ਕਲਬੁਰਗੀ (ਕਰਨਾਟਕਾ)(ਗਿਆਨ ਸੈਦਪੁਰੀ)
ਡਾਕਟਰ ਅੰਬੇਡਕਰ ਸਾਹਿਬ ਦੇ ਕਮਿਊਨਿਸਟਾਂ ਪ੍ਰਤੀ ਨਜ਼ਰੀਏ ਨੂੰ ਮੁੜ ਵਿਚਾਰਨ, ਜਮਾਤ ਅਧਾਰਤ ਦਲਿਤ ਸੰਗਠਨ ਨੂੰ ਮਜ਼ਬੂਤ ਕਰਨ, ਦਲਿਤਾਂ ਅੰਦਰ ਆਪਸੀ ਭੰਬਲਭੂਸਾ ਖਤਮ ਕਰਨ, ਭਾਜਪਾ ਅਤੇ ਆਰ.ਐੱਸ.ਐੱਸ ਦੇ ਦਲਿਤਾਂ ਅੰਦਰ ਆਪਸੀ ਵਖਰੇਵਿਆਂ ਨੂੰ ਉਭਾਰਨ ਦੇ ਮਨਸੂਬਿਆਂ ਨੂੰ ਸਮਝ ਕੇ ਉਸ ਵਿਰੁੱਧ ਸੰਘਰਸ਼ ਨੂੰ ਤਿੱਖਾ ਕਰਨ ਅਤੇ ਹੋਰ ਬਹੁਤ ਸਾਰੇ ਸਵਾਲਾਂ ਨੂੰ ਮੁਖਾਤਬ ਹੁੰਦਿਆਂ ਇੱਥੇ ਚੱਲ ਰਹੀ ਆਲ ਇੰਡੀਆ ਦਲਿਤ ਰਾਈਟਸ ਮੂਵਮੈਂਟ ਦੀ ਕੌਮੀ ਕੌਂਸਲ ਦੀ ਬੈਠਕ ਵਿੱਚ ਇਸ ਦੇ ਜਨਰਲ ਸਕੱਤਰ ਕਾਮਰੇਡ ਵੀ.ਐੱਸ. ਨਿਰਮਲ ਵੱਲੋਂ ਪੇਸ਼ ਕੀਤੀ ਰਿਪੋਰਟ ਕੁਝ ਵਾਧਿਆਂ ਸਮੇਤ ਸਰਬ-ਸੰਮਤੀ ਨਾਲ ਪਾਸ ਕਰ ਦਿੱਤੀ ਗਈ | ਕਾਮਰੇਡ ਨਿਰਮਲ ਨੇ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਅੱਜ ਅਸੀਂ ਐਸੇ ਵਰਗ ਦੇ ਸੰਬੰਧੀ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਹੋਏ, ਜੋ ਸਦੀਆਂ ਤੋਂ ਸਮਾਜ ਦੇ ਹਾਸ਼ੀਏ ‘ਤੇ ਧੱਕਿਆ ਹੋਇਆ ਹੈ | ਭਾਰਤ ਵਿੱਚ ਸਦੀਆਂ ਤੋਂ ਇਹ ਵਰਗ ਸਮਾਜਿਕ ਬਾਈਕਾਟ ਅਤੇ ਸ਼ੋਸ਼ਣ ਦਾ ਸ਼ਿਕਾਰ ਹੈ | ਇਸ ਵਰਗ ਦੀ ਸਿੱਖਿਆ, ਆਰਥਿਕ ਅਤੇ ਸਮਾਜਿਕ ਸਥਿਤੀ ਦੇ ਵਿਸਥਾਰ-ਪੂਰਵਕ ਵਰਣਨ ਦੌਰਾਨ ਕਾਮਰੇਡ ਨਿਰਮਲ ਨੇ ਕਿਹਾ ਕਿ ਇਨ੍ਹਾਂ ਨੂੰ ਸਿੱਖਿਆ, ਧਨ, ਭੂਮੀ ਅਤੇ ਹੋਰ ਸਾਧਨਾਂ ਦੇ ਹਿੱਸੇ ਤੋਂ ਵੰਚਿਤ ਰੱਖਿਆ ਗਿਆ ਹੈ | ਭੂਮੀ ਸੁਧਾਰਾਂ ਦੇ ਸੰਬੰਧ ਵਿੱਚ ਉਨ੍ਹਾਂ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਭੂਮੀ ਦੀ ਸਮੱਸਿਆ ਹੱਲ ਕਰਨ ਲਈ ਜੇ.ਸੀ. ਕੁਮਾਰੱਪਨ ਦੀ ਅਗਵਾਈ ਵਿੱਚ ਇੱਕ ਕਮਿਸਨ ਨਿਯੁਕਤ ਕੀਤਾ ਗਿਆ, ਜਿਸ ਵਿੱਚ ਮੁਲਕ ਅੰਦਰ ਵਿਆਪਕ ਭੂਮੀ ਸੁਧਾਰਾਂ ਦੇ ਉਪਾਵਾਂ ਦੀ ਸਿਫਾਰਸ਼ ਸੀ | ਬਦਕਿਸਮਤੀ ਨਾਲ ਇਹ ਸਿਫਾਰਸ਼ਾਂ ਅੱਜ ਤੱਕ ਲਾਗੂ ਨਹੀਂ ਹੋ ਸਕੀਆਂ | ਇਨ੍ਹਾਂ ਸਿਫਾਰਸ਼ਾਂ ਨਾਲ ਸੂਬੇ ਦੇ ਹਰ ਪਰਵਾਰ ਕੋਲ ਸੀਲਿੰਗ ਤੋਂ ਵੱਧ ਜ਼ਮੀਨ ਦੀ ਪਛਾਣ ਕਰਕੇ ਸਰਕਾਰ ਨੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਸੀ | ਇਸ ਵਾਧੂ ਜ਼ਮੀਨ ਨੂੰ ਭੂਮੀਹੀਣ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਵਿੱਚ ਵੰਡਿਆ ਜਾਣਾ ਸੀ | ਸਰਕਾਰਾਂ ਦੀਆਂ ਬਦਨੀਤੀਆਂ ਕਾਰਨ ਇਹ ਕੰਮ ਸਿਰੇ ਨਹੀਂ ਚੜ੍ਹ ਸਕਿਆ |
ਕਾਮਰੇਡ ਨਿਰਮਲ ਨੇ ਕਿਹਾ ਕਿ ਮੀਟਿੰਗ ਵਾਲੀ ਥਾਂ (ਕਲਬੁਰਗੀ) ਇਤਿਹਾਸਕ ਮਹੱਤਵ ਰੱਖਦੀ ਹੈ | ਇੱਥੋਂ ਦਲਿਤਾਂ ਦੀ ਬਿਹਤਰੀ ਲਈ ਜਿਹੜੇ ਫੈਸਲੇ ਲਏ ਜਾਣਗੇ, ਉਹ ਇਤਿਹਾਸਕ ਸਥਾਨ ਹਾਸਲ ਕਰਨਗੇ |
ਇਸ ਤੋਂ ਪਹਿਲਾਂ ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਕੌਮੀ ਮੀਤ ਪ੍ਰਧਾਨ ਕਾਮਰੇਡ ਜਾਨਕੀ ਪਾਸਵਾਨ ਨੇ ਉਦਘਾਟਨੀ ਤਕਰੀਰ ਵਿੱਚ ਅੰਦੋਲਨ ਦੀਆਂ ਸਮੱਰਥਾਵਾਂ ਅਤੇ ਸੀਮਾਵਾਂ ਦੀ ਗੱਲ ਕਰਦਿਆਂ ਇਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਸਾਬਕਾ ਇੰਜੀਨੀਅਰ ਮਾਥੁਰੀ ਗੋਖਲੇ ਨੇ ਕੌਮੀ ਮੈਂਬਰਾਂ ਦਾ ਰਸਮੀ ਸਵਾਗਤ ਕਰਦਿਆਂ ਮਾਰਕਸਵਾਦ ਅਤੇ ਅੰਬੇਡਕਰਵਾਦ ਦੇ ਆਪਸੀ ਸੰਬੰਧਾਂ ਬਾਰੇ ਵੀ ਸੰਖੇਪ ਜਿਹੀ ਗੱਲ ਕੀਤੀ | ਉਨ੍ਹਾਂ ਮਾਰਕਸਵਾਦ ਦੀ ਵਡਿਆਈ ਕਰਦਿਆਂ ਕਿਹਾ ਕਿ ਇਹ ਵਿਸ਼ਾਲ ਫਿਲਾਸਫੀ ਹੈ | ਇਹ ਵੱਖ-ਵੱਖ ਮੁਲਕਾਂ ਦੀਆਂ ਆਰਥਿਕ, ਸਮਾਜਿਕ ਅਤੇ ਸਿਆਸੀ ਸਥਿਤੀਆਂ ਅਨੁਸਾਰ ਲਾਗੂ ਹੁੰਦੀ ਹੈ | ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਕਰਨਾਟਕਾ ਦੇ ਸਕੱਤਰ ਡਾਕਟਰ ਮਹੇਸ਼ ਕੁਮਾਰ ਨੇ ਕਲਬੁਰਗੀ ਸ਼ਹਿਰ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਬੈਠਕ ਦੀ ਰੂਪ-ਰੇਖਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ |
ਕਾਮਰੇਡ ਮਹਾਂਦੇਵ, ਕਾਮਰੇਡ ਸੂਰੀਆ ਕਾਂਤ ਪਾਸਵਾਨ ਵਿਧਾਇਕ (ਬਿਹਾਰ), ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਆਦਿ ਦੇ ਪ੍ਰਧਾਨਗੀ ਮੰਡਲ ਦੀ ਮੌਜੂਦਗੀ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ | ਏਟਕ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਪ੍ਰਭੂਦੇਵ ਨੇ ਭਰਾਤਰੀ ਵਧਾਈ ਸੰਦੇਸ਼ ਦਿੱਤਾ | ਇਸੇ ਤਰ੍ਹਾਂ ਕੁਲ ਹਿੰਦ ਕਿਸਾਨ ਸਭਾ ਕਰਨਾਟਕਾ ਦੇ ਕਾਰਜਕਾਰੀ ਪ੍ਰਧਾਨ ਕਾਮਰੇਡ ਔਲਾ ਬੱਲਾ ਨੇ ਵੀ ਅੰਦੋਲਨ ਦੇ ਆਗੂਆਂ ਨੂੰ ਵਧਾਈ ਦਿੱਤੀ | ਖਬਰ ਲਿਖੇ ਜਾਣ ਵੇਲੇ ਤੱਕ ਪੇਸ਼ ਕੀਤੀ ਗਈ ਰਿਪੋਰਟ ‘ਤੇ ਬਹਿਸ ਜਾਰੀ ਸੀ |