ਮੁੱਖ ਮੰਤਰੀ ਵੱਲੋਂ ‘ਸਕੂਲ ਆਫ ਐਮੀਨੈਂਸ’ ਦੀ ਸ਼ੁਰੂਆਤ

0
233

ਮੁਹਾਲੀ (ਗੁਰਜੀਤ ਬਿੱਲਾ)
ਸੂਬੇ ਵਿਚ ਆਹਲਾ ਦਰਜੇ ਦੀਆਂ ਸਹੂਲਤਾਂ ਵਾਲੇ ‘ਸਕੂਲ ਆਫ ਐਮੀਨੈਂਸ’ ਨੂੰ ਹੋਣਹਾਰ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਚਾਨਣ ਮੁਨਾਰਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਸਹੀ ਮਾਅਨਿਆਂ ਵਿਚ ਸਿੱਖਿਆ ਦੇ ਖੇਤਰ ਵਿਚ ਅੱਵਲ ਸੂਬਾ ਬਣੇਗਾ ਜਦਕਿ ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੂਬੇ ਨੂੰ ਫਰਜ਼ੀ ਅੰਕੜਿਆਂ ਰਾਹੀਂ ਮੋਹਰੀ ਹੋਣ ਦੇ ਝੂਠੇ ਦਾਅਵੇ ਕੀਤੇ ਜਾਂਦੇ ਸੀ | ਇੱਥੇ ‘ਸਕੂਲ ਆਫ ਐਮੀਨੈਂਸ’ ਦੀ ਸ਼ੁਰੂਆਤ ਕਰਨ ਮੌਕੇ ਪਿ੍ੰਸੀਪਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਖਾਤਬ ਹੁੰਦਿਆਂ ਆਖਿਆ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਸਰਕਾਰੀ ਸਕੂਲ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਸਨ ਪਰ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠੇ ਅੰਕੜੇ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ ਹੁਣ ਸਾਡੀ ਸਰਕਾਰ ਨੇ ਸੂਬੇ ਦੀ ਸਿੱਖਿਆ ਦਾ ਪੱਧਰ ਵਿਸ਼ਵ ਦੇ ਹਾਣ ਦਾ ਬਣਾਉਣ ਦਾ ਪ੍ਰਣ ਕੀਤਾ ਹੈ ਅਤੇ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਦਾ ਤਾਲੀਮ ਯਾਫਤਾ ਬੱਚਾ ਦੁਨੀਆ ਦੀਆਂ ਚੋਟੀ ਦੀਆਂ ਸੰਸਥਾਵਾਂ ਵਿਚ ਮੁਕਾਮ ਹਾਸਲ ਕਰੇਗਾ | ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾ ਕੇ ਉਨ੍ਹਾਂ ਵਿਚ ਵੱਡਾ ਵਿਸ਼ਵਾਸ਼ ਪ੍ਰਗਟ ਕੀਤਾ ਹੈ ਅਤੇ ਉਹ ਇਹ ਭਰੋਸਾ ਕਿਸੇ ਵੀ ਕੀਮਤ ਉਤੇ ਟੁੱਟਣ ਨਹੀਂ ਦੇਣਗੇ | ਸੂਬੇ ਦੇ 23 ਜ਼ਿਲਿ੍ਹਆਂ ਵਿੱਚ ਸਥਾਪਤ ਕੀਤੇ ਜਾ ਰਹੇ 117 ‘ਸਕੂਲ ਆਫ ਐਮੀਨੈਂਸ’ ਨੂੰ ਹੋਣਹਾਰ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੀਆਂ ਸੰਸਥਾਵਾਂ ਦੱਸਦਿਆਂ ਭਗਵੰਤ ਮਾਨ ਨੇ ਕਿਹਾ, Tਸਿੱਖਿਆ ਖੇਤਰ ਵਿਚ ਨਵਾਂ ਇਨਕਲਾਬ ਲੈ ਕੇ ਆਉਣ ਦਾ ਉਦੇਸ਼ ਹੋਣਹਾਰ ਅਤੇ ਕਾਬਲ ਵਿਦਿਆਰਥੀਆਂ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸੇਧ ਅਤੇ ਮੌਕਾ ਦੇਣਾ ਹੈ ਤਾਂ ਕਿ ਇਹ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਦੇਸ਼ ਦੇ ਬਾਕੀ ਬੱਚਿਆਂ ਨੂੰ ਪਛਾੜ ਕੇ ਚੰਗੇ ਰੈਂਕ ਹਾਸਲ ਕਰ ਸਕਣ | ਇਨ੍ਹਾਂ ਸਕੂਲਾਂ ਨੂੰ ਵਿਦਿਆਰਥੀਆਂ ਦੇ ਛੁਪੇ ਹੋਏ ਹੁਨਰ ਨੂੰ ਤਰਾਸ਼ਣ ਤੇ ਨਿਖਾਰਨ ਵਾਲੀਆਂ ਸੰਸਥਾਵਾਂ ਦੇ ਰੂਪ ਵਿਚ ਵਿਕਸਤ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀ ਆਪਣੇ ਮਨਪਸੰਦ ਕਿੱਤੇ ਦੀ ਚੋਣ ਕਰ ਸਕੇ |”
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਣ ਸਿੱਖਿਆ ਮਹਿਕਮੇ ਦੀ ਤਸਵੀਰ ਬਦਲ ਰਹੀ ਹੈ ਅਤੇ ਆਏ ਦਿਨ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ | ‘ਸਕੂਲ ਆਫ ਐਮੀਨੈਂਸ’ ਨੂੰ ਮੁੱਖ ਮੰਤਰੀ ਦਾ ਸੁਪਨਮਈ ਪ੍ਰਾਜੈਕਟ ਕਰਾਰ ਦਿੰਦੇ ਹੋਏ ਸਿੱਖਿਆ ਮੰਤਰੀ ਨੇ ਭਰੋਸੇ ਨਾਲ ਕਿਹਾ ਕਿ ਇਹ ਸਕੂਲ, ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਉਣਗੇ ਅਤੇ ਹੁਣ ਕੋਈ ਵੀ ਕਾਬਲ ਬੱਚਾ ਸਿੱਖਿਆ ਦੇ ਚੰਗੇ ਮੌਕਿਆਂ ਤੋਂ ਵਾਂਝਾ ਨਹੀਂ ਰਹੇਗਾ | ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਹਾਜਰ ਸਨ |

LEAVE A REPLY

Please enter your comment!
Please enter your name here