ਨਵੀਂ ਦਿੱਲੀ : ਐਡਵੋਕੇਟ ਲਕਸ਼ਮਣ ਚੰਦਰ ਵਿਕਟੋਰੀਆ ਗੌਰੀ ਨੇ ਮੰਗਲਵਾਰ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਸਹੁੰ ਚੁੱਕੀ | ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਗੌਰੀ ਨੂੰ ਮਦਰਾਸ ਹਾਈ ਕੋਰਟ ਦੇ ਜੱਜ ਵਜੋਂ ਸਹੁੰ ਚੁੱਕਣ ਤੋਂ ਰੋਕਣ ਦੀ ਮੰਗ ਵਾਲੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ | ਮਦਰਾਸ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਟੀ ਰਾਜਾ ਨੇ ਗੌਰੀ ਨੂੰ ਰਾਸ਼ਟਰਪਤੀ ਵੱਲੋਂ ਜਾਰੀ ਨਿਯੁਕਤੀ ਆਦੇਸ਼ ਨੂੰ ਪੜ੍ਹਨ ਤੇ ਹੋਰ ਰਸਮਾਂ ਦੀ ਪਾਲਣਾ ਕਰਨ ਬਾਅਦ ਐਡੀਸ਼ਨਲ ਜੱਜ ਵਜੋਂ ਅਹੁਦੇ ਦੀ ਸਹੁੰ ਚੁਕਾਈ | ਗੌਰੀ ਤੋਂ ਇਲਾਵਾ ਚਾਰ ਹੋਰਨਾਂ ਨੇ ਵੀ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਸਹੁੰ ਚੁੱਕੀ | ਵਕੀਲਾਂ ਨੇ ਗੌਰੀ ਨੂੰ ਭਾਜਪਾ ਆਗੂ ਦੱਸਿਆ ਸੀ ਤੇ ਕਿਹਾ ਸੀ ਕਿ ਉਨ੍ਹਾ ਇਸਲਾਮ ਨੂੰ ਹਰੀ ਤੇ ਈਸਾਈਅਤ ਨੂੰ ਚਿੱਟੀ ਦਹਿਸ਼ਤਗਰਦੀ ਗਰਦਾਨਣ ਵਾਲੀ ਨਫਰਤੀ ਤਕਰੀਰ ਕੀਤੀ ਸੀ, ਇਸ ਕਰਕੇ ਸੰਵਿਧਾਨਕ ਤੌਰ ‘ਤੇ ਉਨ੍ਹਾ ਦੀ ਨਿਯੁਕਤੀ ਗਲਤ ਹੈ | ਜਸਟਿਸ ਸੰਜੀਵ ਖੰਨਾ ਵਾਲੀ ਬੈਂਚ ਵਿਚ ਸ਼ਾਮਲ ਜਸਟਿਸ ਬੀ ਆਰ ਗਵਈ ਨੇ ਕਿਹਾ ਕਿ ਜੱਜ ਬਣਨ ਤੋਂ ਪਹਿਲਾਂ ਉਨ੍ਹਾ ਦਾ ਵੀ ਸਿਆਸੀ ਪਿਛੋਕੜ ਸੀ, ਪਰ ਇਹ ਉਨ੍ਹਾ ਦਾ 20 ਸਾਲ ਦੇ ਸੇਵਾ ਕਾਲ ਵਿਚ ਕਦੇ ਅੜਿੱਕਾ ਨਹੀਂ ਬਣਿਆ |