸਾਫ (ਪੀ ਟੀ ਆਈ) ਦੀ ਸਰਕਾਰ ਆਈ | ਇਮਰਾਨ ਨੇ ਕਰਜ਼ ਦੇ ਬੋਝ ਨੂੰ 20 ਟਿ੍ਲੀਅਨ ਰੁਪਏ ਤੱਕ ਘੱਟ ਕਰਨ ਦੀ ਕਸਮ ਖਾਧੀ ਸੀ, ਪਰ 43 ਮਹੀਨਿਆਂ ਦੇ ਉਸ ਦੇ ਸ਼ਾਸਨਕਾਲ ਦੇ ਅੰਤ ‘ਚ ਕਰਜ਼ ‘ਚ 77 ਫੀਸਦੀ ਦਾ ਵਾਧਾ ਹੋਇਆ, ਮਤਲਬ 19.3 ਟਿ੍ਲੀਅਨ ਰੁਪਏ ਦੇ ਕਰਜ ਦੇ ਵਾਧੇ ਨਾਲ 44.3 ਟਿ੍ਲੀਅਨ ਰੁਪਏ ‘ਤੇ ਪਹੁੰਚ ਗਿਆ |
ਰਾਣਾ ਮੁਤਾਬਕ ਅੱਜ ਦੇ ਸਮੇਂ ਪਾਕਿਸਤਾਨ ਦਾ ਕੁੱਲ ਕਰਜ਼ ਅਤੇ ਦੇਣਦਾਰੀ 60 ਟਿ੍ਲੀਅਨ ਰੁਪਏ ਤੋਂ ਜ਼ਿਆਦਾ ਹੋ ਗਈ ਹੈ | ਦੇਸ਼ ਦੇ ਮਸ਼ਹੂਰ ਅਰਥ ਸ਼ਾਸਤਰੀ ਡਾ. ਕੈਸਰ ਬੰਗਾਲੀ ਅਤੇ ਮੇਹਨਾਜ਼ ਹਫੀਜ਼ ਅਨੁਸਾਰ ਸਾਲ 1960 ਤੋਂ 2014 ਤੱਕ 54 ਸਾਲ ਦੇ ਸਮੇਂ ‘ਚ ਵਿਸ਼ਵ ਬੈਂਕ ਨੇ ਪਾਕਿਸਤਾਨ ਨੂੰ ਕੁੱਲ 26.5 ਬਿਲੀਅਨ ਡਾਲਰ ਦੇ 310 ਕਰਜ਼ ਦਿੱਤੇ | ਇਨ੍ਹਾਂ ‘ਚੋਂ 45 ਫੀਸਦੀ ਪ੍ਰੋਜੈਕਟਾਂ ਤੇ ਵਿੱਤੀ ਪੋਸ਼ਣ ਲਈ ਸਨ ਅਤੇ 55 ਫੀਸਦੀ ਵੱਖ-ਵੱਖ ਪ੍ਰੋਗਰਾਮਾਂ ਲਈ |


