ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰ ਦਿੱਤਾ ਹੈ | ਆਮ ਵਾਂਗ ਹੀ ਪ੍ਰਧਾਨ ਮੰਤਰੀ ਨੇ ਬਜਟ ਦੀ ਸ਼ਲਾਘਾ ਕੀਤੀ ਹੈ ਤੇ ਵਿਰੋਧੀ ਧਿਰਾਂ ਨੇ ਇਸ ਨੂੰ ਜਨਵਿਰੋਧੀ ਕਿਹਾ ਹੈ |
ਇਸ ਬਜਟ ਬਾਰੇ ਜੇਕਰ ਸੰਖੇਪ ਵਿੱਚ ਕਿਹਾ ਜਾਵੇ ਤਾਂ ਇਹ ਕਾਰਪੋਰੇਟ ਮੁਖੀ ਤੇ ਵੋਟਾਂ ਬਟੋਰਨ ਵੱਲ ਸੇਧਤ ਹੈ | ਦੇਸ਼ ਅੰਦਰ ਨਿੱਜੀਕਰਨ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਬਜਟ ਵਿੱਚ ਇਨਫ੍ਰਾਸਟਰੱਕਚਰ ਨੂੰ ਮਜ਼ਬੂਤ ਕਰਨ ਦੇ ਨਾਂਅ ‘ਤੇ 10 ਲੱਖ ਕਰੋੜ ਦੀ ਰਕਮ ਰੱਖੀ ਗਈ ਹੈ | ਇਸ ਦੇ ਨਾਲ ਹੀ ਰੇਲਵੇ ਯੋਜਨਾਵਾਂ ਦੇ ਵਿਸਤਾਰ ਲਈ 2.4 ਲੱਖ ਕਰੋੜ ਰੁਪਏ ਰੱਖੇ ਗਏ ਹਨ | ਸਪੱਸ਼ਟ ਹੈ ਕਿ ਇਨਫ੍ਰਾਸਟਰੱਕਚਰ ਦੇ ਨਾਂਅ ‘ਤੇ ਏਅਰਪੋਰਟ ਤੇ ਸੜਕਾਂ ਆਦਿ ਦਾ ਵਿਕਾਸ ਕਰਕੇ ਅਤੇ ਰੇਲਵੇ ਵਿੱਚ ਸੁਧਾਰ ਕਰਕੇ ਇਨ੍ਹਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ |
ਦੇਸ਼ ਦੇ ਆਮ ਗਰੀਬਾਂ ਦੀ ਗੱਲ ਕੀਤੀ ਜਾਵੇ ਤਾਂ ਮਨਰੇਗਾ ਲਈ ਰੱਖੀ ਗਈ ਰਕਮ ਪਿਛਲੇ ਸਾਲ ਦੇ 79 ਹਜ਼ਾਰ ਕਰੋੜ ਰੁਪਏ ਤੋਂ ਘਟਾ ਕੇ 60 ਹਜ਼ਾਰ ਕਰੋੜ ਕਰ ਦਿੱਤੀ ਗਈ ਹੈ | ਜੇਕਰ ਰੁਪਏ ਦੀ ਕਦਰਘਟਾਈ ਦੇ ਰੁਝਾਨ ਨੂੰ ਦੇਖਿਆ ਜਾਵੇ ਤਾਂ ਇਹ ਹੋਰ ਵੀ ਘਟ ਜਾਂਦੀ ਹੈ | ਸਿੱਖਿਆ, ਰੁਜ਼ਗਾਰ ਤੇ ਸਿਹਤ ਖੇਤਰ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ |
ਖੇਤੀ ਖੇਤਰ ਨੂੰ ਵੀ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਗਿਆ ਹੈ | ਕਿਸਾਨਾਂ ਦੀ ਐਮ ਐਸ ਪੀ ਦੀ ਮੰਗ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ | ਕਿਸਾਨਾਂ ਲਈ ਕ੍ਰੈਡਿਟ ਫੰਡ ਵਿੱਚ ਸਿਰਫ਼ 2 ਲੱਖ ਕਰੋੜ ਦਾ ਵਾਧਾ ਕੀਤਾ ਗਿਆ ਹੈ, ਜਿਸ ਨੂੰ ਮੁਦਰਾ ਸਫ਼ੀਤੀ ਦੀ ਦਰ ਨੂੰ ਦੇਖਦਿਆਂ ਵਾਧਾ ਨਹੀਂ ਕਿਹਾ ਜਾ ਸਕਦਾ | ਖੇਤੀ ਦੇ ਨਾਂਅ ‘ਤੇ ਜੋ ਧਨ ਰੱਖਿਆ ਗਿਆ ਹੈ, ਉਸ ਦਾ ਖੇਤੀ ਸੰਦ, ਖਾਦਾਂ ਤੇ ਕੀੜੇਮਾਰ ਦਵਾਈਆਂ ਬਣਾਉਣ ਵਾਲੇ ਧਨਕੁਬੇਰਾਂ ਨੂੰ ਲਾਭ ਹੋਵੇਗਾ | ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨ ਲਈ 10 ਹਜ਼ਾਰ ਜੈਵ ਇਨਪੁੱਟ ਕੇਂਦਰ ਬਣਾਏ ਜਾਣਗੇ | ਇਨ੍ਹਾਂ ਰਾਹੀਂ ਖੇਤੀ ਵਿੱਚ ਕਾਰਪੋਰੇਟਾਂ ਦੀ ਘੁਸਪੈਠ ਸੁਖਾਲੀ ਕੀਤੀ ਜਾਵੇਗੀ | ਮੱਛੀ ਪਾਲਣ ਯੋਜਨਾ ਤਹਿਤ 6 ਹਜ਼ਾਰ ਕਰੋੜ ਰੱਖੇ ਗਏ ਹਨ | ਇਸ ਮੱਦ ਵਿੱਚ ਵੀ ਪ੍ਰਾਈਵੇਟ ਪਾਰਟਨਰਸ਼ਿਪ ਨੂੰ ਉਤਸ਼ਾਹਤ ਕਰਨ ਦੀ ਗੱਲ ਕਹੀ ਗਈ ਹੈ | ਇਸ ਰਾਹੀਂ ਵੀ ਮੱਛੀ ਪਾਲਣ ਦੇ ਖੇਤਰ ਵਿੱਚ ਕਾਰਪੋਰੇਟਾਂ ਲਈ ਦਰਵਾਜ਼ੇ ਖੋਲ੍ਹੇ ਜਾਣਗੇ | ਬਜਟ ਵਿੱਚ 200 ਕੰਪਰੈਸਡ ਬਾਇਗੈਸ ਕਾਰਖਾਨੇ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ | ਇਸ ਲਈ ਗੋਬਰਧਨ ਸਕੀਮ ਤਹਿਤ 10 ਹਜ਼ਾਰ ਕਰੋੜ ਰੁਪਏ ਖਰਚੇ ਜਾਣਗੇ | ਇਹ ਪੈਸਾ ਵੀ ਕਿਸਾਨਾਂ ਦੇ ਨਹੀਂ, ਸਨਅਤਕਾਰਾਂ ਦੇ ਖਾਤੇ ਵਿੱਚ ਜਾਵੇਗਾ |
ਅਸਲ ਵਿੱਚ ਵਿੱਤ ਮੰਤਰੀ ਨੇ ਉਨ੍ਹਾਂ ਯੋਜਨਾਵਾਂ ਵੱਲ ਖਾਸ ਧਿਆਨ ਦਿੱਤਾ ਹੈ, ਜਿਹੜੀਆਂ ਵੋਟ ਖਿੱਚਣ ਵਿੱਚ ਕਾਰਗਰ ਹੋ ਸਕਦੀਆਂ ਹਨ | ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦਾ ਬਜਟ 66 ਫ਼ੀਸਦੀ ਵਧਾ ਕੇ 79 ਹਜ਼ਾਰ ਕਰੋੜ ਰੁਪਏ ਕੀਤਾ ਗਿਆ ਹੈ | ਲੋਕਾਂ ਤੱਕ ਸਾਫ਼ ਪਾਣੀ ਪੁਚਾਉਣ ਲਈ ਜਲ ਜੀਵਨ ਮਿਸ਼ਨ ਦਾ ਬਜਟ 60 ਹਜ਼ਾਰ ਕਰੋੜ ਤੋਂ ਵਧਾ ਕੇ 70 ਹਜ਼ਾਰ ਕਰੋੜ ਰੁਪਏ ਕੀਤਾ ਗਿਆ ਹੈ | ਆਯੂਸ਼ਮਾਨ ਸਿਹਤ ਬੀਮਾ ਦਾ ਬਜਟ ਵਧਾ ਕੇ 7200 ਕਰੋੜ ਕਰ ਦਿੱਤਾ ਗਿਆ ਹੈ | ਆਮਦਨ ਕਰ ਟੈਕਸ ਰਿਬੇਟ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ | ਟੈਕਸ ਛੋਟ ਦੀ ਹੱਦ 3 ਲੱਖ ਰੁਪਏ ਕਰ ਦਿੱਤੀ ਗਈ ਹੈ | ਇਸ ਦਾ ਲਾਭ ਅੱਪਰ ਮਿਡਲ ਕਲਾਸ ਨੂੰ ਹੋਵੇਗਾ | ਇਹ ਬਜਟ ਪੂਰੀ ਤਰ੍ਹਾਂ ਚੋਣ ਬਜਟ ਹੈ, ਜੋ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ |