ਫਿਲੌਰ (ਨਿਰਮਲ)-ਫਿਲੌਰ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਦੇ ਗੁਰਮਿੰਦਰ ਸਿੰਘ ਗੈਰੀ ਨੇ ਅਮਰੀਕਾ ਦੇ ਸ਼ਹਿਰ ਮੈਨਟੀਕਾ ਵਿੱਚ ਮੇਅਰ ਬਣ ਕੇ ਪੰਜਾਬੀਆਂ ਦਾ ਨਾਂਅ ਰੋਸ਼ਨ ਕੀਤਾ ਹੈ | ਗੁਰਮਿੰਦਰ ਸਿੰਘ ਗੈਰੀ ਦੇ ਪਰਵਾਰਿਕ ਮੈਂਬਰਾਂ ਅਵਤਾਰ ਸਿੰਘ ਮਹਿਰੋਕ, ਜਸਵਿੰਦਰ ਸਿੰਘ ਸਰਪੰਚ ਸ਼ਾਹਪੁਰ, ਬਲਵੀਰ ਸਿੰਘ ਮਹਿਰੋਕ, ਸਤਨਾਮ ਸਿੰਘ ਮਹਿਰੋਕ, ਹਰਮਨਦੀਪ ਸਿੰਘ, ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਮਿੰਦਰ ਸਿੰਘ ਗੈਰੀ ਦੇ ਦਾਦਾ ਚਾਨਣ ਸਿੰਘ ਮਹਿਰੋਕ ਸੈਕਟਰੀ, ਜੋ ਇਲਾਕੇ ਵਿੱਚ ਇੱਕ ਮੰਨੀ ਸ਼ਖਸੀਅਤ ਸਨ | ਉਨ੍ਹਾ ਦੇ ਪਿਤਾ ਸੁੱਚਾ ਸਿੰਘ ਮਹਿਰੋਕ ਬਹੁਤ ਮਿਹਨਤੀ ਸਨ | ਗੁਰਮਿੰਦਰ ਸਿੰਘ ਛੋਟੀ ਉਮਰ ਵਿਚ ਹੀ ਅਮਰੀਕਾ ‘ਚ ਜਾ ਵਸੇ ਸਨ, ਜਿਨ੍ਹਾ ਅਮਰੀਕਾ ਵਿੱਚ ਜਾ ਕੇ ਸਖਤ ਮਿਹਨਤ ਕਰਕੇ ਅੱਜ ਇੱਕ ਵੱਖਰਾ ਮੁਕਾਮ ਹਾਸਲ ਕਰਕੇ ਮੇਅਰ ਬਣ ਕੇ ਪੰਜਾਬ ਅਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ | ਗੁਰਮਿੰਦਰ ਸਿੰਘ ਗੈਰੀ ਦੇ ਮੇਅਰ ਬਣਨ ਨਾਲ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪਿੰਡ ਵਾਸ਼ੀਆਂ ਨੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ |

