24 C
Jalandhar
Thursday, September 19, 2024
spot_img

ਕਿਸਾਨ ਮੋਰਚੇ ਵੱਲੋਂ ਸੰਸਦ ਘੇਰਨ ਦਾ ਐਲਾਨ

ਜੀਂਦ (ਹਰਿਆਣਾ)
(ਭੁਪਿੰਦਰਜੀਤ ਮੌਲਵੀਵਾਲਾ)
ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਕਨੂੰਨਾਂ ਦੀ ਵਾਪਸੀ ਸਮੇਂ ਕਿਸਾਨ ਜਥੇਬੰਦੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ਅਤੇ ਦੇਸ਼ ਭਰ ਅੰਦਰ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਕਰਨ ਦੀ ਮੰਗ ਨੂੰ ਲੈ ਕੇ ਜੀਂਦ ਦੀ ਅਨਾਜ ਮੰਡੀ ਵਿੱਚ ਕੀਤੀ ਗਈ ਕਿਸਾਨ ਮਹਾਂ ਪੰਚਾਇਤ ਦੌਰਾਨ ਕਿਸਾਨ ਆਗੂ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਅਮਲੀ ਰੂਪ ਵਿਚ ਲਾਗੂ ਨਾ ਕਰਨ ਦੀ ਸੂਰਤ ਵਿੱਚ ਮੁੜ ਤੋਂ ਕਿਸਾਨ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਜ਼ੋਰਦਾਰ ਨਾਅਰਿਆਂ ਦੌਰਾਨ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀ ਕੇਂਦਰ ਸਰਕਾਰ ਨੂੰ ਉਖਾੜ ਦੇਣ ਦਾ ਐਲਾਨ ਕੀਤਾ ਹੈ | ਇਸ ਕਿਸਾਨ ਮਹਾਂਪੰਚਾਇਤ ਵਿਚ ਭਾਵੇਂ ਪੰਜਾਬ ਤੋਂ ਜਾਣ ਵਾਲੇ ਕਿਸਾਨਾਂ ਦੀ ਹਾਜ਼ਰੀ ਵੱਡੀ ਸੀ, ਪਰ ਉੱਤਰ ਭਾਰਤ ਦੇ ਬਾਕੀ ਰਾਜਾਂ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਪੁੱਜੇ ਹੋਏ ਸਨ |
ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੁੱਲ ਕੁਮਾਰ ਅਣਜਾਣ ਨੇ ਕਿਹਾ ਹੈ ਕਿ ਦੇਸ਼ ਦਾ ਕਿਸਾਨ ਪਿਛਲੇ ਸਾਢੇ ਸੱਤ ਦਹਾਕਿਆਂ ਤੋਂ ਆਪਣੀ ਹੱਡੀ ਉੱਤੇ ਕਬੱਡੀ ਖੇਡਦਾ ਹੋਇਆ ਨਾ ਸਿਰਫ ਦੇਸ਼ ਦੇ ਲੋਕਾਂ ਦਾ ਢਿੱਡ ਭਰ ਰਿਹਾ ਹੈ, ਸਗੋਂ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ, ਪਰ ਬਦਕਿਸਮਤੀ ਦੀ ਗੱਲ ਹੈ ਕਿ ਕਿਸਾਨਾਂ ਦੀ ਸਦਾ ਲੁੱਟ ਹੁੰਦੀ ਰਹੀ ਹੈ, ਉਨ੍ਹਾਂ ਕਿਹਾ ਕਿ ਲੜਾਈ ਫਸਲ ਘੱਟੋ-ਘੱਟ ਸਮਰਥਨ ਮੁੱਲ ਦੀ ਨਹੀਂ ਸਗੋਂ ਖੇਤੀ ਅਧਾਰਤ ਨਵਾਂ ਭਾਰਤ ਸਿਰਜਣ ਦੀ ਹੈ | ਦੇਸ਼ ਦੀ ਡੇਢ ਅਰਬ ਦੀ ਆਬਾਦੀ ਵਿੱਚ ਹਰ ਇੱਕ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ | ਖੇਤੀ ਅੱਸੀ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ | ਦਿੱਲੀ ਦੀਆਂ ਹੱਦਾਂ ਉੱਤੇ ਤੇਰਾਂ ਮਹੀਨਿਆਂ ਤੱਕ ਚੱਲੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਇਹ ਇੱਕ ਇਤਿਹਾਸਕ ਅੰਦੋਲਨ ਸੀ, ਅੰਦੋਲਨ ਨੂੰ ਅਰਾਮ ਮਿਲਿਆ ਸੀ, ਪਰ ਅੰਦੋਲਨ ਖਤਮ ਨਹੀਂ ਹੋਇਆ |
ਕਿਸਾਨ ਆਗੂ ਰਕੇਸ਼ ਕੁਮਾਰ ਟਿਕੈਤ ਨੇ ਸੱਦਾ ਦਿੱਤਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅੰਗੜਾਈਆਂ ਲੈ ਰਿਹਾ ਕਿਸਾਨ ਮਾਰਚ ਮਹੀਨੇ ਵਿੱਚ ਸੰਸਦ ਘੇਰਨ ਨੂੰ ਤਿਆਰ ਰਹੇ | ਉਹਨਾਂ ਵੱਲੋਂ ਦਿੱਤੇ ਇਸ ਸੱਦੇ ਦਾ ਪੰਡਾਲ ਵਿੱਚ ਹਾਜ਼ਰ ਲੋਕਾਂ ਨੇ ਹੱਥ ਖੜੇ ਕਰਕੇ ਸਮਰਥਨ ਕੀਤਾ | ਉਹਨਾਂ ਕਿਹਾ ਕਿ ਭਾਜਪਾ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਵਧਾਉਣ ਲਈ ਦੇਸ਼ ਨੂੰ ਧਰਮ, ਜਾਤ ਅਤੇ ਰੰਗ ਦੇ ਨਾਂਅ ‘ਤੇ ਵੰਡਣ ਦੀਆਂ ਚਾਲਾਂ ਚੱਲਦੀ ਰਹੀ ਹੈ ਅਤੇ ਅਜੋਕੀ ਸਿਆਸਤ ਲੋਕਾਂ ਨੂੰ ਵੋਟਾਂ ਦੀ ਮਸ਼ੀਨ ਸਮਝਦੀ ਹੈ, ਜਦੋਂ ਕਿ ਕਤਲ ਹੋਇਆ ਕਿਸਾਨ ਆਪਣੇ ਖੇਤਾਂ ਵਿੱਚ ਆਪਣੇ ਇਰਾਦਿਆਂ ਦੇ ਬੀਜ ਬੀਜ ਰਿਹਾ ਹੈ |
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮਹਾਂ ਪੰਚਾਇਤ ਨੇ ਕੇਂਦਰ ਅਤੇ ਇਸ ਦੀਆਂ ਏਜੰਸੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਖੇਰੂੰ-ਖੇਰੂੰ ਹੋ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ | ਕੇਂਦਰ ਦੀ ਹਕੂਮਤ ਕਿਸਾਨਾਂ ਨੂੰ ਵਿਰੋਧੀ ਸ਼ਕਤੀ ਵਜੋਂ ਦੇਖ ਰਹੀ ਹੈ | ਹਕੂਮਤਾਂ ਨੂੰ ਡਰ ਹੈ ਕਿ ਜਿੰਨਾ ਚਿਰ ਕਿਸਾਨ ਸ਼ਕਤੀ ਖੜ੍ਹੀ ਹੈ, ਓਨੀ ਦੇਰ ਤੱਕ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ | ਆਪਣੇ ਚਹੇਤਿਆਂ ਨੂੰ ਨਿੱਜੀ ਲਾਭ ਦੇਣਾ, ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਉਨ੍ਹਾਂ ਦਾ ਮਨਸੂਬਾ ਹੈ | ਕਿਸਾਨਾਂ ਨੂੰ ਆਪਣੀ ਜ਼ਮੀਨ ਬਚਾਉਣ ਲਈ ਡਟਣ ਦਾ ਸੱਦਾ ਉਨ੍ਹਾਂ ਦਿੰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਵੇਲੇ ਜੋ ਵਾਅਦੇ ਕੀਤੇ ਸੀ, ਕੇਂਦਰ ਉਸ ਉੱਤੇ ਅਮਲ ਕਰੇ, ਨਹੀਂ ਤਾਂ ਕਿਸਾਨ ਅੰਦੋਲਨ ਲਈ ਮੁੜ ਤਿਆਰ ਹਨ | ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਅਤੇ ਰਮਿੰਦਰ ਪਟਿਆਲਾ ਨੇ ਸੁਪਰੀਮ ਕੋਰਟ ਵੱਲੋਂ ਕੇਂਦਰੀ ਮੰਤਰੀ ਅਤੇ ਮਿਸਰਾ ਟੈਣੀ ਦੇ ਪੁੱਤਰ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ ਦੀ ਨਿਖੇਧੀ ਕਰਦਿਆਂ ਕਿਹਾ ਕਿ ਬੇਕਸੂਰ ਜੇਲ੍ਹਾਂ ਵਿੱਚ ਬੰਦ ਹਨ, ਅਮੀਰਾਂ ਦਾ ਪੱਖ ਪੂਰਦੇ ਹੋਏ ਗੁਨਾਹਗਾਰਾਂ ਨੂੰ ਜ਼ਮਾਨਤਾਂ ਦਿੱਤੀਆਂ ਜਾ ਰਹੀਆਂ ਹਨ | ਰੈਲੀ ਨੂੰ ਹੋਰਨਾਂ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਆਗੂ ਜੁਗਿੰਦਰ ਸਿੰਘ ਨੈਣ, ਸੁਖਦੇਵ ਸਿੰਘ ਜੰਮੂ, ਵਿਕਾਸ ਸੀਸਰ, ਕੁਲਦੀਪ ਢਾਂਡਾ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਕੁਲਵੰਤ ਸਿੰਘ ਮੌਲਵੀਵਾਲਾ, ਰਾਜਸਥਾਨ ਦੇ ਕਿਸਾਨ ਆਗੂ ਯੁੱਧਬੀਰ ਅਤੇ ਹਿਮਾਚਲ ਦੇ ਕਿਸਾਨ ਆਗੂ ਕਿ੍ਸ਼ਨ ਚੰਦ ਨੇ ਸੰਬੋਧਨ ਕੀਤਾ | ਅੱਜ ਦੀ ਇਸ ਮਹਾਂਪੰਚਾਇਤ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਬਲਦੇਵ ਸਿੰਘ ਨਿਹਾਲਗੜ੍ਹ, ਰਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਧਨੇਰ, ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਕਿਰਨਜੀਤ ਸਿੰਘ ਸੇਖੋਂ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਸਾਹਨੀ ਨੇ ਵੀ ਸੰਬੋਧਨ ਕੀਤਾ | ਉਥੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਲਖਬੀਰ ਸਿੰਘ ਨਿਜਾਮਪੁਰ, ਸੂਰਤ ਸਿੰਘ ਧਰਮਕੋਟ, ਕੁਲਵੰਤ ਸਿੰਘ ਮੌਲਵੀਵਾਲ, ਹਰਦੇਵ ਸਿੰਘ ਬਖਸ਼ੀਵਾਲਾ, ਰੂਪ ਸਿੰਘ ਢਿੱਲੋਂ, ਸੁਰਿੰਦਰ ਸਿੰਘ ਢੰਡੀਆਂ ਆਪਣੀ ਜਥੇਬੰਦੀ ਦੇ ਵੱਡੇ ਕਾਫਲਿਆਂ ਨਾਲ ਇਸ ਇਕੱਠ ਅੰਦਰ ਪਹੁੰਚੇ |

Related Articles

LEAVE A REPLY

Please enter your comment!
Please enter your name here

Latest Articles