ਜਲੰਧਰ : ਇਨਕਮ ਟੈਕਸ ਅਧਿਕਾਰੀਆਂ ਨੇ ਮੰਗਲਵਾਰ ਪਾਸਟਰ ਬਜਿੰਦਰ ਦੇ ਤਾਜਪੁਰ (ਜਲੰਧਰ) ਤੇ ਪਾਸਟਰ ਹਰਪ੍ਰੀਤ ਦਿਓਲ ਦੇ ਖੋਜੇਵਾਲ (ਕਪੂਰਥਲਾ) ਦੇ ਚਰਚਾਂ ਤੇ ਪੰਜਾਬ ਵਿਚਲੇ ਹੋਰਨਾਂ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ | ਧਰਮ ਪਰਿਵਰਤਨ ਦੇ ਦੋਸ਼ਾਂ ‘ਚ ਘਿਰੇ ਬਜਿੰਦਰ ਦੇ ਬੜੌਦੀ ਸਥਿਤ ਧਾਰਮਕ ਅਸਥਾਨ ‘ਤੇ ਵੀ ਛਾਪੇੇਮਾਰੀ ਦੀ ਖਬਰ ਹੈ |
ਇਨਕਮ ਟੈਕਸ ਅਧਿਕਾਰੀਆਂ ਦੇ ਨਾਲ ਸਥਾਨਕ ਪੁਲਸ ਤੇ ਸੀ ਆਰ ਪੀ ਐੱਫ ਦੇ ਜਵਾਨ ਵੀ ਸਨ | ਓਪਨ ਡੋਰ ਚਰਚ ਖੋਜੇਵਾਲ ਦੁਆਬੇ ਦਾ ਸਭ ਤੋਂ ਵੱਡਾ ਚਰਚ ਮੰਨਿਆ ਜਾਂਦਾ ਹੈ | ਇਸ ਚਰਚ ਵਿਚ ਹਰ ਵੀਰਵਾਰ ਅਤੇ ਐਤਵਾਰ ਨੂੰ ਪ੍ਰਾਰਥਨਾਵਾਂ ਹੁੰਦੀਆਂ ਹਨ | ਪਾਸਟਰ ਬਜਿੰਦਰ ਸਿੰਘ ਮਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਬਿੱਟੂ ਦੇ ਗ੍ਰਹਿ ਕੋਟ ਖਾਲਸਾ ਛੇਹਰਟਾ (ਅੰਮਿ੍ਤਸਰ) ਵਿਚ ਵੀ ਛਾਪੇਮਾਰੀ ਕੀਤੀ ਗਈ ਹੈ | ਬਿੱਟੂ ਆਤਿਸ਼ਬਾਜ਼ੀ ਦਾ ਵੱਡੇ ਪੱਧਰ ‘ਤੇ ਕਾਰੋਬਾਰ ਕਰਦਾ ਹੈ | ਬਜਿੰਦਰ ਦੇ ਮੁਹਾਲੀ ਸਥਿਤ ਘਰ ‘ਤੇ ਵੀ ਛਾਪਾ ਪਿਆ ਹੈ |
ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਧਰਮ ਪਰਿਵਰਤਨ ਦੇ ਵਧਦੇ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਹੈ | ਪੰਜਾਬ ‘ਚ ਵਧਦੇ ਕੇਸਾਂ ਤੋਂ ਬਾਅਦ ਕੇਂਦਰ ਦਾ ਧਿਆਨ ਇਸ ਪਾਸੇ ਸੀ | ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਧਰਮ ਪਰਿਵਰਤਨ ਦੇ ਮਾਮਲਿਆਂ ‘ਚ ਪੈਸੇ ਦਾ ਕੋਈ ਲੈਣ-ਦੇਣ ਹੋਇਆ ਹੈ |