ਮੁੰਬਈ : ਕੌਮੀ ਪੁਰਸਕਾਰ ਜੇਤੂ ਅਤੇ ਦੱਖਣ ਦੀ ਮਸ਼ਹੂਰ ਗਾਇਕਾ ਵਾਣੀ ਜੈਰਾਮ (77) ਦੀ ਸ਼ਨੀਵਾਰ ਸਵੇਰ ਆਪਣੇ ਘਰ ਮਿ੍ਤਕ ਮਿਲੀ | ਕੁਝ ਸਮਾਂ ਪਹਿਲਾਂ ਜਦੋਂ ਭਾਰਤ ਸਰਕਾਰ ਨੇ ਪਦਮ ਭੂਸ਼ਣ 2023 ਪੁਰਸਕਾਰ ਦਾ ਐਲਾਨ ਕੀਤਾ ਸੀ ਤਾਂ ਵਾਣੀ ਦਾ ਨਾਂਅ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ | ਪੁਲਸ ਵਾਣੀ ਜੈਰਾਮ ਦੇ ਘਰ ਵੀ ਉਨ੍ਹਾ ਦੀ ਮੌਤ ਦੀ ਜਾਂਚ ਲਈ ਪਹੁੰਚ ਗਈ ਹੈ | ਵਾਣੀ ਜੈਰਾਮ ਦੇ ਘਰ ਕੰਮ ਕਰਨ ਵਾਲੀ ਮਲਾਰਕੋਡੀ ਦਾ ਬਿਆਨ ਵੀ ਸਾਹਮਣੇ ਆਇਆ ਹੈ | ਮਲਾਰਕੋਡੀ ਦਾ ਕਹਿਣਾ ਹੈ, ‘ਮੈਂ ਪੰਜ ਵਾਰ ਘੰਟੀ ਵਜਾਈ, ਪਰ ਉਨ੍ਹਾ ਦਰਵਾਜਾ ਨਹੀਂ ਖੋਲਿ੍ਹਆ | ਇੱਥੋਂ ਤੱਕ ਕਿ ਮੇਰੇ ਪਤੀ ਨੇ ਉਨ੍ਹਾ ਨੂੰ ਫੋਨ ਕੀਤਾ, ਪਰ ਉਨ੍ਹਾ ਫੋਨ ਨਹੀਂ ਚੁੱਕਿਆ | ਉਹ ਇਸ ਘਰ ‘ਚ ਇਕੱਲੀ ਰਹਿੰਦੀ ਸੀ |’ ਉਸ ਦੇ ਮੱਥੇ ‘ਤੇ ਸੱਟ ਦੇ ਨਿਸ਼ਾਨ ਸਨ | ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਚੇਨਈ ਦੇ ਹਸਪਤਾਲ ਲਿਜਾਇਆ ਗਿਆ | ਤਾਮਿਲਨਾਡੂ ਪੁਲਸ ਦੀ ਫੋਰੈਂਸਿਕ ਟੀਮ ਵਾਣੀ ਜੈਰਾਮ ਦੇ ਘਰ ਦੀ ਜਾਂਚ ਕਰ ਰਹੀ ਹੈ | ਡੀ ਸੀ ਪੀ ਸੇਖਰ ਦੇਸ਼ਮੁੱਖ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਰ ਵੇਰਵੇ ਸਾਹਮਣੇ ਆਉਣਗੇ | ਵਾਣੀ ਜੈਰਾਮ ਨੇ ਹਿੰਦੀ, ਤਾਮਿਲ, ਤੇਲਗੂ, ਮਲਿਆਲਮ, ਮਰਾਠਾ, ਬੰਗਲਾ ਸਮੇਤ ਕਈ ਭਾਸ਼ਾਵਾਂ ‘ਚ 10 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਵਾਜ਼ ਦਿੱਤੀ | ਉਨ੍ਹਾ ਬਾਲੀਵੁੱਡ ਫ਼ਿਲਮ ‘ਗੁੱਡੀ’ (1971) ‘ਚ ‘ਬੋਲੇ ਰੇ ਪਪੀਹਾ ਰੇ’ ਗੀਤ ਗਾਇਆ ਸੀ | ਵਾਣੀ ਜੈਰਾਮ ਨੂੰ ਤਿੰਨ ਵਾਰ ਸਰਵੋਤਮ ਪਲੇਅ ਬੈਕ ਗਾਇਕਾ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ |
ਵਾਣੀ ਨੇ ਆਪਣੇ 50 ਸਾਲ ਦੇ ਕੈਰੀਅਰ ‘ਚ 10 ਹਜ਼ਾਰ ਤੋਂ ਵੀ ਜ਼ਿਆਦਾ ਗਾਣੇ ਗਾਏ | ਉਹ 18 ਭਾਰਤੀ ਭਾਸ਼ਾਵਾਂ ‘ਚ ਗਾਣੇ ਗਾ ਚੁੱਕੀ ਹੈ | ਉਨ੍ਹਾ ਦਾ ਗਾਇਆ ਹੋਇਆ ‘ਹਮਕੋ ਮਨ ਕੀ ਸ਼ਕਤੀ ਦੇਨਾ’ ਅੱਜ ਵੀ ਲੋਕਾਂ ਦੀ ਜੁਬਾਨ ‘ਤੇ ਹੈ | ਪਦਮ ਭੂਸ਼ਣ ਤੋਂ ਲੈ ਕੇ ਨੈਸ਼ਨਲ ਐਵਾਰਡ ਤੱਕ ਉਹਨਾ ਨੂੰ ਸਨਮਾਨਤ ਕੀਤਾ ਗਿਆ ਹੈ | ਉਨ੍ਹਾ ਦੀ ਮੌਤ ਦੀ ਖਬਰ ਸੁਣ ਕੇ ਫਿਲਮ ਜਗਤ ਵਿਚ ਸੋਗ ਦੀ ਲਹਿਰ ਹੈ | ਵਾਣੀ ਜੈਰਾਮ ਨੇ ਹਾਲ ਹੀ ‘ਚ ਪ੍ਰੋਫੈਸ਼ਨਲ ਗਾਇਕਾ ਦੇ ਰੂਪ ‘ਚ 50 ਸਾਲ ਪੂਰੇ ਕੀਤੇ ਸਨ ਤੇ 10,000 ਤੋਂ ਜ਼ਿਆਦਾ ਗਾਣੇ ਰਿਕਾਰਡ ਕੀਤੇ ਸਨ | ਉਨ੍ਹਾ ਐੱਮ ਐੱਸ ਇਲਏ ਰਾਜਾ, ਆਰ ਡੀ ਬਰਮਨ, ਕੇ ਵੀ ਮਹਾਂਦੇਵਨ, ਓ ਪੀ ਨਈਅਰ ਤੇ ਮਦਨ ਮੋਹਨ ਸਮੇਤ ਹੋਰ ਮਸ਼ਹੂਰ ਸੰਗੀਤਕਾਰਾਂ ਨਾਲ ਕੰਮ ਕੀਤਾ |