ਬਰਫ਼ਬਾਰੀ ਨੇ ਢਕ’ਤੇ ਪਹਾੜ

0
291

ਸ਼ਿਮਲਾ : ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਬਰਫਬਾਰੀ ਦਾ ਦੌਰ ਜਾਰੀ ਹੈ | ਬਰਫਬਾਰੀ ਸ਼ੁਰੂ ਹੋਣ ਦੇ ਨਾਲ ਹੀ ਸੈਲਾਨੀਆਂ ਦੀ ਵੱਡੀ ਗਿਣਤੀ ਬਰਫਬਾਰੀ ਦਾ ਆਨੰਦ ਲੈਣ ਪਹੁੰਚ ਰਹੀ ਹੈ | ਹਾਲਾਂਕਿ ਇਸ ਦੇ ਨਾਲ ਹੀ ਆਫਤ ਵੀ ਵਧ ਗਈ ਹੈ | ਸੜਕਾਂ ‘ਤੇ ਗੱਡੀਆਂ ਦੀ ਰਫ਼ਤਾਰ ਰੁਕ ਗਈ ਹੈ | ਬੀਤੇ ਕਈ ਦਿਨਾਂ ਤੋਂ ਪਹਾੜਾਂ ‘ਤੇ ਬਰਫਬਾਰੀ ਦਾ ਦੌਰ ਜਾਰੀ ਹੈ | ਬੀਤੇ ਲੰਮੇ ਸਮੇਂ ਤੋਂ ਸੂਬੇ ਡਰਾਈ ਚੱਲ ਰਹੇ ਸਨ, ਜਿਸ ਤੋਂ ਬਾਅਦ ਹੁਣ ਬਰਫਬਾਰੀ ਦਾ ਅਸਰ 26 ਜਨਵਰੀ ਤੱਕ ਦੇਖਣ ਨੂੰ ਮਿਲੇਗਾ | ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ ‘ਚ ਜ਼ਬਰਦਸਤ ਬਰਫਬਾਰੀ ਹੋ ਰਹੀ ਹੈ | ਮਨਾਲੀ, ਕੁੱਲੂ, ਰੋਹਤਾਂਗ ਅਤੇ ਕਈ ਇਲਾਕਿਆਂ ‘ਚ ਚਿੱਟੀ ਚਾਦਰ ਵਿਛ ਗਈ ਹੈ | ਲਗਾਤਾਰ ਬਰਫਬਾਰੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ | ਉਚਾਈ ਵਾਲੇ ਇਲਾਕਿਆਂ ਦੀਆਂ ਸੜਕਾਂ ‘ਤੇ ਆਵਾਜਾਈ ਬੰਦ ਹੋ ਗਈ ਹੈ | ਮਨਾਲੀ ਦੇ ਨੇੜਲੇ ਇਲਾਕਿਆਂ ‘ਚ ਸਥਿਤੀ ਗੰਭੀਰ ਹੈ |
ਪਹਾੜਾਂ ਦੀ ਰਾਣੀ ਸ਼ਿਮਲਾ ਸਮੇਤ ਕੁਫਰੀ, ਫਾਗੂ, ਨਾਰਕੰਡਾ, ਖੜਾ ਪੱਥਰ, ਚੌਪਾਲ ‘ਚ ਰੁਕ-ਰੁਕ ਬਰਫਬਾਰੀ ਹੋ ਰਹੀ ਹੈ | ਤਾਜ਼ਾ ਬਰਫਬਾਰੀ ਤੋਂ ਬਾਅਦ ਤਾਪਮਾਨ ‘ਚ ਵੀ ਗਿਰਾਵਟ ਆਈ ਹੈ | ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਬਣਿਆ ਹੋਇਆ ਹੈ | ਸ਼ਹਿਰ ‘ਚ ਪੂਰਾ ਦਿਨ ਹਲਕੀ ਬਰਫਬਾਰੀ ਹੁੰਦੀ ਰਹੀ | ਖਾਸ ਗੱਲ ਇਹ ਹੈ ਕਿ ਇਸ ਵਾਰ ਹਫ਼ਤੇ ਦੇ ਆਖਰੀ ਦਿਨ ਸੈਲਾਨੀਆਂ ਦੇ ਆਉਣ ਨਾਲ ਕਾਰੋਬਾਰ ਚੰਗਾ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ |
ਉਤਰਾਖੰਡ ‘ਚ ਵੀ ਬਰਫਬਾਰੀ ਦਾ ਦੌਰ ਜਾਰੀ ਹੈ, ਮਸ਼ਹੂਰ ਸੈਰ-ਸਪਾਟਾ ਸਥਾਨ ਔਲੀ ‘ਚ ਖੂਬ ਬਰਫਬਾਰੀ ਤੋਂ ਬਾਅਦ ਸੈਲਾਨੀਆਂ ‘ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਪਤਨੀਟਾਪ ‘ਚ ਤਾਜ਼ਾ ਬਰਫਬਾਰੀ ਹੋਈ ਅਤੇ ਸੈਲਾਨੀਆਂ ਨੇ ਖੁਸ਼ੀ ਮਨਾਈ | ਹਿਮਾਚਲ ‘ਚ ਸ਼ਨੀਵਾਰ ਬਰਫ ਦੇ ਤੋਦੇ ਡਿੱਗੇ | ਬਰਫਬਾਰੀ ਤੋਂ ਬਾਅਦ ਧੁੱਪ ਨਿਕਲਦੇ ਹੀ ਦੁਪਹਿਰ ਨੂੰ ਲਾਹੌਲ ਸਪਿਤੀ ‘ਚ ਪੀਰ ਪੰਜਾਲ ਦੀਆਂ ਪਹਾੜੀਆਂ ਤੋਂ ਠੇਲਾਂਗ ਦੇ ਪਿੰਡ ‘ਚ ਬਰਫ ਦੇ ਤੋਦੇ ਡਿੱਗੇ | ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਪਰ ਇਸ ‘ਚ ਕਿਸੇ ਤਰ੍ਹਾਂ ਦਾ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ | ਕੇਲਾਂਗ ਤੋਂ 11 ਕਿਲੋਮੀਟਰ ਦੂਰ ਚੰਦਰ ਭਾਗਾ ਨਦੀ ਦੇ ਠੀਕ ਉਪਰ ਪੀਰ ਪੰਜਾਲ ਦੀਆਂ ਪਹਾੜੀਆਂ ‘ਤੇ ਇਹ ਤੂਫਾਨ ਆਇਆ |

LEAVE A REPLY

Please enter your comment!
Please enter your name here