ਨਵੀਂ ਦਿੱਲੀ : ਕੇਂਦਰੀ ਮੰਤਰੀ ਸਿਮਰਤੀ ਈਰਾਨੀ ਨੇ ਅਮਰੀਕਾ ਦੇ ਖਰਬਪਤੀ ਕਾਰੋਬਾਰੀ ਜਾਰਜ ਸੋਰੋਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬਿਆਨ ਨੂੰ ਵਿਦੇਸ਼ੀ ਸਾਜ਼ਿਸ਼ ਕਰਾਰ ਦਿੱਤਾ ਹੈ | ਸੋਰੋਸ ਨੇ ਵੀਰਵਾਰ ਰਾਤ ਮਿਊਨਿਖ ਸਕਿਉਰਟੀ ਕਾਨਫਰੰਸ ਵਿਚ ਕਿਹਾ ਸੀ ਕਿ ਭਾਰਤ ਜਮਹੂਰੀ ਦੇਸ਼ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਮਹੂਰੀ ਨਹੀਂ ਹਨ | ਉਨ੍ਹਾ ਦੇ ਤੇਜ਼ੀ ਨਾਲ ਵੱਡਾ ਆਗੂ ਬਣਨ ਦੀ ਅਹਿਮ ਵਜ੍ਹਾ ਮੁਸਲਮਾਨਾਂ ‘ਤੇ ਕੀਤੀ ਗਈ ਹਿੰਸਾ ਹੈ | ਸਿਮਰਤੀ ਨੇ ਕਿਹਾ ਕਿ ਵਿਦੇਸ਼ੀ ਧਰਤੀ ਤੋਂ ਭਾਰਤ ਦੇ ਜਮਹੂਰੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ | ਇਹ ਭਾਰਤ ਦੀ ਜਮਹੂਰੀਅਤ ਵਿਚ ਦਖਲ ਦੇਣ ਦੀ ਕੋਸ਼ਿਸ਼ ਹੈ | ਉਨ੍ਹਾ ਦੋਸ਼ ਲਾਇਆ ਕਿ ਸੋਰੋਸ ਪ੍ਰਧਾਨ ਮੰਤਰੀ ਨੂੰ ਹੀ ਨਹੀਂ, ਭਾਰਤੀ ਜਮਹੂਰੀ ਸਿਸਟਮ ‘ਤੇ ਵੀ ਹਮਲਾ ਕਰ ਰਹੇ ਹਨ | ਉਹ ਹਿੰਦੁਸਤਾਨ ਵਿਚ ਅਜਿਹੀ ਵਿਵਸਥਾ ਬਣਾਉਣਾ ਚਾਹੁੰਦੇ ਹਨ, ਜਿਸ ਵਿਚ ਸਰਕਾਰ ਚਲਾਉਣ ਵਾਲੇ ਉਨ੍ਹਾ ਦੀ ਪਸੰਦ ਦੇ ਹੋਣਗੇ | ਭਾਰਤ ਵਿਰੁੱਧ ਅਜਿਹੀ ਜੰਗ ਛੇੜੀ ਗਈ ਹੈ, ਜਿਸ ਦੇ ਕੇਂਦਰ ਵਿਚ ਮੋਦੀ ਹਨ | ਹਰ ਭਾਰਤੀ ਨੂੰ ਇਸ ਦਾ ਮੂੰਹ-ਤੋੜ ਜਵਾਬ ਦੇਣਾ ਚਾਹੀਦਾ ਹੈ | ਸੋਰੋਸ ਨੇ ਭਾਰਤ ਤੇ ਹੋਰਨਾਂ ਜਮਹੂਰੀ ਪ੍ਰਬੰਧਾਂ ਵਿਚ ਦਖਲ ਦੇਣ ਲਈ ਇਕ ਅਰਬ ਅਮਰੀਕੀ ਡਾਲਰ ਦਾ ਫੰਡ ਕਾਇਮ ਕੀਤਾ ਹੈ | ਮਿਊਨਿਖ ਸਕਿਉਰਟੀ ਕਾਨਫਰੰਸ ਵਿਚ ਬੋਲਦਿਆਂ ਸੋਰੋਸ ਨੇ ਕਿਹਾ ਕਿ ਭਾਰਤ ਕਵਾਡ ਦਾ ਮੈਂਬਰ ਹੈ, ਜਿਸ ਵਿਚ ਆਸਟਰੇਲੀਆ, ਅਮਰੀਕਾ ਤੇ ਜਾਪਾਨ ਵੀ ਉਸ ਦੇ ਨਾਲ ਹਨ | ਇਸ ਦੇ ਬਾਵਜੂਦ ਭਾਰਤ ਰੂਸ ਤੋਂ ਵੱਡੇ ਡਿਸਕਾਊਾਟ ‘ਤੇ ਤੇਲ ਖਰੀਦ ਕੇ ਮੁਨਾਫਾ ਕਮਾ ਰਿਹਾ ਹੈ | ਉਨ੍ਹਾ ਇਹ ਵੀ ਕਿਹਾ—ਸਟਾਕ ਮਾਰਕਿਟ ਵਿਚ ਅਡਾਨੀ ਦੇ ਸ਼ੇਅਰ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰ ਗਏ | ਮੋਦੀ ਤੇ ਅਡਾਨੀ ਇਕ-ਦੂਜੇ ਦੇ ਸਹਿਯੋਗੀ ਹਨ | ਅਡਾਨੀ ਨੇ ਸਟਾਕ ਮਾਰਕਿਟ ਰਾਹੀਂ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੇ | ਮੋਦੀ ਇਸ ਬਾਰ ਚੁੱਪ ਹਨ, ਪਰ ਉਨ੍ਹਾ ਨੂੰ ਵਿਦੇਸ਼ੀ ਨਿਵੇਸ਼ਕਾਂ ਤੇ ਸੰਸਦ ਵਿਚ ਉੱਠੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ, ਜਿਸ ਨਾਲ ਸਰਕਾਰ ‘ਤੇ ਉਨ੍ਹਾ ਦੀ ਪਕੜ ਕਮਜ਼ੋਰ ਹੋਵੇਗੀ | ਮੈਂ ਅਨਾੜੀ ਹੋ ਸਕਦਾ ਹਾਂ, ਪਰ ਮੈਂ ਭਾਰਤ ਵਿਚ ਫਿਰ ਤੋਂ ਜਮਹੂਰੀਅਤ ਦੇ ਆਉਣ ਦੀ ਉਮੀਦ ਕਰ ਰਿਹਾ ਹਾਂ |
ਸੋਰੋਸ ਨੇ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਤੇ ਕਸ਼ਮੀਰ ਵਿਚ ਧਾਰਾ 370 ਖਤਮ ਕਰਨ ‘ਤੇ ਵੀ ਮੋਦੀ ਦੀ ਅਲੋਚਨਾ ਕੀਤੀ ਸੀ | ਉਨ੍ਹਾ ਕਿਹਾ ਸੀ ਕਿ ਭਾਰਤ ਹਿੰਦੂ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ |
92 ਸਾਲ ਦੇ ਸੋਰੋਸ ਯਹੂਦੀ ਹਨ, ਜਿਸ ਕਰਕੇ ਦੂਜੀ ਸੰਸਾਰ ਜੰਗ ਵੇਲੇ ਉਨ੍ਹਾ ਨੂੰ ਆਪਣਾ ਦੇਸ਼ ਹੰਗਰੀ ਛੱਡਣਾ ਪਿਆ ਸੀ | ਉਹ 1947 ਵਿਚ ਲੰਡਨ ਪੁੱਜੇ, ਜਿਥੇ ਉਨ੍ਹਾ ਲੰਡਨ ਸਕੂੂਲ ਆਫ ਇਕਨਾਮਿਕਸ ਵਿਚ ਫਿਲਾਸਫੀ ਦੀ ਪੜ੍ਹਾਈ ਕੀਤੀ |
ਸੋਰੋਸ ਨੇ ਦਾਵੋਸ ਵਿਚ ਵਰਲਡ ਇਕਨਾਮਿਕ ਫੋਰਮ ਵਿਚ ਕਿਹਾ ਸੀ ਕਿ ਦੁਨੀਆ ਵਿਚ ਰਾਸ਼ਟਰਵਾਦ ਤੇਜ਼ੀ ਨਾਲ ਵਧ ਰਿਹਾ ਹੈ | ਇਸ ਦਾ ਸਭ ਤੋਂ ਖਤਰਨਾਕ ਨਤੀਜਾ ਭਾਰਤ ਵਿਚ ਦੇਖਣ ਨੂੰ ਮਿਲਿਆ ਹੈ, ਜਿਥੇ ਜਮਹੂਰੀ ਢੰਗ ਨਾਲ ਚੁਣੇ ਆਗੂ ਨਰਿੰਦਰ ਮੋਦੀ ਇਕ ਹਿੰਦੂ ਰਾਸ਼ਟਰਵਾਦੀ ਦੇਸ਼ ਬਣਾ ਰਹੇ ਹਨ | ਉਹ ਕਸ਼ਮੀਰ ‘ਤੇ ਸਖਤ ਪਾਬੰਦੀਆਂ ਲਾ ਰਹੇ ਹਨ |





