ਪਿਸ਼ਾਵਰ : ਇਥੇ ਸੋਮਵਾਰ ਨਮਾਜ਼ ਦੌਰਾਨ ਮਸਜਿਦ ‘ਚ ਹੋਏ ਆਤਮਘਾਤੀ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 93 ਹੋ ਗਈ ਹੈ ਤੇ 221 ਜ਼ਖਮੀਆਂ ‘ਚੋਂ ਕਈਆਂ ਦੀ ਹਾਲਤ ਚਿੰਤਾਜਨਕ ਹੈ | ਮਲਬੇ ‘ਚੋਂ ਹੋਰ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ | ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਇਸ ਦੌਰਾਨ ਪੁਲਸ ਨੇ ਹਮਲਾਵਰ ਦਾ ਸਿਰ ਬਰਾਮਦ ਕਰ ਲਿਆ ਹੈ | ਇਹ ਕਾਫੀ ਖਰਾਬ ਹਾਲਤ ‘ਚ ਹੈ | ਸੁਰੱਖਿਆ ਅਧਿਕਾਰੀਆਂ ਮੁਤਾਬਕ ਹਮਲਾਵਰ ਦੁਪਹਿਰ ਦੀ ਨਮਾਜ਼ ਦੌਰਾਨ ਮੂਹਰਲੀ ਕਤਾਰ ‘ਚ ਸੀ, ਜਦੋਂ ਉਸ ਨੇ ਆਪਣੇ ਵਿਸਫੋਟਕਾਂ ਨਾਲ ਧਮਾਕਾ ਕੀਤਾ | ਇਸ ਧਮਾਕੇ ‘ਚ ਮਸਜਿਦ ਦੇ ਇਮਾਮ ਮੌਲਾਨਾ ਸਾਹਿਬਜ਼ਾਦਾ ਨੂਰੁਲ ਅਮੀਨ ਦੀ ਵੀ ਮੌਤ ਹੋ ਗਈ | ਇਸ ਦੌਰਾਨ ਭਾਰਤ ਨੇ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਨਾਲ ਦੁੱਖ ਪ੍ਰਗਟਾਇਆ ਹੈ |