ਨਵੀਂ ਦਿੱਲੀ : ਰਾਸ਼ਟਰਪਤੀ ਭਵਨ ‘ਚ ਮੁਗਲ ਗਾਰਡਨ ਦਾ ਨਾਂਅ ਹੁਣ ਬਦਲ ਗਿਆ ਹੈ | ਮੁਗਲ ਗਾਰਡਨ ਨੂੰ ਹੁਣ ਅੰਮਿ੍ਤ ਉਡਿਆਨ ਦੇ ਨਾਂਅ ਨਾਲ ਜਾਣਿਆ ਜਾਵੇਗਾ | ਅੰਮਿ੍ਤ ਮਹੋਤਸਵ ਤਹਿਤ ਗਾਰਡਨ ਦਾ ਨਾਂਅ ਬਦਲਿਆ ਗਿਆ ਹੈ | ਰਾਸ਼ਟਰਪਤੀ ਦੀ ਡਿਪਟੀ ਪ੍ਰੈੱਸ ਸਕੱਤਰ ਨਵਿਕਾ ਗੁਪਤਾ ਨੇ ਦੱਸਿਆ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ‘ਆਜ਼ਾਦੀ ਕਾ ਅੰਮਿ੍ਤ ਮਹੋਤਸਵ’ ਵਜੋਂ ਮਨਾਏ ਜਾਣ ਦੇ ਮੌਕੇ ‘ਤੇ ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਦੇ ਬਗੀਚਿਆਂ ਨੂੰ ‘ਅੰਮਿ੍ਤ ਉਡਿਆਨ’ ਦਾ ਸਾਂਝਾ ਨਾਂਅ ਦਿੱਤਾ ਹੈ | ਰਾਸ਼ਟਰਪਤੀ ਭਵਨ ਦਾ ਇਹ ਗਾਰਡਨ ਆਪਣੀ ਸੁੰਦਰਤਾ ਲਈ ਕਾਫ਼ੀ ਮਸ਼ਹੂਰ ਹੈ | ਹਰ ਸਾਲ ਇਸ ਨੂੰ ਦੇਖਣ ਲਈ ਲੱਖਾਂ ਸੈਲਾਨੀ ਆਉਂਦੇ ਹਨ | ਇਸ ਗਾਰਡਨ ‘ਚ 138 ਤਰ੍ਹਾਂ ਦੇ ਗੁਲਾਬ ਦੇ ਫੁੱਲ ਉਗਾਏ ਜਾਂਦੇ ਹਨ | ਇਸ ਗਾਰਡਨ ‘ਚ 10 ਹਜ਼ਾਰ ਤੋਂ ਜ਼ਿਆਦਾ ਟਿਊਲਿਪ ਫੁੱਲ ਵੀ ਹਨ | ਇਸ ਤੋਂ ਇਲਾਵਾ ਇੱਥੇ 5 ਹਜ਼ਾਰ ਮੌਸਮੀ ਫੁੱਲਾਂ ਦੀਆਂ ਕਿਸਮਾਂ ਵੀ ਹਨ |
ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਨੇ ਇਸ ਨੂੰ ਆਮ ਲੋਕਾਂ ਲਈ ਖੋਲ੍ਹੇ ਜਾਣ ਦੀ ਸ਼ੁਰੂਆਤ ਕੀਤੀ ਸੀ | ਅੰਮਿ੍ਤ ਉਡਿਆਨ 31 ਜਨਵਰੀ ਤੋਂ 26 ਮਾਰਚ ਤੱਕ ਆਮ ਲੋਕਾਂ ਲਈ ਖੁੱਲ੍ਹੇਗਾ |


