32.6 C
Jalandhar
Tuesday, March 19, 2024
spot_img

ਵਿਨਾਸ਼ਕਾਰੀ ਬੁੁਲਡੋਜ਼ਰ

ਇਨ੍ਹੀਂ ਦਿਨੀਂ ਦੇਸ਼ ਦੇ ਸਿਰਤਾਜ ਹਿਮਾਲਿਆ ਦੀ ਹਰ ਪਾਸੇ ਚਰਚਾ ਹੈ | ਉਤਰਾਖੰਡ ਦਾ ਜੋਸ਼ੀਮੱਠ, ਜਿਸ ਨੂੰ ‘ਸਵਰਗ ਦਾ ਦਰਵਾਜ਼ਾ’ ਵੀ ਕਿਹਾ ਜਾਂਦਾ ਹੈ, ਜ਼ਮੀਨ ਵਿੱਚ ਸਮਾ ਰਿਹਾ ਹੈ | ਲੋਕ ਆਪਣੇ ਜੀਵਨ ਦੀ ਸਾਰੀ ਪੂੰਜੀ ਲਾ ਕੇ ਬਣਾਏ ਘਰਾਂ ਨੂੰ ਛੱਡ ਕੇ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ | ਸਿਰਫ਼ ਜੋਸ਼ੀਮੱਠ ਹੀ ਨਹੀਂ, ਉਤਰਾਖੰਡ ਦੇ ਅਨੇਕਾਂ ਸ਼ਹਿਰਾਂ-ਪਿੰਡਾਂ ਵਿੱਚ ਧਰਤੀ ਦੇ ਪਾਟਣ ਦੀਆਂ ਆ ਰਹੀਆਂ ਖ਼ਬਰਾਂ ਤੋਂ ਸਭ ਭੈ-ਭੀਤ ਹਨ | ਹੁਣ ਜੰਮੂ ਦੇ ਡੋਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚੋਂ ਵੀ ਅਜਿਹੀ ਖ਼ਬਰ ਆ ਗਈ ਹੈ |
ਠੱਠਰੀ ਤਹਿਸੀਲ ਦੇ ਨਵੀਂ ਬਸਤੀ ਪਿੰਡ ਦੇ ਘਰਾਂ ਵਿੱਚ ਵੀ ਤਰੇੜਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ | ਇਨ੍ਹਾਂ ਵਿੱਚੋਂ ਤਿੰਨ ਘਰਾਂ ਦੇ ਢਹਿ-ਢੇਰੀ ਹੋਣ ਤੋਂ ਬਾਅਦ 19 ਘਰਾਂ ਦੇ ਬਸ਼ਿੰਦਿਆਂ ਨੂੰ ਕੈਂਪ ਵਿੱਚ ਭੇਜ ਦਿੱਤਾ ਗਿਆ ਹੈ | ਪਿੰਡ ਦੇ 300 ਦੇ ਕਰੀਬ ਲੋਕ ਆਪਣੇ ਘਰਾਂ ਨੂੰ ਛੱਡ ਕੇ ਰਿਸ਼ਤੇਦਾਰਾਂ ਕੋਲ ਚਲੇ ਗਏ ਹਨ | ਇੱਕ ਵਾਤਾਵਰਨ ਕਾਰਕੁੰਨ ਮੁਤਾਬਕ ਪੀਰ ਪੰਜਾਲ ਪਰਬਤ, ਜੋ ਜੰਮੂ ਖੇਤਰ ਨੂੰ ਕਸ਼ਮੀਰ ਘਾਟੀ ਤੋਂ ਵੱਖ ਕਰਦਾ ਹੈ, ਸੜਕਾਂ ਤੇ ਬਿਜਲੀ ਯੋਜਨਾਵਾਂ ਦੇ ਵਿਸਥਾਰ ਲਈ ਡਾਇਨਾਮਾਈਟ ਧਮਾਕਿਆਂ ਤੇ ਪਹਾੜੀਆਂ ਕੱਟਣ ਕਾਰਨ ਅਸਥਿਰ ਹੋ ਚੁੱਕਾ ਹੈ | ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੌਮੀ ਰਾਜਮਾਰਗ 244, ਜੋ ਜੰਮੂ ਖੇਤਰ ਨੂੰ ਦੱਖਣੀ ਕਸ਼ਮੀਰ ਨਾਲ ਜੋੜਦਾ ਹੈ, ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ | ਇਸ ਦੇ ਨਾਲ ਹੀ ਸਰਕਾਰ ਠੱਠਰੀ ਤੋਂ 7 ਕਿਲੋਮੀਟਰ ਦੂਰ 859 ਮੈਗਾਵਾਟ ਦੀ ਜਲ ਬਿਜਲੀ ਯੋਜਨਾ ਦਾ ਨਿਰਮਾਣ ਕਰ ਰਹੀ ਹੈ | ਜੋਸ਼ੀਮੱਠ ਦੇ ਲੋਕ ਵੀ ਆਪਣੀ ਤਬਾਹੀ ਲਈ ਅਜਿਹੀਆਂ ਯੋਜਨਾਵਾਂ ਨੂੰ ਹੀ ਜ਼ਿੰਮੇਵਾਰ ਮੰਨ ਰਹੇ ਹਨ |
ਇਹ ਕਿਹੋ ਜਿਹਾ ਵਿਕਾਸ ਹੈ, ਜਿਹੜਾ ਸਮੁੱਚੇ ਹਿਮਾਲਿਆ ਨੂੰ ਦਰਕਾ ਰਿਹਾ ਹੈ ਤੇ ਮਨੁੱਖਤਾ ਲਈ ਖ਼ਤਰਾ ਬਣ ਰਿਹਾ ਹੈ | ਨਦੀਆਂ, ਨਾਲਿਆਂ ਤੇ ਜੰਗਲੀ ਬਨਸਪਤੀ ਨੂੰ ਤਬਾਹ ਕਰ ਰਿਹਾ ਹੈ | ਜੀਵ-ਜੰਤੂਆਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ | ਇਹ ਵਿਕਾਸ ਕਿਸ ਲਈ ਹੈ? ਮੌਜੂਦਾ ਸਰਕਾਰ ਦੇ ਦੋ ਹੀ ਨਿਸ਼ਾਨੇ ਹਨ | ਇਕ, ਸੱਤਾ ਵਿੱਚ ਬਣੇ ਰਹਿਣ ਲਈ ਹਿੰਦੂਆਂ ਦੀ ਧਾਰਮਕ ਆਸਥਾ ਨੂੰ ਪੱਠੇ ਪਾਉਣੇ ਤੇ ਦੂਜਾ, ਆਪਣੇ ਸਾਮਰਾਜਵਾਦੀ ਆਕਾਵਾਂ ਨੂੰ ਮੰਦੀ ਵਿੱਚੋਂ ਉਭਾਰਨ ਲਈ ਭਾਰਤੀ ਬਜ਼ਾਰ ਨੂੰ ਉਨ੍ਹਾਂ ਦੇ ਸਪੁਰਦ ਕਰਨਾ | ਮੋਦੀ ਸਰਕਾਰ ਨੇ 2017 ਵਿੱਚ ਹਿੰਦੂਆਂ ਦੇ ਚਾਰ ਧਾਮਾਂ, ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮੁਨੋਤਰੀ ਨੂੰ ਜੋੜਨ ਵਾਲੀ ਯੋਜਨਾ ਦੀ ਸ਼ੁਰੂਆਤ ਉਥੋਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੀਤੀ ਸੀ ਤੇ ਉਸ ਨੂੰ ਮੁਕੰਮਲ ਕਰਨ ਦਾ ਟੀਚਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰੱਖਿਆ ਗਿਆ ਸੀ | ਮਕਸਦ ਸਾਫ਼ ਹੈ, ਪਰ ਕੁਦਰਤ ਨਾਲ ਲਾਇਆ ਮੱਥਾ ਕਈ ਵਾਰ ਉਲਟਾ ਵੀ ਪੈ ਜਾਂਦਾ ਹੈ |
ਅੱਜ ਬੁਲਡੋਜ਼ਰ ਅਜੋਕੇ ਹਾਕਮਾਂ ਦੀ ਸੱਤਾ ਦਾ ਪ੍ਰਤੀਕ ਬਣ ਚੁੱਕਾ ਹੈ | ਪਹਿਲਾਂ ਨਫ਼ਰਤੀ ਭਾਸ਼ਣਾਂ ਰਾਹੀਂ ਦੰਗੇ ਭੜਕਾਏ ਜਾਂਦੇ ਹਨ ਤੇ ਫਿਰ ਵਿਰੋਧੀਆਂ, ਘੱਟ-ਗਿਣਤੀਆਂ ਤੇ ਦਲਿਤਾਂ ਦੇ ਘਰਾਂ ਤੇ ਕਾਰੋਬਾਰੀ ਥਾਵਾਂ ਉੱਤੇ ਬੁਲਡੋਜ਼ਰ ਚਲਾਏ ਜਾਂਦੇ ਹਨ | ਇਹ ਬੁਲਡੋਜ਼ਰ ਇੱਥੋਂ ਤੱਕ ਹੀ ਸੀਮਤ ਨਹੀਂ, ਹੁਣ ਇਹ ਸਾਰੇ ਦੇਸ਼ ਦੀਆਂ ਉਪਜਾਊ ਜ਼ਮੀਨਾਂ, ਜੰਗਲਾਂ ਤੇ ਪਹਾੜਾਂ ਨੂੰ ਤਹਿਸ-ਨਹਿਸ ਕਰਨ ਲਈ ਬੇਮੁਹਾਰਾ ਹੋ ਕੇ ਨਿਕਲ ਚੁੱਕਾ ਹੈ | ਯਾਦ ਕਰੋ 22 ਅਪ੍ਰੈਲ 2022 ਨੂੰ ਬਰਤਾਨੀਆ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਭਾਰਤ ਆਏ ਸਨ | ਉਨ੍ਹਾ ਇੱਥੇ ਆ ਕੇ ਇੱਕ ਬੁਲਡੋਜ਼ਰ ਫੈਕਟਰੀ ਦਾ ਉਦਘਾਟਨ ਕੀਤਾ ਸੀ | ਉਨ੍ਹਾ ਬੁਲਡੋਜ਼ਰ ਉੱਤੇ ਚੜ੍ਹ ਕੇ ਫੋਟੋ ਵੀ ਖਿਚਵਾਈ ਸੀ, ਜਿਸ ਨੂੰ ਗੋਦੀ ਮੀਡੀਆ ਨੇ ਘਰ-ਘਰ ਪੁਚਾਇਆ ਸੀ |
ਅੱਜ ਸਾਰੇ ਦੇਸ਼ ਅੰਦਰ ਨਿਰਮਾਣ ਯੋਜਨਾਵਾਂ ਚਾਲੂ ਹਨ, ਐੱਕਸਪ੍ਰੈੱਸ ਵੇਅ ਤੇ ਓਵਰ ਬਰਿੱਜ ਬਣ ਰਹੇ ਹਨ | ਮੰਦਰਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ | ਨਦੀਆਂ ਕਿਨਾਰੇ ਟੈਂਟਾਂ ਦੇ ਸ਼ਹਿਰ ਵਸਾਏ ਜਾ ਰਹੇ ਹਨ | ਗੰਗਾ ਵਿੱਚ ਪੰਜ ਸਿਤਾਰਾ ਕਰੂਜ਼ ਚਲਾਇਆ ਜਾ ਰਿਹਾ ਹੈ | ਇਸ ਰਾਹੀਂ ਇੱਕ ਪਾਸੇ ਵੋਟ ਬੈਂਕ ਪੱਕਾ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਆਪਣੇ ਸਾਮਰਾਜੀ ਮਿੱਤਰਾਂ ਨੂੰ ਮੰਦੀ ‘ਚੋਂ ਕੱਢਣ ਲਈ ਨਵੇਂ ਤੋਂ ਨਵੇਂ ਖੇਤਰ ਲੁੱਟਣ ਲਈ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ | ਇਹ ਵਿਕਾਸ ਦਾ ਫਾਸ਼ੀਵਾਦੀ ਮਾਡਲ ਹੈ | ਇਸ ਦਾ ਜੋ ਵਿਰੋਧ ਕਰੇਗਾ, ਉਸ ਨੂੰ ਵਿਕਾਸ ਵਿਰੋਧੀ ‘ਅਰਬਨ ਨਕਸਲ’ ਕਹਿ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ | ਗੋਦੀ ਮੀਡੀਆ ਮੁਸਲਮਾਨਾਂ ਦੇ ਘਰਾਂ ਉੱਤੇ ਚਲਦਾ ਬੁਲਡੋਜ਼ਰ ਤਾਂ ਦਿਖਾਉਂਦਾ ਰਹਿੰਦਾ ਹੈ ਤਾਂ ਜੋ ਹਿੰਦੂ ਅਬਾਦੀ ਨੂੰ ਖੁਸ਼ ਕੀਤਾ ਜਾ ਸਕੇ, ਪਰ ਪਹਾੜਾਂ ਉੱਤੇ ਚਲਦਾ ਬੁਲਡੋਜ਼ਰ ਕਦੇ ਨਹੀਂ ਦਿਖਾਉਂਦਾ |
ਉਤਰਾਖੰਡ ਵਿਚਲੀ ਚਾਰ ਧਾਮ ਸੜਕ ਜਦੋਂ ਸ਼ੁਰੂ ਕੀਤੀ ਗਈ ਸੀ ਤਾਂ ਕੁਝ ਵਾਤਾਵਰਨ ਪ੍ਰੇਮੀ ਸੁਪਰੀਮ ਕੋਰਟ ਚਲੇ ਗਏ ਸਨ | ਸੁਪਰੀਮ ਕੋਰਟ ਨੇ ਸੜਕ ਨੂੰ 10 ਮੀਟਰ ਦੀ ਥਾਂ 5.5 ਮੀਟਰ ਚੌੜਾ ਕਰਨ ਦਾ ਆਦੇਸ਼ ਦੇ ਦਿੱਤਾ | ਇਸ ਤੋਂ ਬਾਅਦ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਪਾ ਦਿੱਤੀ | ਇਸ ਵਾਰ ‘ਰਾਸ਼ਟਰਵਾਦ’ ਦਾ ਸਹਾਰਾ ਲਿਆ ਗਿਆ ਤੇ ਕਿਹਾ ਗਿਆ ਕਿ ਚੀਨ ਦੇ ਹਮਲੇ ਨੂੰ ਰੋਕਣ ਲਈ ਸਰਹੱਦ ਉੱਤੇ ਟੈਂਕ ਭੇਜਣ ਲਈ ਚੌੜਾਈ 10 ਮੀਟਰ ਹੀ ਚਾਹੀਦੀ ਹੈ | ਸੁਪਰੀਮ ਕੋਰਟ ਵੀ ‘ਰਾਸ਼ਟਰਵਾਦ’ ਦੀ ਦਲੀਲ ਦੇ ਪ੍ਰਭਾਵ ਹੇਠ ਆ ਗਈ ਤੇ ਸੜਕ ਦੀ ਚੌੜਾਈ ਵਧਾਉਣ ਦੀ ਆਗਿਆ ਦੇ ਦਿੱਤੀ | ਇਸ ਤੋਂ ਬਾਅਦ ਸੜਕ ਦੀ ਉਸਾਰੀ ਤੇਜ਼ ਕਰ ਦਿੱਤੀ ਗਈ, ਕਿਉਂਕਿ ਇਸ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁਕੰਮਲ ਕਰਨਾ ਸੀ |
ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਵਾਤਾਵਰਨ ਦੀ ਤਬਾਹੀ ਸਮੁੱਚੀ ਮਨੁੱਖਤਾ ਲਈ ਖ਼ਤਰਾ ਬਣ ਸਕਦੀ ਹੈ | ਪਹਾੜਾਂ ਦੀ ਤਬਾਹੀ ਮੈਦਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦੀ ਹੈ | ਇਸ ਤਬਾਹੀ ਦਾ ਅਸਰ ਹਰ ਥਾਂ ਹੋਵੇਗਾ | ਇਸ ਲਈ ਵਿਨਾਸ਼ਕਾਰੀ ਬੁਲਡੋਜ਼ਰ ਨੂੰ ਰੋਕਣਾ ਪਵੇਗਾ | ਇਹ ਸਾਡੀ ਪੀੜ੍ਹੀ ਦਾ ਅਹਿਮ ਫ਼ਰਜ਼ ਹੈ, ਤਾਂ ਜੋ ਅਸੀਂ ਬਿਨਾਂ ਨੁਕਸਾਨ ਪੁਚਾਏ ਇਸ ਧਰਤੀ ਨੂੰ ਅਗਲੀ ਪੀੜ੍ਹੀ ਹਵਾਲੇ ਕਰ ਸਕੀਏ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles