16.8 C
Jalandhar
Sunday, December 22, 2024
spot_img

ਇਨਕਮ ਟੈਕਸ ‘ਚ ਸ਼ਰਤ ਨਾਲ ਛੋਟ, ਮਨਰੇਗਾ ਰਾਸ਼ੀ ‘ਚ ਭਾਰੀ ਕਟੌਤੀ

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਬੁੱਧਵਾਰ ਸੰਸਦ ‘ਚ 2023-24 ਦਾ ਆਮ ਬਜਟ ਪੇਸ਼ ਕਰਦਿਆਂ 7 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰਨ ਦੀ ਤਜਵੀਜ਼ ਰੱਖੀ | ਮੱਧ ਵਰਗ ਨੂੰ 5 ਲੱਖ ਤੱਕ ਕੋਈ ਟੈਕਸ ਨਹੀਂ ਦੇਣਾ ਪੈਂਦਾ, ਹੁਣ ਇਸ ਦੀ ਹੱਦ 7 ਲੱਖ ਰੁਪਏ ਹੋਵੇਗੀ, ਪਰ ਇਸ ਦੇ ਨਾਲ ਇਹ ਸ਼ਰਤ ਨੱਥੀ ਕੀਤੀ ਗਈ ਹੈ ਕਿ ਛੋਟ ਉਨ੍ਹਾਂ ਨੂੰ ਮਿਲੇਗੀ, ਜੋ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨਗੇ | ਪੁਰਾਣੀ ਪ੍ਰਣਾਲੀ ਜਾਰੀ ਰੱਖਣ ਵਾਲਿਆਂ ਨੂੰ ਪਹਿਲਾਂ ਵਾਂਗ ਟੈਕਸ ਦੇਣਾ ਪਏਗਾ |
ਨਵੀਂ ਪ੍ਰਣਾਲੀ ਵਿਚ 50 ਹਜ਼ਾਰ ਰੁਪਏ ਦੀ ਸਟੈਂਡਰਡ ਡਿਡਕਸ਼ਨ ਸ਼ਾਮਲ ਕੀਤੀ ਗਈ ਹੈ, ਯਾਨੀ ਕਿ ਸਾਢੇ 7 ਲੱਖ ਰੁਪਏ ਤੱਕ ਦੀ ਤਨਖਾਹ ‘ਤੇ ਕੋਈ ਟੈਕਸ ਨਹੀਂ ਲੱਗੇਗਾ | ਜਿਨ੍ਹਾਂ ਦੀ ਕਮਾਈ ਤਨਖਾਹ ਵਾਲੀ ਨਹੀਂ, ਉਨ੍ਹਾਂ ਨੂੰ ਸਟੈਂਡਰਡ ਡਿਡਕਸ਼ਨ ਦਾ ਫਾਇਦਾ ਨਹੀਂ ਮਿਲੇਗਾ |
ਬਜਟ ਵਿਚ ਮਨਰੇਗਾ ਲਈ ਬਜਟ ਘਟਾ ਕੇ 60 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ | ਚਲੰਤ ਮਾਲੀ ਸਾਲ ਵਿਚ ਸੋਧਿਆ ਅਨੁਮਾਨ 89 ਹਜ਼ਾਰ 400 ਕਰੋੜ ਰੁਪਏ ਸੀ |
ਸੀਤਾਰਮਨ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਦਾ ਵਿਕਾਸ ਤੇਜ਼ ਕਰਨ ਲਈ ਵੱਖਰਾ ਫੰਡ ਬਣਾਇਆ ਜਾਵੇਗਾ ਤੇ ਨਵੀਂ ਤਕਨੀਕ ‘ਤੇ ਜ਼ੋਰ ਦਿੱਤਾ ਜਾਵੇਗਾ | ਵਿੱਤੀ ਸਾਲ 2023-24 ਲਈ ਖੇਤੀਬਾੜੀ ਕਰਜ਼ੇ ਦਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ | ਇਸ ਵਿਚ ਪਸ਼ੂ ਪਾਲਣ, ਡੇਅਰੀ ਉਦਯੋਗ ਅਤੇ ਮੱਛੀ ਪਾਲਣ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ |
