ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ ਜਾਮੀਆ ਹਿੰਸਾ ਮਾਮਲੇ ‘ਚ ਵਿਦਿਆਰਥੀ ਕਾਰਕੁਨ ਸ਼ਰਜੀਲ ਇਮਾਮ ਅਤੇ ਆਸਿਫ਼ ਇਕਬਾਲ ਤਨਹਾ ਨੂੰ ਸ਼ਨੀਵਾਰ ਨੂੰ ਬਰੀ ਕਰ ਦਿੱਤਾ | ਐਡੀਸ਼ਨਲ ਸ਼ੈਸ਼ਨ ਜੱਜ ਅਰੁਣ ਵਰਮਾ ਨੇ ਦੋਵਾਂ ਨੂੰ 2019 ‘ਚ ਜਾਮੀਆ ਨਗਰ ਪੁਲਸ ਥਾਣੇ ‘ਚ ਦਰਜ ਇੱਕ ਮਾਮਲੇ ‘ਚ ਦੋਸ਼ਮੁਕਤ ਕਰ ਦਿੱਤਾ | ਫਿਲਹਾਲ ਇਮਾਮ ਹਾਲੇ ਜੇਲ੍ਹ ‘ਚ ਹੀ ਰਹੇਗਾ, ਕਿਉਂਕਿ ਉਹ 2020 ‘ਚ ਪੂਰਬ-ਉਤਰ ਦਿੱਲੀ ‘ਚ ਹੋਏ ਦੰਗਿਆਂ ਦੀ ਸਾਜਿਸ਼ ਦੇ ਮਾਮਲੇ ‘ਚ ਦੋਸ਼ੀ ਹੈ | ਪੁਲਸ ਨੇ ਨਾਗਰਿਕਤ ਸੋਧ ਕਾਨੂੰਨ (ਸੀ ਏ ਏ) ਦਾ ਵਿਰੋਧ ਕਰ ਰਹੇ ਲੋਕਾਂ ਅਤੇ ਪੁਲਸ ਵਿਚਾਲੇ ਝੜਪ ਦੇ ਬਾਅਦ ਭੜਕੀ ਹਿੰਸਾ ਦੇ ਸੰਬੰਧ ‘ਚ ਵੱਖ ਧਾਰਾਵਾਂ ਦਰਜ ਕੀਤੀਆਂ ਸਨ |
ਸ਼ਰਜੀਲ ਪਿਛਲੇ ਤਿੰਨ ਸਾਲ ਤੋਂ ਜੇਲ੍ਹ ‘ਚ ਬੰਦ ਹੈ | ਉਸ ਦੇ ਭਾਸ਼ਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਹ ਚਰਚਾ ‘ਚ ਆਇਆ ਸੀ | ਇਸ ਤੋਂ ਬਾਅਦ ਉਸ ਨੂੰ ਨਾਗਰਿਕਤਾ ਕਾਨੂੰਨ ਖਿਲਾਫ਼ ਹੋਏ ਵਿਰੋਧ ਪ੍ਰਦਰਸ਼ਨ ਨਾਲ ਜੁੜੇ ਮਾਮਲਿਆਂ ‘ਚ ਦੋਸ਼ੀ ਬਣਾਇਆ ਗਿਆ ਸੀ | ਸ਼ਰਜੀਲ ਨੂੰ ਸਾਲ 2020 ਦੀ ਜਨਵਰੀ ਮਹੀਨੇ ‘ਚ ਭੜਕਾਊ ਭਾਸ਼ਣ ਅਤੇ ਹੋਰ ਮਾਮਲਿਆਂ ‘ਚ ਗਿ੍ਫ਼ਤਾਰ ਕੀਤਾ ਗਿਆ ਸੀ |