ਨਵੀਂ ਦਿੱਲੀ : ਅਡਾਨੀ ਗਰੁੱਪ ਨਾਲ ਜੁੜੇ ਮੁੱਦੇ ‘ਤੇ ਸੰਸਦ ‘ਚ ਚਰਚਾ ਅਤੇ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਦੇ ਗਠਨ ਦੀ ਮੰਗ ਨੂੰ ਲੈ ਕੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ‘ਚ ਸੋਮਵਾਰ ਲਗਾਤਾਰ ਤੀਜੇ ਦਿਨ ਵੀ ਕੰਮਕਾਜ ਨਾ ਹੋ ਸਕਿਆ | ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅਡਾਨੀ ਗਰੁੱਪ ਉੱਤੇ ‘ਹਿੰਡਨਬਰਗ ਰਿਸਰਚ’ ਦੀ ਰਿਪੋਰਟ ਅਤੇ ਸ਼ੇਅਰ ਬਾਜ਼ਾਰ ‘ਚ ਇਸ ਨਾਲ ਜੁੜੇ ਘਟਨਾਕ੍ਰਮ ਦੀ ਜਾਂਚ ਕਰਨ ਅਤੇ ਇਸ ਮੁੱਦੇ ‘ਤੇ ਚਰਚਾ ਕਰਨ ਲਈ ਜੇ ਪੀ ਸੀ ਦੇ ਗਠਨ ਦੀ ਮੰਗ ਕੀਤੀ | ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਕਰਨ ਤੋਂ ਬਾਅਦ ਮੰਗਲਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ | ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ ਬਾਅਦ ਦੁਪਹਿਰ 2 ਵਜੇ ਸਦਨ ਦੀ ਮੀਟਿੰਗ ਸ਼ੁਰੂ ਹੋਈ ਤਾਂ ਪ੍ਰਧਾਨਗੀ ਮੰਡਲ ਦੇ ਚੇਅਰਮੈਨ ਕੇ ਸੋਲੰਕੀ ਨੇ ਜ਼ਰੂਰੀ ਕਾਗਜ਼ਾਤ ਪੇਸ਼ ਕੀਤੇ | ਇਸ ਦੌਰਾਨ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾ ਦੀ ਸੀਟ ਨੇੜੇ ਆ ਗਏ |
ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸੰਸਦ ਭਵਨ ਕੰਪਲੈਕਸ ‘ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕਰਕੇ ਮੰਗ ਕੀਤੀ ਕਿ ਇਸ ਵਿਸ਼ੇ ‘ਤੇ ਸਦਨ ‘ਚ ਵੀ ਚਰਚਾ ਹੋਣੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ | ਪ੍ਰਦਰਸ਼ਨ ਕਰ ਰਹੇ ਨੇਤਾਵਾਂ ਨੇ ਬੈਨਰ ਵੀ ਚੁੱਕੇ ਹੋਏ ਸੀ, ਜਿਨ੍ਹਾਂ ‘ਤੇ ਲਿਖਿਆ ਸੀ-‘ਅਡਾਨੀ-ਮੋਦੀ ਮੇਂ ਯਾਰੀ ਹੈ, ਪੈਸੇ ਕੀ ਲੂਟ ਜਾਰੀ ਹੈ |’, ‘ਸੇਵ ਐੱਲ ਆਈ ਸੀ, ਸੇਵ ਐੱਸ ਬੀ ਆਈ’ ਅਤੇ ‘ਨਹੀਂ ਚਲੇਗੀ ਔਰ ਬੇਈਮਾਨੀ, ਬੱਸ ਕਰੋ ਮੋਦੀ-ਅਡਾਨੀ |’
ਪ੍ਰਦਰਸ਼ਨ ਕਰਨ ਵਾਲਿਆਂ ਵਿਚ ਕਾਂਗਰਸ ਤੋਂ ਇਲਾਵਾ ਡੀ ਐੱਮ ਕੇ, ਐੱਨ ਸੀ ਪੀ, ਬੀ ਆਰ ਐੱਸ, ਜੇ ਡੀ ਯੂ, ਸਪਾ, ਸੀ ਪੀ ਆਈ (ਐੱਮ), ਸੀ ਪੀ ਆਈ, ਜੇ ਐੱਮ ਐੱਮ, ਆਰ ਐੱਸ ਪੀ, ਆਪ, ਆਈ ਯੂ ਐੱਮ ਐੱਲ, ਰਾਜਦ ਤੇ ਸ਼ਿਵ ਸੈਨਾ (ਯੂ ਬੀ ਟੀ) ਦੇ ਮੈਂਬਰ ਸ਼ਾਮਲ ਸਨ |