ਭਾਰਤ ਲੋਕਤੰਤਰ ਦੀ ਮਾਂ ਤੇ ਪੀ ਐੱਮ ਪਖੰਡ ਦੇ ਪਿਓ : ਕਾਂਗਰਸ

0
316

ਨਵੀਂ ਦਿੱਲੀ : ਬੀ ਬੀ ਸੀ ਦੇ ਦਿੱਲੀ ਤੇ ਮੁੰਬਈ ਦਫਤਰਾਂ ਵਿਚ ਇਨਕਮ ਟੈਕਸ ਵਿਭਾਗ ਵੱਲੋਂ ‘ਸਰਵੇ’ ਕਰਨ ਨੂੰ ਲੈ ਕੇ ਕਾਂਗਰਸ ਨੇ ਬੁੱਧਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਕੀਤਾ | ਇਸਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਦੁਨੀਆ ਦੇ ਪ੍ਰੈਸ ਦੀ ਆਜ਼ਾਦੀ ਦੇ ਸੂਚਕ ਅੰਕ ਵਿਚ ਭਾਰਤ ਦਾ ਨੰਬਰ 150ਵਾਂ ਹੈ | ਉਨ੍ਹਾ ਕਿਹਾ—ਭਾਰਤ ਲੋਕਤੰਤਰ ਦੀ ਮਾਂ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀ ਕਿਉਂ ਪਖੰਡ ਦੇ ਪਿਓ ਬਣੇ ਹੋਏ ਹਨ | ਬੀ ਬੀ ਸੀ ਦੇ ਦਫਤਰ ਵਿਚ ਇਨਕਮ ਟੈਕਸ ਵਾਲਿਆਂ ਨੂੰ ਘੱਲ ਕੇ ਉਨ੍ਹਾ ਨੂੰ ਕੀ ਮਿਲੇਗਾ? ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਵਿਚ ਸਾਡਾ ਰੈਂਕ ਪਹਿਲਾਂ ਹੀ ਖਰਾਬ ਹੈ ਤੇ ਹੁਣ ਹੋਰ ਵੀ ਖਰਾਬ ਹੋਵੇਗਾ |
ਖੇੜਾ ਨੇ ਅੱਗੇ ਕਿਹਾ—ਪ੍ਰਧਾਨ ਮੰਤਰੀ ਨੇ ਫਿਲਿਪ ਕੋਟਲਰ ਐਵਾਰਡ, ਜਿਸ ਬਾਰੇ ਕਿਸੇ ਨੇ ਪਹਿਲਾਂ ਕਦੇ ਸੁਣਿਆ ਨਹੀਂ ਸੀ, ਮਿਲਣ ਦਾ ਜਸ਼ਨ ਮਨਾਇਆ ਸੀ ਤੇ ਜਦੋਂ ਇਕ ਮੀਡੀਆ ਹਾਊਸ (ਬੀ ਬੀ ਸੀ) ਨੇ ਅਲੋਚਨਾ ਕੀਤੀ ਤਾਂ ਪਹਿਲਾਂ ਉਸ ਵੱਲੋਂ ਜਾਰੀ ਡਾਕੂਮੈਂਟਰੀ ‘ਤੇ ਰੋਕ ਲਾ ਦਿੱਤੀ ਤੇ ਫਿਰ ਆਪਣੇ ਖਿਲਾਫ ਵਿਦੇਸ਼ੀ ਸਾਜ਼ਿਸ਼ ਦੱਸਣ ਤੋਂ ਬਾਅਦ ਇਨਕਮ ਟੈਕਸ ਵਾਲਿਆਂ ਨੂੰ ਉਸਦੇ ਪਿੱਛੇ ਪਾ ਦਿੱਤਾ |ਖੇੜਾ ਨੇ ਕਿਹਾ ਕਿ ਬੀ ਬੀ ਸੀ ਦਾ ਨਫੇ-ਨੁਕਸਾਨ ਵਾਲਾ ਰੈਵੇਨਿਊ ਮਾਡਲ ਨਹੀਂ ਹੈ | ਉਸਦੇ ਗਾਹਕ ਇੰਗਲੈਂਡ ਦੇ ਡਾਕਖਾਨਿਆਂ ਵਿਚ ਲਸੰਸ ਫੀਸ ਜਮ੍ਹਾਂ ਕਰਾਉਂਦੇ ਹਨ ਤੇ ਡਾਕਖਾਨਾ ਉਸਨੂੰ ਬੀ ਬੀ ਸੀ ਨੂੰ ਦਿੰਦਾ ਹੈ | ਅੱਗੋਂ ਬੀ ਬੀ ਸੀ ਉਸ ਵਿੱਚੋਂ ਮੁਲਾਜ਼ਮਾਂ ਨੂੰ ਤਨਖਾਹ ਦਿੰਦੀ ਹੈ | ਫਿਰ ਭਾਰਤ ਦਾ ਇਨਕਮ ਟੈਕਸ ਵਿਭਾਗ ਕਿੱਥੋਂ ਤਸਵੀਰ ਵਿਚ ਆ ਗਿਆ? ਜੇ ਹਿੰਡਨਬਰਗ ਦਾ ਭਾਰਤ ਵਿਚ ਦਫਤਰ ਹੁੰਦਾ ਤਾਂ ਉਸਦਾ ਵੀ ਹੁਣ ਤਕ ਸਰਵੇ ਹੋ ਗਿਆ ਹੋਣਾ ਸੀ | ਪ੍ਰਧਾਨ ਮੰਤਰੀ ਨੇ ਦੇਸ਼ ਦਾ ਮਜ਼ਾਕ ਬਣਾ ਦਿੱਤਾ ਹੈ | ਅਸੀਂ ਬਨਾਨਾ ਰਿਪਬਲਿਕ (ਸਿਆਸੀ ਤੌਰ ‘ਤੇ ਅਸਥਿਰ ਤੇ ਸੀਮਤ ਉਤਪਾਦਾਂ ਦੇ ਨਿਰਯਾਤ ‘ਤੇ ਨਿਰਭਰ ਦੇਸ਼) ਨਹੀਂ ਹਾਂ ਤੇ ਨਾ ਕਦੇ ਹੋਵਾਂਗੇ | ਚੇਤੇ ਰਹੇ ਬੀ ਬੀ ਸੀ ਨੇ ਆਪਣੀ ਡਾਕੂਮੈਂਟਰੀ ਵਿਚ ਗੁਜਰਾਤ ਦੰਗਿਆਂ ਵਿਚ ਮੋਦੀ ਦੇ ਰੋਲ ਦੀ ਚਰਚਾ ਕੀਤੀ ਸੀ ਤੇ ਉਸਤੋਂ ਬਾਅਦ ਭਾਜਪਾ ਨੇ ਉਸਨੂੰ ਭਾਰਤ ਖਿਲਾਫ ਜ਼ਹਿਰ ਉਗਲਣ ਵਾਲੀ ਦੱਸਿਆ ਸੀ |ਬੀ ਬੀ ਸੀ ਇੰਡੀਆ ਵਿਰੁੱਧ ਆਮਦਨ ਕਰ ਵਿਭਾਗ ਨੇ ਬੁੱਧਵਾਰ ਦੂਜੇ ਦਿਨ ਵੀ ਛਾਪੇ ਜਾਰੀ ਰੱਖੇ | ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਚੋਰੀ ਦੀ ਜਾਂਚ ਵਜੋਂ ਮੰਗਲਵਾਰ ਨੂੰ ਦਿੱਲੀ ਅਤੇ ਮੁੰਬਈ ਸਥਿਤ ਬੀ ਬੀ ਸੀ ਦਫਤਰਾਂ ਅਤੇ ਦੋ ਹੋਰ ਸੰਬੰਧਤ ਸਥਾਨਾਂ ‘ਤੇ ਛਾਪੇ ਮਾਰੇ ਸਨ |
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ | ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਬਰਾਬਰ ਹੈ | ਜੋ ਵੀ ਭਾਜਪਾ ਦੇ ਖਿਲਾਫ ਬੋਲਦਾ ਹੈ, ਇਹ ਲੋਕ ਆਈ ਟੀ, ਸੀ ਬੀ ਆਈ ਅਤੇ ਈ ਡੀ ਨੂੰ ਉਸ ਦੇ ਪਿੱਛੇ ਛੱਡ ਦਿੰਦੇ ਹਨ | ਉਨ੍ਹਾ ਟਵੀਟ ਕਰਕੇ ਇਹ ਸਵਾਲ ਕੀਤਾ-ਕੀ ਭਾਜਪਾ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਅਤੇ ਸੰਸਥਾਵਾਂ ਨੂੰ ਕੁਚਲ ਕੇ ਪੂਰੇ ਦੇਸ਼ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ?

LEAVE A REPLY

Please enter your comment!
Please enter your name here