ਨਵੀਂ ਦਿੱਲੀ : ਭਾਰਤ ਦੀ ਤਜਰਬੇਕਾਰ ਬੱਲੇਬਾਜ ਮਿਤਾਲੀ ਰਾਜ ਨੇ ਕੌਮਾਂਤਰੀ ਕਿ੍ਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ | ਉਹ ਦੁਨੀਆ ਦੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਹਿਲਾ ਬੱਲੇਬਾਜ਼ ਹੈ, ਜਿਨ੍ਹਾ ਨੇ ਇੰਟਰਨੈਸ਼ਨਲ ਕ੍ਰਿਕਟ ‘ਚ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ | ਉਨ੍ਹਾ 232 ਇੱਕ ਦਿਨਾਂ ਮੈਚਾਂ ‘ਚ ਰਿਕਾਰਡ 7805 ਦੌੜਾਂ ਬਣਾ ਕੇ ਆਪਣੇ ਸ਼ਾਨਦਾਰ ਕਰੀਅਰ ਦਾ ਅੰਤ ਕੀਤਾ | ਉਸ ਨੇ 12 ਟੈਸਟ ਅਤੇ 89 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ | 39 ਸਾਲਾ ਇਹ ਖਿਡਾਰਨ ਟੀ-20 ਫਾਰਮੈਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੀ ਹੈ ਅਤੇ ਮਾਰਚ ਵਿੱਚ ਭਾਰਤ ਦੀ ਇਕ ਦਿਨਾਂ ਵਿਸ਼ਵ ਕੱਪ ਮੁਹਿੰਮ ਖਤਮ ਹੋਣ ਤੋਂ ਬਾਅਦ ਉਸ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਆਖਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ | ਉਨ੍ਹਾ ਕਿਹਾ, ਮੈਂ ਹੁਣ ਇੱਥੋਂ ਆਪਣੀ ਦੂਜੀ ਪਾਰੀ ਵੱਲ ਦੇਖ ਰਹੀ ਹਾਂ, ਜਿਸ ‘ਚ ਤੁਹਾਡੀਆਂ ਦੁਆਵਾਂ ਅਤੇ ਸਮਰਥਨ ਦੀ ਆਸ਼ਾ ਰਹੇਗੀ | ਉਨ੍ਹਾ ਕਿਹਾ, ਮੈਨੂੰ ਲੱਗਦਾ ਹੈ ਕਿ ਹੁਣ ਮੇਰੇ ਲਈ ਬੱਲੇ ਨੂੰ ਲਟਕਾਉਣ ਦਾ ਸਹੀ ਸਮਾਂ ਹੈ | ਕਈ ਨੌਜਵਾਨ ਖਿਡਾਰੀ ਹਨ, ਜੋ ਟੀਮ ਦੀ ਵਾਗਡੋਰ ਸੰਭਾਲਣ ਲਈ ਤਿਆਰ ਹਨ | ਭਾਰਤੀ ਕਿ੍ਕਟ ਦਾ ਭਵਿੱਖ ਸੁਨਹਿਰੀ ਹੈ | ਮਿਤਾਲੀ, ਜੋ ਭਾਰਤੀ ਵਨਡੇ ਟੀਮ ਦੀ ਕਪਤਾਨ ਸੀ, ਨੇ ਅੱਗੇ ਲਿਖਿਆ, Tਮੈਂ ਭਾਰਤੀ ਕਿ੍ਕਟ ਟੀਮ ਦੇ ਕਪਤਾਨ ਅਤੇ ਇੱਕ ਖਿਡਾਰੀ ਦੇ ਰੂਪ ਵਿੱਚ ਬੀਸੀਸੀਆਈ ਅਤੇ ਸਕੱਤਰ ਜੈ ਸਾਹ ਸਰ ਵੱਲੋਂ ਮਿਲੇ ਸਮਰਥਨ ਲਈ ਧੰਨਵਾਦੀ ਹਾਂ | ਇੰਨੇ ਸਾਲਾਂ ਤੱਕ ਟੀਮ ਦੀ ਕਪਤਾਨੀ ਕਰਨਾ ਸੱਚਮੁੱਚ ਹੀ ਮਾਣ ਵਾਲੀ ਗੱਲ ਹੈ | ਇਸ ਨੇ ਮੈਨੂੰ ਇੱਕ ਬਿਹਤਰ ਵਿਅਕਤੀ ਬਣਨ ਵਿੱਚ ਮਦਦ ਕੀਤੀ ਅਤੇ ਮੈਨੂੰ ਉਮੀਦ ਹੈ ਕਿ ਭਾਰਤੀ ਮਹਿਲਾ ਕਿ੍ਕਟ ਨੂੰ ਇਸ ਦਾ ਫਾਇਦਾ ਹੋਇਆ ਹੈ |”
ਆਪਣੇ 23 ਸਾਲ ਦੇ ਇੰਟਰਨੈਸ਼ਨਲ ਕੈਰੀਅਰ ‘ਚ ਮਿਤਾਲੀ ਨੇ 12 ਮਹਿਲਾ ਟੈਸਟ, 232 ਮਹਿਲਾ ਵਨਡੇ ਅਤੇ 89 ਮਹਿਲਾ ਟੀ20 ਮੈਚਾਂ ‘ਚ ਭਾਰਤ ਦੀ ਅਗਵਾਈ ਕੀਤੀ | ਉਨ੍ਹਾ ਕ੍ਰਿਕਟ ਦੇ ਤਿੰਨਾਂ ਫਾਰਮੈਟ ‘ਚ ਕੁੱਲ 10,868 ਦੌੜਾਂ ਬਣਾਈਆਂ, ਜਿਸ ‘ਚ 8 ਸੈਂਕੜੇ ਸ਼ਾਮਲ ਹਨ | ਮਿਤਾਲੀ ਨੇ ਵਨਡੇ ਕ੍ਰਿਕਟ ‘ਚ 8 ਵਿਕੇਟ ਵੀ ਆਪਣੇ ਨਾਂਅ ਕੀਤੇ |



