ਗਰਮੀ ਦੀ ਦਸਤਕ, ਠੰਢ ਆਖਰੀ ਪੜਾਅ ‘ਤੇ

0
301

ਕਮਲਜੀਤ ਥਾਬਲਕੇ
ਕੁਦਰਤ ਦਾ ਨਿਯਮ ਹੈ ਹਰ ਚੀਜ਼ ਆਪਣੀ ਜਗ੍ਹਾ ਬਦਲ ਦੀ ਹੈ | ਕੋਈ ਵੀ ਚੀਜ਼ ਇਸ ਧਰਤੀ ‘ਤੇ ਸਦਾ ਨਹੀਂ, ਜੇ ਰਾਤ ਹੈ ਤਾਂ ਉਸ ਤੋਂ ਬਾਅਦ ਸਵੇਰਾ ਹੈ | ਜੇ ਜ਼ਿੰਦਗੀ ਹੈ ਤਾਂ ਮੌਤ ਹੈ | ਜੋ ਸ਼ੁਰੂ ਹੁੰਦਾ ਹੈ, ਉਸ ਦਾ ਅੰਤ ਵੀ ਹੈ, ਜੋ ਜੰਮਦਾ ਹੈ, ਉਸ ਨੇ ਮਰਨਾ ਵੀ ਹੈ | ਇਸੇ ਤਰ੍ਹਾਂ ਜੇ ਠੰਢ ਹੈ ਤਾਂ ਇੱਕ ਸਮੇਂ ਬਾਅਦ ਗਰਮੀ ਨੇ ਵੀ ਆਉਣਾ ਹੈ | ਅਸੀਂ ਠੰਢ ਦਾ ਬਹੁਤ ਅਨੰਦ ਲੈ ਲਿਆ, ਹੁਣ ਮੌਸਮ ‘ਚ ਬਦਲਾਅ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ | ਦਰੱਖ਼ਤ ਆਪਣਾ ਰੰਗ ਬਦਲਣ ਲੱਗ ਪਏ ਹਨ, ਪੁਰਾਣੇ ਪੱਤੇ ਦਰੱਖ਼ਤਾਂ ਨੂੰ ਅਲਵਿਦਾ ਕਹਿ ਰਹੇ ਹਨ, ਨਵੀਂਆਂ ਕਰੂੰਬਲਾ ਫੁਟ ਕੇ ਪੁਰਾਣਿਆ ਦੀ ਜਗ੍ਹਾ ਲੈਣ ਲਈ ਤਿਆਰ ਹੋ ਰਹੀਆਂ ਹਨ | ਠੰਢ ਹੁਣ ਆਪਣੇ ਆਖਰੀ ਪੜਾਅ ‘ਤੇ ਖੜੀ ਅਲਵਿਦਾ ਕਹਿ ਰਹੀ ਹੈ, ਮੌਸਮ ‘ਚ ਤੇਜ਼ੀ ਨਾਲ ਬਦਲਾਅ ਹੋਣਾ ਸ਼ੁਰੂ ਹੋ ਗਿਆ ਹੈ | ਸੂਰਜ ਦੀ ਤੇਜ਼ ਰੌਸ਼ਨੀ ਹੁਣ ਤਪਾਉਣਾ ਸ਼ੁਰੂ ਕਰਨ ਲੱਗ ਪਈ ਹੈ | ਸਵੇਰੇ-ਸ਼ਾਮ ਥੋੜ੍ਹੀ ਬਹੁਤ ਮੌਸਮ ‘ਚ ਠੰਢਕ ਤਾਂ ਹੈ, ਪਰ ਜਦ ਸੂਰਜ ਦੀ ਰੌਸ਼ਨੀ ਹੋਣ ਲੱਗਦੀ ਹੈ ਤਾਂ ਸਵੇਰ ਦੀ ਠੰਢ ਉਸ ਅੱਗੇ ਟਿੱਕ ਨਹੀਂ ਪਾਉਂਦੀ | ਇਸ ਨਾਲ ਹੀ ਮੌਸਮ ‘ਚ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ | ਮੋਟੇ ਕੱਪੜਿਆਂ ਦੀ ਜਗ੍ਹਾ ਹੁਣ ਹਲਕੇ ਕੱਪੜਿਆਂ ਨੇ ਲੈਣੀ ਸ਼ੁਰੂ ਕਰ ਦਿੱਤੀ ਹੈ | ਗਰਮ ਕੱਪੜੇ ਪੇਟੀਆਂ, ਸੰਦੂਕਾਂ ‘ਚ ਜਾਣ ਨੂੰ ਤਿਆਰ ਹੋ ਗਏ ਹਨ | ਇਨ੍ਹਾਂ ਸਾਰੀਆਂ ਤਿਆਰੀਆਂ ਤੋਂ ਮਹਿਸੂਸ ਹੋਣ ਲੱਗਾ ਹੈ ਕਿ ਹੁਣ ਗਰਮੀ ਆਉਣ ਹੀ ਵਾਲੀ ਹੈ |
ਮੌਸਮ ਵਿਭਾਗ ਵੀ ਕਹਿ ਰਿਹਾ ਕਿ ਇਸ ਵਾਰ ਗਰਮੀ ਸਾਰੇ ਵੱਟ ਕੱਢ ਦੇਵੇਗੀ | ਸੂਰਜ ਵੀ ਹੁਣ ਤੋਂ ਹੀ ਕੁਝ ਇਸ ਤਰ੍ਹਾਂ ਦਾ ਦੱਸ ਰਿਹਾ ਹੈ | ਠੰਢ ਦੇ ਜਾਣ ਬਾਅਦ ਸ਼ਹਿਰਾਂ ‘ਚ ਗੰਨੇ ਦਾ ਰਸ ਕੱਢਣ ਵਾਲੇ ਦਨਦਨਾਉਣ ਲੱਗੇ ਹਨ | ਹਰ ਚੌਰਾਹੇ ‘ਤੇ ਹੁਣ ਇਨ੍ਹਾਂ ਦੇ ਠੇਲੇ੍ਹ ਦਿਖਾਈ ਦੇਣ ਲੱਗੇ ਹਨ | ਇਸ ਦੇ ਨਾਲ ਹੀ ਕੁਲਫੀਆਂ ਵਾਲੇ ਠੰਢੀਆਂ ਕੁਫ਼ਲੀਆਂ ਲੈ ਕੇ ਆ ਗਏ ਹਨ | ਗਰਮੀਆਂ ‘ਚ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਗੰਨੇ ਦਾ ਰਸ ਪੀ ਕੇ ਠੰਢਕ ਮਹਿਸੂਸ ਕਰਦੇ ਹਨ |
ਬਹੁਤ ਸਾਰੇ ਲੋਕਾਂ ਨੇ ਠੰਢ ਕਾਰਨ ਸਵੇਰੇ ਦੀ ਸੈਰ ਬੰਦ ਕਰ ਦਿੱਤੀ ਸੀ, ਹੁਣ ਸ਼ਹਿਰ ‘ਚ ਸਵੇਰ ਵੇਲੇ ਲੋਕਾਂ ਨੂੰ ਸੈਰ ਕਰਦਿਆਂ ਦੇਖਿਆ ਜਾਣ ਲੱਗਾ ਹੈ |
ਜੋ ਠੰਢ ਕਾਰਨ ਰਜਾਈਆਂ ‘ਚ ਦੁਬਕੇ ਰਹਿੰਦੇ ਸਨ, ਹੁਣ ਸੜਕਾਂ, ਪਾਰਕਾਂ ਜਾਂ ਫਿਰ ਸਟੇਡੀਅਮ ‘ਚ ਲੋਕਾਂ ਦੀ ਗਿਣਤੀ ‘ਚ ਵਾਧਾ ਦਿਖਾਈ ਦੇਣ ਲੱਗਾ ਹੈ | ਲੋਕਾਂ ਨੂੰ ਹੁਣ ਮੌਸਮ ‘ਚ ਹਲਕੀ-ਹਲਕੀ ਠੰਢ ਚੰਗੀ ਲੱਗਣ ਲੱਗੀ ਹੈ | ਕੁਝ ਦਿਨਾਂ ‘ਚ ਠੰਢ ਚਲੀ ਜਾਵੇਗੀ ਤੇ ਗਰਮੀ ਇਸ ਦੀ ਜਗ੍ਹਾ ਲੈ ਲਵੇਗੀ | ਮੌਸਮ ‘ਚ ਹਲਕੀ-ਹਲਕੀ ਠੰਢ ਵੀ ਹੁਣ ਜ਼ਿਆਦਾ ਦਿਨ ਤੱਕ ਰਹਿਣ ਵਾਲੀ ਨਹੀਂ, ਕਿਉਂ ਗਰਮੀ ਨੇ ਬਸ ਹੁਣ ਦਸਤਕ ਦੇ ਹੀ ਦਿੱਤੀ ਹੈ | ਤਾਪਮਾਨ ਵਧਣ ਨਾਲ ਇਸ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ | ਭਾਵੇਂ ਹਾਲੇ ਰਾਤ ਦਾ ਤਾਪਮਾਨ ਨਹੀਂ ਵਧਿਆ, ਪਰ ਦਿਨ ਦਾ ਤਾਪਮਾਨ ਉਚਾਈ ਵੱਲ ਜਾਣ ਲੱਗ ਪਿਆ ਹੈ, ਉਸ ਨੇ ਆਪਣੀ ਚਾਲ ਸ਼ੁਰੂ ਕਰ ਦਿੱਤੀ, ਜਿਵੇਂ ਜਿਵੇਂ ਉਹ ਉਚਾਈ ਵੱਲ ਨੂੰ ਜਾ ਰਿਹਾ ਹੈ, ਉਵੇਂ ਗਰਮੀ ਵੀ ਵਧਣ ਲੱਗੀ ਹੈ | ਲੋਕ ਸਰਦੀਆਂ ‘ਚ ਗਰਮ ਪਾਣੀ ਕੇ ਆਪਣੇ ਆਪ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰਦੇ ਸਨ, ਪਰ ਹੁਣ ਠੰਢੇ ਪਾਣੀ ਵੱਲ ਆ ਰਹੇ ਹਨ ਤੇ ਆਪਣੇ ਗਲੇ ਨੂੰ ਤਰ ਕਰਨ ਲਈ ਠੰਢਾ ਪਾਣੀ ਪੀ ਰਹੇ ਹਨ | ਜਗ੍ਹਾ-ਜਗ੍ਹਾ ਨਾਰੀਅਲ ਪਾਣੀ ਦੀਆਂ ਰੇਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ | ਗਰਮੀਆਂ ਦੇ ਦਿਨਾਂ ‘ਚ ਨਾਰੀਅਲ ਪਾਣੀ ਦੀ ਮੰਗ ਵਧ ਜਾਂਦੀ ਹੈ | ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਬਸ ਕੁਝ ਦਿਨਾਂ ਦੀ ਠੰਢ ਰਹਿ ਗਈ ਹੈ |

LEAVE A REPLY

Please enter your comment!
Please enter your name here