ਤਲਵੰਡੀ ਸਾਬੋ (ਜਗਦੀਪ ਗਿੱਲ)
ਬਠਿੰਡਾ ਪੁਲਸ ਵੱਲੋਂ ਇੱਕ ਛੋਟਾ ਜਾਪਦਾ, ਪਰ ਵੱਡੇ ਮਹੱਤਵ ਵਾਲਾ ਮੁਕੱਦਮਾ ਉਸ ਰਾਮਾ ਮੰਡੀ ਵਿਖੇ ਦਰਜ ਕੀਤੇ ਜਾਣ ਦੀ ਖਬਰ ਆਈ ਹੈ, ਜਿਸ ਰਾਮਾ ਮੰਡੀ ਵਿੱਚ ਲੱਗੇ ਇਕ ਵੱਡੇ ਤੇਲ ਸੋਧਕ ਕਾਰਖਾਨੇ ਦੇ ਚਲਦਿਆਂ ਉਥੇ ਲੰਮੇ ਸਮੇਂ ਤੋਂ ਸਿਆਸੀ ਅਸਰ-ਰਸੂਖ ਰੱਖਦੇ ਲੋਕਾਂ ਅਤੇ ਵੱਖ-ਵੱਖ ਰੰਗਾਂ ਦੇ ਪੁਲੀਟੀਕਲ ਲੀਡਰਾਂ ਵੱਲੋਂ ਕਥਿਤ ਗੁੰਡਾ ਟੈਕਸ ਉਗਰਾਹੇ ਜਾਣ ਦੀ ਚਰਚਾ ਚਲਦੀ ਆ ਰਹੀ ਹੈ | ਦਾਣੇ ਤੋਂ ਦੇਗ ਪਛਾਣੇ ਜਾਣ ਵਾਲੇ ਸਿਆਣਿਆਂ ਦੇ ਕਥਨ ਵਾਂਗ ਭਾਵੇਂ ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤਾ ਗਿਆ ਇਹ ਮੁਕੱਦਮਾ ਇੱਕ ਸਧਾਰਨ ਅਪਰਾਧਕ ਮੁਕੱਦਮਾ ਜਾਪਦਾ ਹੈ, ਪਰ ਸੁਚੇਤ ਲੋਕ ਇਸ ਨੂੰ ਕਿਸੇ ਫਿਲਮ ਤੋਂ ਪਹਿਲਾਂ ਵਾਲੇ ਉਸ ਟ੍ਰੇਲਰ ਵਜੋਂ ਵੇਖ ਰਹੇ ਹਨ, ਗੁੰਡਾ ਟੈਕਸ ਉਗਰਾਹੇ ਜਾਣ ਨੂੰ ਲੈ ਕੇ ਜਿਸ ਦੀ ਜਾਂਚ-ਪੜਤਾਲ ਦੀ ਚਰਚਾ ਪੰਜਾਬ ਦੇ ਵਿਜੀਲੈਂਸ ਵਿਭਾਗ ਵੱਲੋਂ ਪਿਛਲੇ ਦਿਨਾਂ ਤੋਂ ਮੀਡੀਆ ਹਲਕਿਆਂ ਵਿੱਚ ਕੀਤੀ ਜਾ ਰਹੀ ਹੈ | 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਰਨ ਭਾਵੇਂ ਹੋਰ ਵੀ ਕਈ ਰਹੇ ਹੋਣਗੇ, ਪ੍ਰੰਤੂ ਰਾਮਾ ਮੰਡੀ ਇਲਾਕੇ ਵਿਚੋਂ ਗੁੰਡਾ ਟੈਕਸ ਉਗਰਾਹੇ ਜਾਂਦੇ ਹੋਣ ਦੀ ਚੱਲ ਰਹੀ ਇਹ ਉਹ ਚਰਚਾ ਹੀ ਤਾਂ ਸੀ, ਜਿਸ ਦੇ ਚਲਦਿਆਂ ਬਠਿੰਡਾ ਜ਼ਿਲ੍ਹੇ ਦੀਆਂ ਕਈ ਸੀਟਾਂ ਉਪਰ ਇਸ ਚਰਚਾ ਦੇ ਪਏ ਪਰਛਾਵੇਂ ਕਾਰਨ ਪ੍ਰਰਸਥਿਤੀਆਂ ਬਦਲ ਗਏ ਹੋਣ ਦੀ ਸੰਭਾਵਨਾ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ | ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤੇ ਗਏ ਮੁਕੱਦਮੇ ਦੀ ਕਹਾਣੀ ਅਨੁਸਾਰ ਇਕ ਠੇਕੇਦਾਰ ਹਿੰਮਤ ਬਾਂਸਲ ਨੂੰ ਅਪ੍ਰੈਲ 2022 ਵਿੱਚ ਇਸ ਕਰਕੇ ਤਿੰਨ ਹਜ਼ਾਰ ਰੁਪਏ ਗੁੰਡਾ ਟੈਕਸ ਰਾਮਾ ਟਰੱਕ ਯੂਨੀਅਨ ਦੇ ਪ੍ਰਧਾਨ ਦੱਸੇ ਜਾਂਦੇ ਸੋਨੀ ਮਾਨ ਨੂੰ ਦੇਣਾ ਪਿਆ ਸੀ, ਕਿਉਂਕਿ ਉਸ ਨੇ ਓਥੇ ਚੱਲਦੇ ਆਪਣੇ ਇੱਕ ਉਸਾਰੀ ਦੇ ਕੰਮ ਲਈ ਰੇਤ ਦਾ ਇਕ ਟਰੱਕ ਬਾਹਰੋਂ ਮੰਗਵਾ ਲਿਆ ਸੀ |
ਚੇਤੇ ਰਹੇ ਕਿ ਵਿਜੀਲੈਂਸ ਦੇ ਬਠਿੰਡਾ ਵਿਭਾਗ ਵੱਲੋਂ ਕੀਤੀ ਗਈ ਲੰਮੀ ਜਾਂਚ-ਪੜਤਾਲ ਦੇ ਸਿੱਟੇ ਵਜੋਂ ਐੱਸ ਐੱਸ ਪੀ ਬਠਿੰਡਾ ਵੱਲੋਂ ਉਕਤ ਮੁਕੱਦਮਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਇਸ ਮਾਮਲੇ ਵਿੱਚ ਸੰਬੰਧਤ ਡੀ ਐੱਸ ਪੀ ਤਲਵੰਡੀ ਸਾਬੋ ਬੂਟਾ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਬਹੁਚਰਚਿਤ ਗੋਰਖਧੰਦੇ ਨਾਲ ਜੁੜੇ ਮੁਕੱਦਮੇ ਵਿੱਚ ਚਮਕੌਰ ਸਿੰਘ ਉਰਫ ਸੋਨੀ ਮਾਨ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਅੱਗੋਂ ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ |




