ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਆਗੂ ਅਤੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਮਾਨਸਾ ਮੰਡੀ ਪਹੁੰਚੇ | ਕੈਬਨਿਟ ਮੰਤਰੀ ਨੇ ਸਿੱਧੂ ਮੂਸੇਵਾਲਾ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਮਰਹੂਮ ਗਾਇਕ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ | ਇਸ ਸਮੇਂ ਉਨ੍ਹਾਂ ਦੇ ਨਾਲ ‘ਆਪ’ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕਾ ਨਰਿੰਦਰ ਕੌਰ ਭਰਾਜ, ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਬਲਕਾਰ ਸਿੱਧੂ ਵੀ ਅੰਤਿਮ ਅਰਦਾਸ ‘ਚ ਸ਼ਾਮਲ ਹੋਏ | ਡਾ. ਬਲਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜੇ ਸ਼ੋਕ ਸੰਦੇਸ਼ ਨੂੰ ਪਰਵਾਰ ਨਾਲ ਸਾਂਝਾ ਕੀਤਾ ਅਤੇ ਪੰਜਾਬ ਸਰਕਾਰ ਤਰਫ਼ੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ | ਕੈਬਨਿਟ ਮੰਤਰੀ ਨੇ ਕਿਹਾ, ‘ਸਿੱਧੂ ਮੂਸੇਵਾਲਾ ਦੇ ਚਲੇ ਜਾਣ ਨਾਲ ਪੰਜਾਬੀ ਗਾਇਕੀ ਅਤੇ ਸੱਭਿਆਚਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਦੀ ਹੱਤਿਆ ‘ਚ ਸ਼ਾਮਲ ਸਾਜ਼ਿਸ਼ਕਾਰਾਂ ਅਤੇ ਕਾਤਲਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ | ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਮਿਲੇਗੀ ਅਤੇ ਕਾਤਲ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ |’
ਮੁੱਖ ਮੰਤਰੀ ਦੀ ਤਰਫੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਪਰਵਾਰ ਨੂੰ ਸੋਗ ਸੰਦੇਸ਼ ਸੌਂਪਿਆ ਗਿਆ, ਜਿਸ ‘ਚ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨ ਗਾਇਕ ਦੀ ਦਿਲ ਦਹਿਲਾਉਣ ਵਾਲੀ ਅਤੇ ਬੇਵਕਤੀ ਮੌਤ ਨੇ ਪਰਵਾਰ ਦੇ ਮੈਂਬਰਾਂ ਅਤੇ ਦੁਨੀਆ ਭਰ ‘ਚ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੁੱਖ ਦੀ ਇਸ ਘੜੀ ‘ਚ ਪਰਵਾਰ ਨਾਲ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਸਮੁੱਚੀ ਸੂਬਾ ਸਰਕਾਰ ਸੰਗੀਤ ਜਗਤ ਦੇ ਹੀਰੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ, ਜਿਸ ਨੇ ਸੰਗੀਤ ਅਤੇ ਮਨੋਰੰਜਨ ਦੇ ਖੇਤਰ ਵਿਚ ਆਪਣੇ ਦਮ ਉਤੇ ਮੁਕਾਮ ਹਾਸਲ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਭਰ ਜਵਾਨੀ ਵਿਚ ਪੁੱਤ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਪਰਵਾਰ ਲਈ ਅਸਹਿ ਅਤੇ ਅਕਹਿ ਹੈ ਅਤੇ ਉਨ੍ਹਾਂ ਦੇ ਤੁਰ ਜਾਣ ਨਾਲ ਸੰਗੀਤ ਜਗਤ ‘ਚ ਅਜਿਹਾ ਖਲਾਅ ਪੈਦਾ ਹੋ ਗਿਆ, ਜਿਸ ਨੂੰ ਭਵਿੱਖ ‘ਚ ਪੂਰਨਾ ਬਹੁਤ ਮੁਸ਼ਕਲ ਹੈ | ਪਰਵਾਰਕ ਮੈਂਬਰਾਂ ਅਤੇ ਸਾਕ-ਸੰਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ |





