25.5 C
Jalandhar
Tuesday, August 16, 2022
spot_img

ਯੂ ਪੀ ਪੁਲਸ ਦਾ ਤਸ਼ੱਦਦ

ਯੂ ਪੀ ਦੀ ਯੋਗੀ ਸਰਕਾਰ ਦੀ ਪੁਲਸ ਲੋਕਾਂ ਨਾਲ ਕਿੰਨੀ ਬੁਰੀ ਤਰ੍ਹਾਂ ਪੇਸ਼ ਆ ਰਹੀ ਹੈ, ਇਸ ਦੀਆਂ ਕੁਝ ਮਿਸਾਲਾਂ ਹਾਲ ਹੀ ਵਿਚ ਸਾਹਮਣੇ ਆਈਆਂ ਹਨ | ਬਦਾਯੂੰ ਵਿਚ ਗਾਂ ਦੀ ਤਸਕਰੀ ਦੇ ਦੋਸ਼ ਵਿਚ ਫੜੇ ਰੇਹਾਨ ਨੂੰ ਸ਼ਨੀਵਾਰ ਪੁਲਸ ਨੇ ਫੜਿਆ ਤੇ ਉਸ ‘ਤੇ ਏਨਾ ਤਸ਼ੱਦਦ ਕੀਤਾ ਕਿ ਉਸ ਦਾ ਗੁਪਤ ਅੰਗ ਸੁਜਾ ਦਿੱਤਾ | ਉਸ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ | ਬਦਾਯੂੰ ਦੀ ਕਕਰਾਲਾ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ 20 ਸਾਲ ਦੇ ਰੇਹਾਨ ਨੂੰ ਬਾਈਕ ਚੋਰੀ ਦੇ ਦੋਸ਼ ਵਿਚ ਚੁੱਕਿਆ ਸੀ | ਜਦੋਂ ਪਤਾ ਲੱਗਿਆ ਕਿ ਗਲਤ ਨੌਜਵਾਨ ਚੁੱਕ ਲਿਆ ਤਾਂ ਪੁਲਸ ਵਾਲਿਆਂ ਨੇ ਉਸ ਨੂੰ ਇਲਾਜ ਲਈ 100 ਰੁਪਏ ਦੇ ਕੇ ਛੱਡ ਦਿੱਤਾ, ਪਰ ਇਸ ਤੋਂ ਪਹਿਲਾਂ ਉਸ ‘ਤੇ ਏਨਾ ਤਸ਼ੱਦਦ ਕੀਤਾ ਕਿ ਉਸ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਕਰੰਟ ਲਾਉਣ ਕਰਕੇ ਉਸ ਦਾ ਨਰਵਸ ਸਿਸਟਮ ਖਰਾਬ ਹੋ ਗਿਆ ਹੈ | ਐੱਸ ਪੀ ਨੇ ਜਾਂਚ ਕਰਾਈ ਤਾਂ ਸਾਫ ਹੋ ਗਿਆ ਕਿ ਪੁਲਸ ਵਾਲਿਆਂ ਨੇ ਵਧੀਕੀ ਕੀਤੀ | ਇਸੇ ਤਰ੍ਹਾਂ ਇਕ ਜੂਨ ਨੂੰ ਲਖਨਊ ਦੇ ਥਾਣਾ ਬਿਜਨੌਰ ਦੇ ਕਾਕਰਕੁਆ ਪਿੰਡ ਵਿਚ ਪਤੀ-ਪਤਨੀ ਦੀ ਲੜਾਈ ਹੋ ਰਹੀ ਸੀ ਤਾਂ ਉਥੇ ਪੁਲਸ ਪੁੱਜੀ | ਗੁਆਂਢ ਦਾ ਦਲਿਤ ਮੁੰਡਾ ਸੁਭਾਸ਼ ਰਾਵਤ ਲੜਾਈ ਦੇਖਣ ਚਲੇ ਗਿਆ | ਸਿਪਾਹੀ ਨੇ ਉਸ ਨੂੰ ਇਸ ਕਰਕੇ ਫੜ ਲਿਆ ਕਿ ਉਹ ਘੂਰ ਕੇ ਦੇਖ ਰਿਹਾ ਹੈ | ਉਹ ਮਿੰਨਤਾਂ ਕਰਦਾ ਰਿਹਾ, ਪਰ ਤਿੰਨ-ਚਾਰ ਸਿਪਾਹੀਆਂ ਨੇ ਕੁੱਟ-ਕੁੱਟ ਕੇ ਉਸ ਦਾ ਬੁਰਾ ਹਾਲ ਕਰ ਦਿਤਾ | ਫਿਰ ਉਹ ਉਸ ਨੂੰ ਥਾਣੇ ਲੈ ਗਏ ਤੇ ਪਟੇ ਨਾਲ ਕੁੱਟਿਆ | ਆਖਰ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ | 26 ਅਪ੍ਰੈਲ ਨੂੰ ਕਾਨਪੁਰ ਦੇ ਬਾਬੂਪੁਰਬਾ ਥਾਣੇ ਦੇ ਇਲਾਕੇ ਵਿਚ ਪ੍ਰੇਮ ਪ੍ਰਸੰਗ ਦੇ ਚਲਦਿਆਂ ਪੁਲਸ ਨੇ ਮੋਨੂੰ ਨੂੰ ਥਾਣੇ ਸੱਦਿਆ ਤੇ ਏਨਾ ਕੁੱਟਿਆ ਕਿ ਉਸ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ | ਪੰਜ ਅਪ੍ਰੈਲ ਨੂੰ ਮਹੋਬਾ ਵਿਚ ਭਾਰਤ ਰਾਜਪੂਤ ਨੂੰ ਪੁਲਸ ਥਾਣੇ ਲਿਆਈ ਤੇ ਚੋਰੀ ਮੰਨਵਾਉਣ ਲਈ ਏਨਾ ਕੁੱਟਿਆ ਕਿ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ | 25 ਮਾਰਚ ਨੂੰ ਜੌਨਪੁਰ ਦੇ ਦੇਵਰੀਆ ਪਿੰਡ ਵਿਚ ਕੇਲੇ ਦਾ ਦਰੱਖਤ ਕੱਟਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ | ਪੁਲਸ ਨੇ ਮਹਿਲਾਵਾਂ ਸਣੇ 8 ਵਿਅਕਤੀ ਫੜ ਲਏ | ਜ਼ਮਾਨਤ ਮਿਲਣ ਤੋਂ ਬਾਅਦ ਮਹਿਲਾਵਾਂ ਨੇ ਰੋ-ਰੋ ਕੇ ਸੱਟਾਂ ਦੇ ਨਿਸ਼ਾਨ ਦਿਖਾਏ | ਉਨ੍ਹਾਂ ਦੀ ਚਮੜੀ ਦਾ ਰੰਗ ਕਾਲਾ ਹੋ ਗਿਆ ਸੀ | 9 ਦਸੰਬਰ ਨੂੰ ਕਾਨਪੁਰ ਦੇਹਾਤ ਦੇ ਹਸਪਤਾਲ ਦੇ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਸਨ | ਉਸ ਦੌਰਾਨ ਪੁਲਸ ਵਾਲਿਆਂ ਨੇ ਰਜਨੀਸ਼ ਨਾਂਅ ਦੇ ਵਿਅਕਤੀ ‘ਤੇ ਲਾਠੀਆਂ ਵਰ੍ਹਾਈਆਂ, ਜਿਸ ਨੇ ਬੱਚਾ ਚੁੱਕਿਆ ਹੋਇਆ ਸੀ | ਉਹ ਚੀਕਦਾ ਰਿਹਾ ਕਿ ਬੱਚਾ ਮਰ ਜਾਵੇਗਾ, ਪਰ ਪੁਲਸ ਵਾਲਿਆਂ ਨੇ ਪ੍ਰਵਾਹ ਨਹੀਂ ਕੀਤੀ ਤੇ ਲਾਠੀਆਂ ਵਰ੍ਹਾਉਂਦੇ ਰਹੇ | ਪੁਲਸ ਦੀ ਦੁਰਵਰਤੋਂ ਕਰਨ ਵਿਚ ਯੂ ਪੀ ਦੀ ਯੋਗੀ ਸਰਕਾਰ ਦਾ ਰਿਕਾਰਡ ਸਭ ਤੋਂ ਮਾੜਾ ਹੈ | ਘੱਟ ਗਿਣਤੀਆਂ ਤੇ ਦਲਿਤਾਂ ‘ਤੇ ਤਸ਼ੱਦਦ ਦੇ ਮਾਮਲੇ ਰੋਜ਼ ਸਾਹਮਣੇ ਆ ਰਹੇ ਹਨ | ਮੁਕਾਬਲਿਆਂ ਵਿਚ ਮਾਰ ਦੇਣਾ ਵੀ ਪੁਲਸ ਨੇ ਖੇਡ ਬਣਾ ਰੱਖਿਆ ਹੈ | ਸੂਬੇ ਨੂੰ ਪੁਲਸੀਆ ਰਾਜ ਵਿਚ ਬਦਲ ਦਿੱਤਾ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles