ਜੰਮੂ ਕਸ਼ਮੀਰ : ਕਾਂਗਰਸ ਪਾਰਟੀ ਦੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ ‘ਚ ਜਾਰੀ ਹੈ | ਸ਼ੁੱਕਰਵਾਰ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੁੰਦੇ ਹੋਏ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਰਾਹੁਲ ਗਾਂਧੀ ਨਾਲ ਕਦਮ-ਦਰ-ਕਦਮ ਚੱਲਦੇ ਦਿਖੇ | ਦਿਲਚਸਪ ਗੱਲ ਇਹ ਹੈ ਕਿ ਉਮਰ ਅਬਦੁੱਲਾ ਨੇ ਰਾਹੁਲ ਵਾਂਗ ਚਿੱਟੀ ਟੀ-ਸਰਟ ਵੀ ਪਹਿਨੀ ਸੀ | ਜੰਮੂ ਕਸ਼ਮੀਰ ਦੇ ਕਾਜੀਗੁੰਡ ‘ਚ ਦਾਖਲ ਹੁੰਦੇ ਹੀ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਵੱਡੀ ਖਾਮੀ ਸਾਹਮਣੇ ਆਈ | ਇੱਥੇ ਰਾਹੁਲ ਦੇ ਸੁਰੱਖਿਆ ਘੇਰੇ ‘ਚ ਕਈ ਲੋਕ ਆ ਗਏ ਸਨ | ਇਸ ਤੋਂ ਬਾਅਦ ਪੁਲਸ ਰਾਹੁਲ ਗਾਂਧੀ ਅਤੇ ਉਮਰ ਅਬਦੁੱਲਾ ਨੂੰ ਗੱਡੀ ‘ਚ ਬਿਠਾ ਕੇ ਅਨੰਤਨਾਗ ਲੈ ਗਈ | ਅਨੰਤਨਾਗ ‘ਚ ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ, ਅੱਜ ਯਾਤਰਾ ਦੌਰਾਨ ਪੁਲਸ ਦੀ ਸੁਰੱਖਿਆ ਵਿਵਸਥਾ ਢਹਿ-ਢੇਰੀ ਹੋ ਗਈ | ਟਨਲ ਤੋਂ ਨਿਕਲਣ ਬਾਅਦ ਪੁਲਸ ਮੁਲਾਜ਼ਮ ਨਹੀਂ ਦਿਖਾਈ ਦਿੱਤੇ | ਮੇਰੇ ਸੁਰੱਖਿਆ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਹੋਰ ਨਹੀਂ ਚੱਲ ਸਕਦੇ | ਮੈਨੂੰ ਆਪਣੀ ਯਾਤਰਾ ਰੋਕਣੀ ਪਈ | ਰਾਹੁਲ ਨੇ ਕਿਹਾ, ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਤਾਂ ਹੀ ਅਸੀਂ ਯਾਤਰਾ ਕਰ ਸਕਦੇ | ਮੇਰੀ ਸੁਰੱਖਿਆ ‘ਚ ਲੱਗੇ ਲੋਕਾਂ ਦੀ ਸਲਾਹ ਨੂੰ ਦਰਕਿਨਾਰ ਕਰਨਾ ਮੇਰੇ ਲਈ ਮੁਸ਼ਕਲ ਸੀ | ਕਾਂਗਰਸੀ ਨੇਤਾ ਵੇਣੂਗੋਪਾਲ ਨੇ ਨਾਰਾਜ਼ਗੀ ਪ੍ਰਗਟਾਉਂਦੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ‘ਤੇ ਨਿਸ਼ਾਨਾ ਲਾਇਆ | ਵੇਣੂਗੋਪਾਲ ਨੇ ਸੁਰੱਖਿਆ ‘ਚ ਖਾਮੀ ਲਈ ਪੁਲਸ ਅਧਿਕਾਰੀਆਂ ਅਤੇ ਸੀ ਆਰ ਪੀ ਐੱਫ ਦੇ ਜਵਾਨਾਂ ਨੂੰ ਜ਼ਿੰਮੇਵਾਰ ਦੱਸਿਆ | ਉਨ੍ਹਾ ਕਿਹਾ ਕਿ ਪਿਛਲੇ 15 ਮਿੰਟਾਂ ‘ਚ ਯਾਤਰਾ ਦੇ ਨਾਲ ਕੋਈ ਵੀ ਸੁਰੱਖਿਆ ਅਧਿਕਾਰੀ ਨਹੀਂ ਸੀ, ਇਹ ਵੱਡੀ ਅਣਗਹਿਲੀ ਹੈ | ਰਾਹੁਲ ਅਤੇ ਹੋਰ ਵਰਕਰ ਬਿਨਾਂ ਸੁਰੱਖਿਆ ਦੇ ਯਾਤਰਾ ਅੱਗੇ ਨਹੀਂ ਲਿਜਾ ਸਕਦੇ | ਯਾਤਰਾ ਨੂੰ ਰੋਕਣ ਤੋਂ ਪਹਿਲਾਂ ਕਾਂਗਰਸ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ‘ਤੇ ਸੁਰੱਖਿਆ ‘ਚ ਕਮੀਆਂ ਅਤੇ ਭੀੜ ਦੇ ਕੁਪ੍ਰਬੰਧ ਦਾ ਦੋਸ਼ ਲਗਾਇਆ |





