ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਤਜਵੀਜ਼ ਖਿਲਾਫ ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਨੇ ਵੀਰਵਾਰ ਚੰਡੀਗੜ੍ਹ ‘ਚ ਜ਼ੋਰਦਾਰ ਪ੍ਰਦਰਸ਼ਨ ਕੀਤਾ | ਇਸ ਤੋਂ ਪਹਿਲਾਂ ਹਜ਼ਾਰਾਂ ਵਿਦਿਆਰਥੀ ਅੰਬ ਸਾਹਿਬ ਗੁਰਦੁਆਰਾ ਵਿਖੇ ਇਕੱਠੇ ਹੋਏ ਜਦੋਂ ਵਿਦਿਆਰਥੀਆਂ ਨੇ ਗਵਰਨਰ ਹਾਊਸ ਵੱਲ ਮਾਰਚ ਸ਼ੁਰੂ ਕੀਤਾ ਤਾਂ ਭਾਰੀ ਪੁਲਸ ਫੋਰਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਵਿਦਿਆਰਥੀਆਂ ਨਾਲ ਧੱਕਾ-ਮੁੱਕੀ ਅਤੇ ਲਾਠੀਚਾਰਜ ਕੀਤਾ ਗਿਆ | ਕਈ ਵਿਦਿਆਰਥੀ ਜ਼ਖਮੀ ਹੋਏ ਤੇ ਕਈਆਂ ਦੀਆਂ ਪੱਗਾਂ ਉੱਤਰੀਆਂ ਮਰਦ ਪੁਲਸ ਮੁਲਾਜ਼ਮਾਂ ਵੱਲੋਂ ਲੜਕੀਆਂ ਦੀ ਖਿੱਚਧੂਹ ਕੀਤੀ ਗਈ, ਪਰ ਵਿਦਿਆਰਥੀ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਬੈਰੀਕੇਡ ਤੋੜ ਕੇ ਅੱਗੇ ਵਧੇ |
ਵਿਦਿਆਰਥੀਆਂ ਨੇ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਨੂੰ ਦਿੱਤਾ ਜਾਏ ਅਤੇ ਇਸ ਦਾ ਕੇਂਦਰੀਕਰਨ ਬੰਦ ਕੀਤਾ ਜਾਵੇ, ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਦੇ ਨਿੱਜੀਕਰਨ, ਭਗਵੇਂਕਰਨ ਅਤੇ ਕੇਂਦਰੀਕਰਨ ਕਰਨ ਦੀ ਨੀਤੀ ਰੱਦ ਕੀਤੀ ਜਾਵੇ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਦੀਆਂ ਕੁੱਲ ਵਿੱਤੀ ਜ਼ਿੰਮੇਵਾਰੀਆਂ ਪੰਜਾਬ ਸਰਕਾਰ ਚੁੱਕੇ
ਇਸ ਮੌਕੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਦੇ ਏਜੰਡੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ | ਜੇ ਅਜਿਹਾ ਹੁੰਦਾ ਹੈ ਤਾਂ ਪੰਜਾਬ ਯੂਨੀਵਰਸਿਟੀ ਕੇਂਦਰ ਸਰਕਾਰ ਤੇ ਰਾਸ਼ਟਰੀ ਸੋਇਮਸੇਵਕ ਸੰਘ ਦੇ ਸਿੱਧੇ ਕੰਟਰੋਲ ਹੇਠ ਆਵੇਗੀ | ਇੰਝ ਕੇਂਦਰ ਸਰਕਾਰ ਇਸ ਨੂੰ ਪੰਜਾਬ ਕੋਲੋਂ ਖੋਹ ਕੇ ਆਪਣੇ ਹੱਥ ਲੈ ਲਵੇਗੀ | ਪੰਜਾਬੀ ਬੋਲੀ ਤੇ ਸੱਭਿਆਚਾਰ ਲਈ ਕੰਮ ਕਰਨ ਵਾਲੀ ਇਹ ਯੂਨੀਵਰਸਿਟੀ ਕੇਂਦਰ ਸਰਕਾਰ ਮੁਤਾਬਕ ਚੱਲੇਗੀ ਜੋ ‘ਹਿੰਦੂ, ਹਿੰਦੀ ਤੇ ਹਿੰਦੁਸਤਾਨ’ ਦੀ ਮੁਦੱਈ ਹੈ ਤੇ ਸਭ ਕੌਮੀ, ਖੇਤਰੀ ਭਾਸ਼ਾਵਾਂ ਨੂੰ ਦਰੜਨ ਦੀ ਨੀਤੀ ਉੱਪਰ ਚੱਲਦੀ ਹੈ | ਇਸ ਨਾਲ ਜੁੜੇ (ਐਫੀਲੀਏਟਡ) ਪੰਜਾਬ ਦੇ ਕਰੀਬ 200 ਕਾਲਜ ਬੇਸਹਾਰਾ ਹੋ ਜਾਣਗੇ ਜਾਂ ਫੇਰ ਕੇਂਦਰ ਮੁਤਾਬਕ ਚੱਲਣਗੇ |
ਅਸਲ ਵਿੱਚ ਕੇਂਦਰੀ ਹਕੂਮਤਾਂ ਵੱਖ-ਵੱਖ ਕੌਮੀਅਤਾਂ ਭਾਸ਼ਾ ਸੱਭਿਆਚਾਰ ਜਾਂ ਵਿਸ਼ੇਸ਼ ਸ਼ਨਾਖਤਾਂ ਨੂੰ ਰੋਲਣ ਦੇ ਰਾਹ ਤੁਰਦੀਆਂ ਰਹੀਆਂ ਹਨ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਹੱਥਾਂ ਚ ਦੇਣ ਦਾ ਫੈਸਲਾ ਵੀ ਇਸ ਨੀਤੀ ਦਾ ਹੀ ਹਿੱਸਾ ਹੈ | ਇਸ ਮੌਕੇ ਪੀ ਐੱਸ ਯੂ (ਲਲਕਾਰ) ਦੇ ਗੁਰਪ੍ਰੀਤ ਸਿੰਘ, ਪੀ ਐੱਸ ਯੂ (ਸ਼ਹੀਦ ਰੰਧਾਵਾ) ਦੇ ਹੁਸ਼ਿਆਰ ਸਿੰਘ, ਪੀ ਐੱਸ ਯੂ ਦੇ ਅਮਨਦੀਪ ਸਿੰਘ ਰੰਧਾਵਾ ਪੀ ਆਰ ਐੱਸ ਯੂ ਦੇ ਰਸਪਿੰਦਰ ਜਿੰਮੀ, ਐੱਸ ਐੱਫ ਐੱਸ ਦੇ ਸੰਦੀਪ, ਡੀ ਐੱਸ ਓ ਦੇ ਬਿਕਰਮ ਬਾਗੀ, ਪੀ ਐੱਸ ਐੱਫ ਦੇ ਗਗਨਦੀਪ ਸਿੰਘ, ਏ ਆਈ ਐੱਸ ਐੱਫ ਦੇ ਵਰਿੰਦਰ ਕੁਮਾਰ, ਆਈਸਾ ਦੇ ਸੁਖਜੀਤ ਰਾਮਾਨੰਦੀ ਅਤੇ ਐੱਸ ਐੱਫ ਆਈ ਦੇ ਰਾਜਵਿੰਦਰ ਸਿੰਘ ਆਗੂ ਹਾਜ਼ਰ ਸਨ |