ਔਰਤਾਂ ਲਈ ਮਹਿਲਾ ਸਨਮਾਨ ਬਚਤ ਪੱਤਰ ਯੋਜਨਾ ਸ਼ੁਰੂ ਕੀਤੀ ਜਾਵੇਗੀ, ਜਿਸ ‘ਤੇ 7.5 ਫੀਸਦੀ ਵਿਆਜ ਦਿੱਤਾ ਜਾਵੇਗਾ | ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੀ ਹੱਦ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕੀਤੀ ਜਾਵੇਗੀ |
ਰੇਲਵੇ ਲਈ ਪੂੰਜੀ ਖਰਚ ਵਧਾ ਕੇ ਹੁਣ ਤੱਕ ਦਾ ਸਭ ਤੋਂ ਵੱਧ 2.40 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ | ਰੇਲਵੇ ਲਈ ਖਰਚਾ 2013-2014 ‘ਚ ਪ੍ਰਦਾਨ ਕੀਤੀ ਗਈ ਰਕਮ ਤੋਂ ਨੌਂ ਗੁਣਾ ਹੈ | ਏਕਲਵਿਆ ਮਾਡਲ ਰਿਹਾਇਸ਼ੀ ਸਕੂਲਾਂ ਲਈ 38,800 ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ |
ਬੱਜਟ ਮੁਤਾਬਕ ਐੱਲ ਈ ਡੀ ਟੀ ਵੀ ਸਸਤਾ ਹੋਵੇਗਾ, ਕਸਟਮ ਡਿਊਟੀ ਘੱਟ ਹੋਣ ਕਾਰਨ ਦਰਾਮਦੀ ਡਿਊਟੀ ਘੱਟ ਹੋਵੇਗੀ, ਇਲੈਕਟਿ੍ਕ ਸਾਮਾਨ ਵੀ ਸਸਤਾ ਹੋਵੇਗਾ, ਮੋਬਾਇਲ ਪਾਰਟਸ ਦੀ ਕੀਮਤ ਵੀ ਘੱਟ ਹੋਵੇਗੀ | ਇਨ੍ਹਾਂ ਤੋਂ ਇਲਾਵਾ ਜਿਹੜੀਆਂ ਚੀਜਾਂ ਮਹਿੰਗੀਆਂ ਹੋਣਗੀਆਂ, ਉਨ੍ਹਾਂ ‘ਚ ਸਿਗਰਟ, ਚਾਂਦੀ ਦੀਆਂ ਦਰਾਮਦ ਵਸਤਾਂ, ਰਸੋਈ ਦੀ ਚਿਮਨੀ, ਆਯਾਤ ਕੀਤੇ ਸਾਈਕਲ ਅਤੇ ਖਿਡੌਣੇ, ਪੂਰੀ ਤਰ੍ਹਾਂ ਆਯਾਤ ਕੀਤੀਆਂ ਕਾਰਾਂ ਅਤੇ ਇਲੈਕਟਿ੍ਕ ਵਾਹਨ, ਨਕਲੀ ਗਹਿਣੇ ਅਤੇ ਮਿਸ਼ਰਤ ਰਬੜ |
ਸੀਤਾਰਮਨ ਨੇ ਕਿਹਾ ਕਿ ਦੇਸ਼ ਭਰ ਦੀਆਂ ਜੇਲ੍ਹਾਂ ‘ਚ ਅਜਿਹੇ ਬਹੁਤ ਸਾਰੇ ਗਰੀਬ ਕੈਦੀ ਹਨ, ਜੋ ਜ਼ਮਾਨਤ ਜਾਂ ਜੁਰਮਾਨੇ ਦੀ ਰਕਮ ਅਦਾ ਨਾ ਹੋਣ ਕਾਰਨ ਜੇਲ੍ਹ ਵਿੱਚੋਂ ਬਾਹਰ ਨਹੀਂ ਆ ਸਕਦੇ | ਇਨ੍ਹਾਂ ਨੂੰ ਜ਼ਮਾਨਤ ਲੈਣ ਲਈ ਜੋ ਵੀ ਖਰਚਾ ਹੋਵੇਗਾ, ਉਸ ਦਾ ਸਾਰਾ ਭਾਰ ਸਰਕਾਰ ਚੁੱਕੇਗੀ |

Related Articles

LEAVE A REPLY

Please enter your comment!
Please enter your name here

Latest Articles