ਕਲਬੁਰਗੀ (ਕਰਨਾਟਕਾ) (ਗਿਆਨ ਸੈਦਪੁਰੀ)
‘ਕੋਈ ਸਮਾਂ ਸੀ ਕਿ ਅਸੀਂ ਬੜੀ ਸ਼ਿੱਦਤ ਨਾਲ ਦਲਿਤ ਭਾਈਚਾਰੇ ਦੀ ਗੱਲ ਸੜਕ ਤੋਂ ਸਦਨ ਤੱਕ ਲੈ ਕੇ ਜਾਂਦੇ ਸੀ ਤੇ ਇਸ ਦੇ ਫਲਦਾਇਕ ਨਤੀਜੇ ਨਿਕਲਦੇ ਸਨ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਬਿਹਾਰ ਤੋਂ ਸੀ ਪੀ ਆਈ ਦੇ ਵਿਧਾਇਕ ਕਾਮਰੇਡ ਸੂਰਯ ਕਾਂਤ ਪਾਸਵਾਨ ਨੇ ਕੀਤਾ | ਉਹ ਇੱਥੇ ਚੱਲ ਰਹੀ ਕੁਲ ਹਿੰਦ ਦਲਿਤ ਅੰਦੋਲਨ ਦੀ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਪੇਸ਼ ਹੋਈ ਰਿਪੋਰਟ ‘ਤੇ ਬਹਿਸ ਦੌਰਾਨ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ | ਉਨ੍ਹਾ ਕਿਹਾ ਕਿ ਦਲਿਤ ਵਿਰੋਧੀ ਮਾਨਸਿਕਤਾ ਵਾਲੇ ਆਰ ਐੱਸ ਐੱਸ ਵੱਲੋਂ ਅਖੌਤੀ ਦਲਿਤ ਹੇਜ ਦੀ ਆੜ ਹੇਠ ਇਸ ਮੁੱਦੇ ਨੂੰ ਅਲੱਗ-ਥਲੱਗ ਕੀਤਾ ਜਾ ਰਿਹਾ ਹੈ | ਅਜਿਹੇ ਦੌਰ ਵਿੱਚ ਦਲਿਤ ਭਾਈਚਾਰੇ ਨੂੰ ਵਿਰੋਧੀਆਂ ਦੇ ਬਹਿਕਾਵੇ ਵਿੱਚ ਨਾ ਆਉਣ ਲਈ ਸੁਚੇਤ ਕਰਨਾ ਵੀ ਅੰਦੋਲਨ ਦੀ ਅਹਿਮ ਜ਼ੁੰਮੇਵਾਰੀ ਬਣੀ ਹੋਈ ਹੈ | ਰਿਪੋਰਟ ‘ਤੇ ਪਹਿਲੇ ਦਿਨ ਤੋਂ ਚੱਲ ਰਹੀ ਬਹਿਸ ਦੀ ਲਗਾਤਾਰਤਾ ਵਿੱਚ ਬਿਹਾਰ ਤੋਂ ਇਲਾਵਾ ਤਾਮਿਲਨਾਡੂ, ਕੇਰਲਾ, ਪੰਜਾਬ, ਹਰਿਆਣਾ, ਮਹਾਰਾਸ਼ਟਰ, ਤਿਲੰਗਾਨਾ, ਕਰਨਾਟਕਾ, ਉੱਤਰ ਪ੍ਰਦੇਸ਼ ਆਦਿ ਤੋਂ ਆਗੂਆਂ ਨੇ ਹਿੱਸਾ ਲਿਆ |
ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਜਨਰਲ ਸਕੱਤਰ ਵੀ ਐੱਸ ਨਿਰਮਲ ਨੇ ਬਹਿਸ ਦੌਰਾਨ ਉੱਠੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ | ਬਹਿਸ ਨੂੰ ਸਮੇਟਦਿਆਂ ਨਿਰਮਲ ਨੇ ਕਿਹਾ ਕਿ ਯੁੱਗਾਂ ਤੋਂ ਆਪਣੇ ਅਧਿਕਾਰਾਂ ਤੋਂ ਮਹਿਰੂਮ ਇਸ ਵਰਗ ਲਈ ਸ਼ਿੱਦਤ ਨਾਲ ਕਾਰਜ ਕਰਨੇ ਪੈਣੇ ਹਨ | ਉਨ੍ਹਾ ਕਿਹਾ ਕਿ ਚਹੁੰ ਪਾਸਿਆਂ ਤੋਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਮਨੁੱਖ ਦਲਿਤ ਦੀ ਪ੍ਰੀਭਾਸ਼ਾ ਹੈ | ਇਸ ਪ੍ਰੀਭਾਸ਼ਾ ਨੂੰ ਬਦਲਣਾ ਸਾਡੇ ਸਭ ਲਈ ਪਰਮ-ਅਗੇਤ ਵਾਲਾ ਕੰਮ ਹੈ | ਇਸ ਦੌਰਾਨ ਸੰਗਠਨ ਦੀ ਮਜ਼ਬੂਤੀ ਕਈ ਅਹਿਮ ਨੁਕਤਿਆਂ ‘ਤੇ ਚਰਚਾ ਹੋਈ | ਸੰਗਠਨ ਨੂੰ ਚਲਾਉਣ ਲਈ ਪੰਜ ਮੈਂਬਰੀ ਸੰਵਿਧਾਨ ਕਮੇਟੀ ਦਾ ਗਠਨ ਕੀਤਾ ਗਿਆ | ਛੇਵਾਂ ਮੈਂਬਰ ਇਨਵਾਇਟੀ ਹੋਵੇਗਾ | ਭਵਿੱਖ ਦੇ ਕਾਰਜਾਂ ਵਿੱਚ 14 ਮਾਰਚ ਨੂੰ ਰਾਜਪਾਲ ਨੂੰ ਮੰਗ ਪੱਤਰ ਦੇਣ, 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਦਾ ਜਨਮ ਦਿਨ ਮਨਾਉਣ, 25 ਮਈ ਨੂੰ ਜਨਗਣਨਾ, ਅੱਤਿਆਚਾਰਾਂ ਤੇ ਰੁਜ਼ਗਾਰ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰਨ ਅਤੇ ਦੇਸ਼ ਪੱਧਰ ਦਾ ਪਾਰਲੀਮੈਂਟ ਮਾਰਚ ਕਰਨਾ ਸ਼ਾਮਲ ਹਨ | ਇਸ ਦੌਰਾਨ 30 ਜਨਵਰੀ ਨੂੰ ਮਹਾਤਮਾ ਗਾਂਧੀ ਨੂੰ ਨੱਥੂ ਰਾਮ ਗੌਡਸੇ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰ ਦੇਣ ਦੇ ਸੰਬੰਧ ਵਿੱਚ ਗਾਂਧੀ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਪਹਿਨਾ ਕੇ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੀ ਸਮੁੱਚੀ ਵਿਚਾਰਧਾਰਾ ਨਾਲ ਅਸਹਿਮਤੀ ਤਾਂ ਹੋ ਸਕਦੀ ਹੈ, ਪਰ ਉਨ੍ਹਾ ਦੇ ਦੇਸ਼ ਪ੍ਰਤੀ ਕੀਤੇ ਕੰਮਾਂ ਨੂੰ ਭੁਲਾਇਆ ਨਹੀਂ ਜਾ ਸਕਦਾ |
ਇਸ ਤੋਂ ਪਹਿਲਾਂ ਦੂਸਰੇ ਦਿਨ ਦੀ ਮੀਟਿੰਗ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਕੌਮੀ ਪ੍ਰਧਾਨ ਏ ਰਾਮਾ ਮੂਰਤੀ ਨੂੰ ਸੌਂਪੀ ਗਈ | ਪ੍ਰਧਾਨਗੀ ਕਰਦਿਆਂ ਉਨ੍ਹਾ ਮਜ਼ਦੂਰ ਅਤੇ ਦਲਿਤ ਵਰਗ ਸੰਬੰਧੀ ਬਹੁਤ ਸਾਰੇ ਨੁਕਤੇ ਸਾਂਝੇ ਕੀਤੇ | ਮੀਟਿੰਗ ਦੇ ਅੰਤ ਵਿੱਚ ਅੰਦੋਲਨ ਦੇ ਜਨਰਲ ਸਕੱਤਰ ਵੀ ਐੱਸ ਨਿਰਮਲ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਪ੍ਰਬੰਧਕਾਂ ਵੱਲੋਂ ਰਹਾਇਸ਼, ਖਾਣਾ ਅਤੇ ਹਰ ਸਹੂਲਤ ਦਾ ਧਿਆਨ ਰੱਖਣ ਲਈ ਭਰਪੂਰ ਸ਼ਲਾਘਾ ਕੀਤੀ |
ਮੀਟਿੰਗ ਵਿੱਚ ਸੀ ਪੀ ਆਈ ਜ਼ਿਲ੍ਹਾ ਕਲਬੁਰਗੀ ਦੀ ਸ਼ਹਿਰੀ ਸਕੱਤਰ ਪਦਮਾ ਪਾਟਿਲ, ਪ੍ਰਬੰਧਾਂ ਦੇ ਮੁਖੀ ਡਾ. ਮਹੇਸ਼ ਕੁਮਾਰ ਅਤੇ ਸੇਵਾ-ਮੁਕਤ ਇੰਜੀਨੀਅਰ ਮਾਰੂਥੀ ਗੋਖਲੇ ਨੇ ਦੇਸ਼ ਭਰ ਵਿੱਚੋਂ ਆਏ ਕੌਮੀ ਕੌਂਸਲ ਦੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ | ਅਗਲੀ ਮੀਟਿੰਗ ਵਿਜੇਵਾੜਾ (ਆਂਧਰਾ ਪ੍ਰਦੇਸ਼) ਵਿੱਚ ਕਰਨ ਦੇ ਪ੍ਰਸਤਾਵ ਨਾਲ ਮੀਟਿੰਗ ਸਮਾਪਤੀ ਵੱਲ ਵਧ ਗਈ |