ਇਜ਼ਰਾਈਲੀ ਜਸੂਸੀ ਸਮੂਹ ਬੇਨਕਾਬ

0
310

ਭਾਜਪਾ ਦੇ ਕੇਂਦਰ ਵਿੱਚ ਸੱਤਾਧਾਰੀ ਹੋਣ ਤੋਂ ਬਾਅਦ ਇਸ ਦਾ ਇਜ਼ਰਾਈਲ ਪ੍ਰਤੀ ਰਵੱਈਆ ਉਲਾਰ ਹੱਦ ਤੱਕ ਦੋਸਤਾਨਾ ਰਿਹਾ ਹੈ | ਫਲਸਤੀਨੀ ਲੋਕਾਂ ਨਾਲ ਹੁੰਦੇ ਅੱਤਿਆਚਾਰਾਂ ਬਾਰੇ ਇਸ ਨੇ ਸਦਾ ਅੱਖਾਂ ਮੀਟੀ ਰੱਖੀਆਂ ਹਨ | ਅਸਲ ਵਿੱਚ ਇਜ਼ਰਾਈਲ ਇਸ ਸਮੇਂ ਤਾਨਾਸ਼ਾਹੀ ਵਿਚਾਰਧਾਰਾ ਦਾ ਮੁੱਖ ਸਰੋਤ ਬਣ ਚੁੱਕਾ ਹੈ | ਇਸ ਲਈ ਤਾਨਾਸ਼ਾਹੀ ਵਿਚਾਰਧਾਰਾ ਵਾਲੇ ਸ਼ਾਸਕ ਆਪਣੇ-ਆਪਣੇ ਦੇਸ਼ਾਂ ਵਿੱਚ ਲੋਕਤੰਤਰੀ ਪ੍ਰਣਾਲੀ ਨੂੰ ਤਾਨਾਸ਼ਾਹੀ ਵਿੱਚ ਢਾਲਣ ਲਈ ਇਜ਼ਰਾਈਲ ਦੀ ਮਦਦ ਲੈਂਦੇ ਰਹਿੰਦੇ ਹਨ | ਪਿਛਲੇ ਸਮੇਂ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਸਿਆਸੀ ਵਿਰੋਧੀਆਂ, ਜੱਜਾਂ, ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਦੀ ਜਸੂਸੀ ਕਰਨ ਲਈ ਇਜ਼ਰਾਈਲੀ ਕੰਪਨੀ ਤੋਂ ਪੈਗਾਸਸ ਨਾਂਅ ਦਾ ਜਾਸੂਸੀ ਯੰਤਰ ਖਰੀਦਿਆ ਸੀ | ਭਾਵੇਂ ਭਾਰਤ ਸਰਕਾਰ ਨੇ ਇਹ ਯੰਤਰ ਖਰੀਦੇ ਜਾਣ ਤੋਂ ਇਨਕਾਰ ਕੀਤਾ ਸੀ, ਪਰ ਕੌਮਾਂਤਰੀ ਮੀਡੀਆ ਨੇ ਉਨ੍ਹਾਂ ਸਭ ਵਿਅਕਤੀਆਂ ਦੇ ਨਾਂ ਨਸ਼ਰ ਕਰ ਦਿੱਤੇ ਸਨ, ਜਿਨ੍ਹਾਂ ਦੀ ਜਸੂਸੀ ਕੀਤੀ ਗਈ ਸੀ |
ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਇਜ਼ਰਾਈਲੀ ਸਮੂਹ ਕਈ ਦੇਸ਼ਾਂ, ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ, ਅੰਦਰ ਫਰਜ਼ੀ ਸੋਸ਼ਲ ਮੀਡੀਆ ਮੁਹਿੰਮਾਂ ਚਲਾ ਰਿਹਾ ਹੈ | ਬਰਤਾਨੀਆ ਦੀ ਅਖਬਾਰ ਗਾਰਡੀਅਨ ਸਮੇਤ 30 ਮੀਡੀਆ ਅਦਾਰਿਆਂ ਵੱਲੋਂ ਸਾਂਝੇ ਤੌਰ ਉੱਤੇ ਕੀਤੀ ਗਈ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਇਜ਼ਰਾਈਲ ਦੇ ਇੱਕ ਗਰੁੱਪ ‘ਟੀਮ ਜਾਰਜ’ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ | ਇਸ ਸੰਬੰਧੀ ਜਾਰੀ ਰਿਪੋਰਟ ਮੁਤਾਬਕ ਇਸ ਟੀਮ ਵੱਲੋਂ 30 ਤੋਂ ਵੱਧ ਚੋਣ ਮੁਹਿੰਮਾਂ ਨੂੰ ਪ੍ਰਭਾਵਤ ਕੀਤੇ ਜਾਣ ਦਾ ਸ਼ੱਕ ਹੈ | ਇਸ ਟੀਮ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਫਰਜ਼ੀ ਸੋਸ਼ਲ ਮੀਡੀਆ ਮੁਹਿੰਮਾਂ ਚਲਾਉਣ ਲਈ ਇੱਕ ਸਾਫ਼ਟਵੇਅਰ ਨਾਲ ਜੋੜਿਆ ਗਿਆ ਹੈ | ਇਸ ਟੀਮ ਨੂੰ ਇੱਕ ਸਾਬਕਾ ਇਜ਼ਰਾਈਲੀ ਸਪੈਸ਼ਲ ਫੋਰਸਜ਼ ਦੇ ਕਰਮਚਾਰੀ ਤਾਲ ਹਨਾਨ ਵੱਲੋਂ ਚਲਾਇਆ ਜਾ ਰਿਹਾ ਹੈ, ਜਿਹੜਾ ਆਪਣੇ ਨਕਲੀ ਨਾਂਅ ਜਾਰਜ ਦੀ ਵਰਤੋਂ ਕਰਕੇ ਗੁਪਤ ਤਰੀਕੇ ਨਾਲ ਕੰਮ ਕਰਦਾ ਹੈ | ਇਸ ‘ਟੀਮ ਜਾਰਜ’ ਉਤੇ ਹੈਕਿੰਗ, ਗੜਬੜ ਕਰਨ ਤੇ ਆਟੋਮੈਟਿਕ ਗਲਤ ਜਾਣਕਾਰੀਆਂ ਆਨਲਾਈਨ ਕਰਨ ਵਰਗੇ ਤਰੀਕੇ ਵਰਤਣ ਦਾ ਦੋਸ਼ ਲਾਇਆ ਗਿਆ ਹੈ |
‘ਗਾਰਡੀਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਬਾਕੀ ਹਿੱਸੇਦਾਰਾਂ ਨਾਲ ਮਿਲ ਕੇ ਉਸ ਨੇ ਕਈ ਮਹੀਨੇ ‘ਟੀਮ ਜਾਰਜ’ ਦੀਆਂ ਕਾਰਵਾਈਆਂ ‘ਤੇ ਨਜ਼ਰ ਰੱਖੀ ਸੀ | ਸਿੱਟੇ ਵਜੋਂ ਇਹ ਗੱਲ ਸਾਹਮਣੇ ਆਈ ਕਿ 20 ਦੇਸ਼ਾਂ, ਜਿਨ੍ਹਾਂ ਵਿੱਚ ਬਰਤਾਨੀਆ, ਅਮਰੀਕਾ, ਕੈਨੇਡਾ, ਜਰਮਨੀ, ਸਵਿਟਜ਼ਰਲੈਂਡ, ਮੈਕਸੀਕੋ, ਸੈਨੇਗਲ, ਭਾਰਤ ਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਸਨ, ਅੰਦਰ ਫਰਜ਼ੀ ਸੋਸ਼ਲ ਮੀਡੀਆ ਮੁਹਿੰਮਾਂ ਪਿੱਛੇ ਇਸ ਗਰੱੁਪ ਦਾ ਹੱਥ ਸੀ |
‘ਟੀਮ ਜਾਰਜ’ ਦੀ ਪੜਤਾਲ ਕਰਨ ਵਾਲੇ ਪੱਤਰਕਾਰਾਂ ਦੇ ਸਮੂਹ ਵਿੱਚ 30 ਮੀਡੀਆ ਅਦਾਰਿਆਂ ਦੇ ਪੱਤਰਕਾਰ ਸ਼ਾਮਲ ਸਨ | ‘ਟੀਮ ਜਾਰਜ’ ਦੀ ਪੜਤਾਲ ਦੌਰਾਨ ਅੰਡਰਕਵਰ ਫੁਟੇਜ ਨੂੰ ਤਿੰਨ ਪੱਤਰਕਾਰਾਂ ਵੱਲੋਂ ਰਿਕਾਰਡ ਕੀਤਾ ਗਿਆ ਸੀ, ਜਿਹੜੇ ਗਾਹਕ ਬਣ ਕੇ ‘ਟੀਮ ਜਾਰਜ’ ਨੂੰ ਮਿਲੇ ਸਨ | ਗੁਪਤ ਤੌਰ ਉੱਤੇ ਰਿਕਾਰਡ ਕੀਤੀ ਗਈ 6 ਘੰਟੇ ਦੀ ਫਿਲਮ ਵਿੱਚ ਹਨਾਨ ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਕਿਵੇਂ ਉਹ ਵਿਰੋਧੀਆਂ ਦੀ ਜਾਣਕਾਰੀ ਇਕੱਠੀ ਕਰ ਸਕਦੇ ਹਨ | ਇਸ ਲਈ ਉਹ ਜੀ ਮੇਲ ਤੇ ਟੈਲੀਗਰਾਮ ਖਾਤਿਆਂ ਤੱਕ ਪਹੁੰਚਣ ਲਈ ਹੈਕਿੰਗ ਤਕਨੀਕ ਦੀ ਵਰਤੋਂ ਕਰਦੇ ਹਨ | ਹਨਾਨ ਨੇ ਪੱਤਰਕਾਰਾਂ ਨੂੰ ਇੱਕ ‘ਬਲਾਗਰ ਮਸ਼ੀਨ’ ਬਾਰੇ ਵੀ ਦੱਸਿਆ, ਜਿਹੜੀ ਵੈਬਸਾਈਟ ਬਣਾਉਣ ਲਈ ਇੱਕ ਸਵੈਚਾਲਿਤ ਪ੍ਰਣਾਲੀ ਹੈ | ਇਸ ਦੀ ਵਰਤੋਂ ਕਰਕੇ ਇੰਟਰਨੈਟ ਉੱਤੇ ਅਫ਼ਵਾਹਾਂ ਫੈਲਾਉਣ ਦਾ ਕੰਮ ਕੀਤਾ ਜਾ ਸਕਦਾ ਹੈ |
ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਸਰਕਾਰ ਤੋਂ ਦੇਸ਼ ਦੀਆਂ ਚੋਣਾਂ ਵਿੱਚ ਇਜ਼ਰਾਈਲੀ ਫਰਮ ਦੀ ਦਖ਼ਲਅੰਦਾਜ਼ੀ ਬਾਰੇ ਜਾਂਚ ਦੀ ਮੰਗ ਕੀਤੀ ਹੈ | ਮੀਡੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਬੁਲਾਰੇ ਪਵਨ ਖੇੜਾ ਨੇ ਇਜ਼ਰਾਈਲੀ ਫਰਮ ‘ਟੀਮ ਜਾਰਜ’ ਤੇ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਸੈੱਲ ਦੀਆਂ ਸਮਾਨਤਾਵਾਂ ਗਿਣਾਉਂਦਿਆਂ ਦੇਸ਼ ਦੀਆਂ ਚੋਣਾਂ ਦੌਰਾਨ ਚੋਣ ਪ੍ਰਕ੍ਰਿਆ ਨੂੰ ਪ੍ਰਭਾਵਤ ਕਰਨ ਲਈ ਝੂਠੀ ਜਾਣਕਾਰੀ ਤੇ ਜਾਅਲੀ ਖ਼ਬਰਾਂ ਫੈਲਾਉਣ ਦਾ ਦੋਸ਼ ਲਾਇਆ ਹੈ | ਉਨ੍ਹਾ ਕਿਹਾ ਕਿ ਭਾਰਤ ਸਰਕਾਰ ਇਸ ਬਾਰੇ ਚੁੱਪ ਤੋੜੇ ਤੇ ਲੋਕਤੰਤਰ ਨੂੰ ਬਚਾਉਣ ਲਈ ਜ਼ਰੂਰੀ ਕਦਮ ਚੁੱਕੇ | ਜੇਕਰ ਸਰਕਾਰ ਇਸ ਬਾਰੇ ਕੁਝ ਨਹੀਂ ਕਰਦੀ ਤਾਂ ਸਮਝਿਆ ਜਾਵੇਗਾ ਕਿ ਉਹ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਕਿਸੇ ਵਿਦੇਸ਼ੀ ਏਜੰਸੀ ਦੀ ਮਦਦ ਲੈ ਰਹੀ ਹੈ |

LEAVE A REPLY

Please enter your comment!
Please enter your name here