27.5 C
Jalandhar
Friday, April 19, 2024
spot_img

1800 ਤੋਂ ਵੱਧ ਜ਼ਿੰਦਾ ਦਫਨ

ਅੰਕਾਰਾ/ਅਜਮਾਰਿਨ : ਦੱਖਣ-ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ‘ਚ ਸੋਮਵਾਰ ਤੜਕੇ ਆਏ 7.8 ਸ਼ਿੱਦਤ ਵਾਲੇ ਭੁਚਾਲ ਕਰਨ ਸੈਂਕੜੇ ਇਮਾਰਤਾਂ ਢਹਿ ਗਈਆਂ ਅਤੇ 1800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ | ਤੁਰਕੀ ਵਿਚ ਸਭ ਤੋਂ ਵੱਧ 1014 ਲੋਕਾਂ ਦੇ ਮਰਨ ਤੇ 5385 ਦੇ ਜ਼ਖਮੀ ਹੋਣ ਦੀ ਸ਼ਾਮ ਤੱਕ ਪੁਸ਼ਟੀ ਕੀਤੀ ਗਈ ਸੀ | ਸੀਰੀਆ ਵਿਚ 783 ਦੇ ਮਰਨ ਤੇ 1500 ਤੋਂ ਵੱਧ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਸਨ | ਝਟਕੇ ਇਜ਼ਰਾਈਲ ਤੇ ਲਿਬਨਾਨ ਵਿਚ ਵੀ ਮਹਿਸੂਸ ਕੀਤੇ ਗਏ | ਸੈਂਕੜੇ ਲੋਕ ਮਲਬੇ ਹੇਠ ਫਸੇ ਸਨ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ | ਬਚਾਅਕਰਮੀ ਲੋਕਾਂ ਨੂੰ ਡਿੱਗੀਆਂ ਇਮਾਰਤਾਂ ਦੇ ਮਲਬੇ ਹੇਠੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ |
ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਅੰਦਰ ਅਤੇ ਸੜਕ ‘ਤੇ ਲੋਕਾਂ ਨੂੰ ਮਦਦ ਲਈ ਚੀਕਦੇ ਦੇਖਿਆ ਗਿਆ | ਭੁਚਾਲ ਦੇ ਝਟਕੇ ਮਿਸਰ ਦੀ ਰਾਜਧਾਨੀ ਕਾਹਿਰਾ ਤੱਕ ਮਹਿਸੂਸ ਕੀਤੇ ਗਏ | ਇਸ ਦਾ ਕੇਂਦਰ ਸੀਰੀਆ ਦੀ ਸਰਹੱਦ ਤੋਂ ਲੱਗਭੱਗ 90 ਕਿਲੋਮੀਟਰ ਦੂਰ ਗਾਜ਼ੀਆਂਟੇਪ ਸ਼ਹਿਰ ਦੇ ਉੱਤਰ ‘ਚ ਸੀ | ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਏਰਦੋਆਨ ਨੇ ਟਵੀਟ ਕੀਤਾ ਕਿ ਭੁਚਾਲ ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਟੀਮਾਂ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ ਹੈ | ਭੁਚਾਲ ਤੋਂ ਬਾਅਦ ਵੀ 6 ਝਟਕੇ ਮਹਿਸੂਸ ਕੀਤੇ ਗਏ | ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਲੋਕਾਂ ਨੂੰ ਨੁਕਸਾਨੀਆਂ ਇਮਾਰਤਾਂ ‘ਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ | ਤੁਰਕੀ ਦੇ ਮਾਲਾਤਿਆ ਸੂਬੇ ਦੇ ਗਵਰਨਰ ਹੁਲਸੀ ਸ਼ਾਹੀਨ ਨੇ ਕਿਹਾ ਕਿ ਘੱਟੋ-ਘੱਟ 130 ਇਮਾਰਤਾਂ ਢਹਿ ਗਈਆਂ ਹਨ | ਦੀਯਾਰਬਾਕਿਰ ਸ਼ਹਿਰ ਵਿੱਚ ਘੱਟੋ-ਘੱਟ 15 ਇਮਾਰਤਾਂ ਢਹਿ ਗਈਆਂ | ਉੱਤਰੀ-ਪੱਛਮੀ ਸੀਰੀਆ ‘ਚ ਵਿਰੋਧੀ ਧਿਰ ਸੀਰੀਅਨ ਸਿਵਲ ਡਿਫੈਂਸ ਨੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰ ‘ਚ ਸਥਿਤੀ ਨੂੰ ਵਿਨਾਸ਼ਕਾਰੀ ਦੱਸਦਿਆਂ ਕਿਹਾ ਕਿ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠ ਕਈ ਲੋਕ ਦੱਬੇ ਹੋਏ ਹਨ | ਸੀਰੀਆਈ ਸਿਵਲ ਡਿਫੈਂਸ ਨੇ ਲੋਕਾਂ ਨੂੰ ਇਮਾਰਤਾਂ ਦੇ ਬਾਹਰ ਅਤੇ ਖੁੱਲ੍ਹੀਆਂ ਥਾਵਾਂ ‘ਤੇ ਰਹਿਣ ਲਈ ਕਿਹਾ ਹੈ | ਭੁਚਾਲ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਪੱਛਮੀ ਏਸ਼ੀਆ ਬਰਫੀਲੇ ਤੁਫਾਨ ਦੀ ਲਪੇਟ ‘ਚ ਹੈ, ਜਿਸ ਦੇ ਵੀਰਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ |

Related Articles

LEAVE A REPLY

Please enter your comment!
Please enter your name here

Latest Articles