24.4 C
Jalandhar
Wednesday, April 24, 2024
spot_img

29 ਦੀ ਰੈਲੀ ‘ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ

ਪਟਿਆਲਾ : ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ 29 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲੇ੍ਹ ਸੰਗਰੂਰ ਸ਼ਹਿਰ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680, 22ਬੀ ਚੰਡੀਗੜ੍ਹ ਦੇ ਸੱਦੇ ‘ਤੇ ਪੰਜਾਬ ਦੇ ਸਮੁੱਚੇ ਕਰਮਚਾਰੀਆਂ, ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਸਮੇਤ ਪੰਜਾਬ ਦੇ ਅਰਧ ਸਰਕਾਰੀ ਕਰਮਚਾਰੀ ਅਤੇ ਸਕੀਮ ਵਰਕਰਾਂ ਦੀਆਂ ਮੰਗਾਂ ਦੀ ਸਰਕਾਰ ਵੱਲੋਂ ਅਣਦੇਖੀ ਕਰਨ ਦੇ ਖਿਲਾਫ ਲਾ-ਮਿਸਾਲ ਰੈਲੀ ਕੀਤੀ ਜਾ ਰਹੀ ਹੈ | ਪੰਜਾਬ ਦੇ ਸਮੁੱਚੇ ਕਰਮਚਾਰੀ ਵਰਗ ਵਿੱਚ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਕਾਰਪੋਰੇਟੀ ਨੀਤੀਆਂ ਤਹਿਤ ਕੀਤੇ ਜਾ ਰਹੇ ਆਰਥਕ ਸ਼ੋਸ਼ਣ ਅਤੇ ਹੋਰ ਅਨੇਕਾਂ ਮਸਲਿਆਂ ਨੂੰ ਲੈ ਕੇ ਭਾਰੀ ਰੋਸ ਅਤੇ ਗੁੱਸੇ ਦੀ ਲਹਿਰ ਹੈ | ਧਾਲੀਵਾਲ ਵੱਲੋਂ ਪੰਜਾਬ ਏਟਕ ਨਾਲ ਸੰਬੰਧਤ ਸਾਰੀਆਂ ਜਥੇਬੰਦੀਆਂ ਰੋਡਵੇਜ਼, ਬਿਜਲੀ, ਪੀ ਆਰ ਟੀ ਸੀ, ਪੈਨਸ਼ਨਰਜ਼, ਆਂਗਣਵਾੜੀ, ਆਸ਼ਾ ਵਰਕਰਜ਼ ਅਤੇ ਘੱਟੋ ਘੱਟ ਉਜਰਤਾਂ ਲੈਣ ਵਾਲੇ ਕਾਮੇ ਆਦਿ ਸਭ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ ਕਿਉਂਕਿ ਸਾਰੇ ਮਸਲੇ ਸਾਂਝੇ ਬਣ ਚੁੱਕੇ ਹਨ | ਵੱਡੀ ਲਾਮਬੰਦੀ ਅਤੇ ਵਿਆਪਕ ਰੋਹ ਦੇ ਜਲਵੇ ਤੋਂ ਬਿਨਾਂ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕਣੀ | ਜਿਸ ਤਰ੍ਹਾਂ ਇਸ ਸਰਕਾਰ ਨੇ ਵੀ 10 ਮਹੀਨੇ ਦੇ ਆਪਣੇ ਕਾਰਜਕਾਲ ਵਿੱਚ ਕਿਰਤੀ ਵਰਗ ਨੂੰ ਨਜ਼ਰਅੰਦਾਜ਼ ਕੀਤਾ ਹੈ ਉਸ ਤੋਂ ਉਸ ਦਾ ਸਰਮਾਏਦਾਰੀ ਪੱਖੀ ਅਤੇ ਮੁਲਾਜ਼ਮ ਮਜ਼ਦੂਰ ਵਿਰੋਧੀ ਚਿਹਰਾ ਬੇਪਰਦ ਹੋ ਚੁੱਕਾ ਹੈ | ਧਾਲੀਵਾਲ ਨੇ ਕਿਹਾ ਕਿ ਇਸ ਵਿਸ਼ਾਲ ਰੋਸ ਰੈਲੀ ਦੇ ਮੰਚ ਤੋਂ ਮੁੱਖ ਤੌਰ ‘ਤੇ ਚੁੱਕੀਆਂ ਜਾ ਰਹੀਆਂ ਮੰਗਾਂ ‘ਚ ਪੇ ਕਮਿਸ਼ਨ ਦੀ ਨੁਕਸਦਾਰ ਰਿਪੋਰਟ ਦੇ ਨੁਕਸਾਨ ਦੀ ਭਰਪਾਈ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ, ਨੁਕਸਦਾਰ ਜਾਣਬੁੱਝ ਕੇ ਕੀਤਾ ਨੋਟੀਫਿਕੇਸ਼ਨ, ਕੰਟਰੈਕਟ/ਆਊਟਸੋਰਸ ਅਤੇ ਹਰ ਕਿਸਮ ਦੇ ਕੱਚੇ ਵਰਕਰਾਂ ਨੂੰ ਰੈਗੂਲਰ ਕਰਨ ਤੋਂ ਇਨਕਾਰੀ ਹੋਣਾ, ਪਬਲਿਕ ਸੈਕਟਰ ਦੇ ਅਦਾਰਿਆਂ ਦੇ ਨਿੱਜੀਕਰਨ ਦੀਆਂ ਨੀਤੀਆਂ ਜਾਰੀ ਰੱਖਣਾ, ਘੱਟੋ ਘੱਟ ਉਜਰਤਾਂ 26000 ਰੁਪਏ ਪ੍ਰਤੀ ਮਹੀਨਾ ਕਰਨ ਲਈ ਕੋਈ ਕਦਮ ਨਾ ਚੁੱਕਣੇ, ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ, ਪਿਛਲੀ ਸਰਕਾਰ ਦਾ ਲਾਇਆ ਜਜ਼ੀਆ ਵਾਪਸ ਨਾ ਲੈਣਾ, ਆਂਗਣਵਾੜੀ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਨਾ ਕਰਨਾ ਆਦਿ ਅਤੇ ਅਨੇਕਾਂ ਹੋਰ ਮੁੱਦੇ ਹਨ ਜਿਨ੍ਹਾਂ ਨੂੰ ਸਰਕਾਰ ਨੇ ਅਣਗੌਲਿਆ ਕੀਤਾ ਹੋਇਆ ਹੈ | ਧਾਲੀਵਾਲ ਨੇ ਏਟਕ ਨਾਲ ਸੰਬੰਧਤ ਸਾਰੇ ਵਰਕਰਾਂ ਨੂੰ ਅਨਿਆਂ ਦੇ ਖਿਲਾਫ ਹੋ ਰਹੀ ਇਸ ਰੈਲੀ ਵਿੱਚ ਵਹੀਰਾਂ ਘੱਤ ਕੇ ਪੁੱਜਣ ਦੀ ਅਪੀਲ ਕੀਤੀ |

Related Articles

LEAVE A REPLY

Please enter your comment!
Please enter your name here

Latest Articles