ਨਵੀਂ ਦਿੱਲੀ : ਭਾਰਤ ਨੇ ਐਤਵਾਰ ਖੇਡ ਦੇ ਤੀਜੇ ਦਿਨ ਆਸਟਰੇਲੀਆ ਨੂੰ ਦੂਜੇ ਟੈਸਟ ਮੈਚ ‘ਚ 6 ਵਿਕਟਾਂ ਨਾਲ ਹਰਾ ਦਿੱਤਾ | ਆਸਟਰੇਲੀਆ ਦੀ ਦੂਜੀ ਪਾਰੀ 113 ਦੌੜਾਂ ‘ਤੇ ਸਿਮਟ ਜਾਣ ਮਗਰੋਂ ਭਾਰਤ ਨੂੰ ਜਿੱਤ ਲਈ ਸਿਰਫ 115 ਦੌੜਾਂ ਦੀ ਲੋੜ ਸੀ | ਰਵਿੰਦਰ ਜਡੇਜਾ ਨੇ 12.1 ਓਵਰਾਂ ‘ਚ 42 ਦੌੜਾਂ ਦੇ ਕੇ ਆਸਟਰੇਲੀਆ ਦੇ 7 ਖਿਡਾਰੀ ਆਊਟ ਕੀਤੇ, ਜਦੋਂ ਕਿ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਤਿੰਨ ਖਿਡਾਰੀਆਂ ਨੂੰ ਪੈਵੇਲੀਅਨ ਪਹੁੰਚਾਇਆ |
ਕਪਤਾਨ ਰੋਹਿਤ ਸ਼ਰਮਾ (31) ਤੇ ਚੇਤੇਸ਼ਵਰ ਪੁਜਾਰਾ (31 ਨਾਬਾਦ) ਨੇ ਟੀਮ ਇੰਡੀਆ ਨੂੰ ਜਿੱਤ ਲਈ ਲੋੜੀਂਦੀਆਂ 115 ਦੌੜਾਂ ਦੇ ਟੀਚੇ ਤੱਕ ਪਹੁੰਚਾਉਣ ਲਈ ਅਹਿਮ ਮਦਦ ਕੀਤੀ | ਚਾਰ ਮੈਚਾਂ ਦੀ ਇਸ ਲੜੀ ‘ਚ ਭਾਰਤ 2-0 ਨਾਲ ਅੱਗੇ ਹੋ ਗਿਆ ਹੈ | ਤੀਜਾ ਟੈਸਟ ਮੈਚ ਪਹਿਲੀ ਮਾਰਚ ਤੋਂ ਇੰਦੌਰ ‘ਚ ਖੇਡਿਆ ਜਾਵੇਗਾ |
ਸੌਰਾਸ਼ਟਰ ਬਣਿਆ ਰਣਜੀ ਚੈਂਪੀਅਨ
ਕੋਲਕਾਤਾ : ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਵੱਲੋਂ ਦੂਸਰੀ ਪਾਰੀ ‘ਚ 85 ਦੌੜਾਂ ਦੇ ਕੇ 6 ਖਿਡਾਰੀ ਆਊਟ ਕਰਨ ਨਾਲ ਸੌਰਾਸ਼ਟਰ ਨੇ ਐਤਵਾਰ ਇਥੇ ਰਣਜੀ ਟਰਾਫੀ ਦੇ ਫਾਈਨਲ ਦੇ ਚੌਥੇ ਦਿਨ ਬੰਗਾਲ ਨੂੰ 9 ਵਿਕਟਾਂ ਨਾਲ ਹਰਾ ਦਿੱਤਾ | ਪਹਿਲੀ ਪਾਰੀ ‘ਚ 230 ਦੌੜਾਂ ਦੀ ਬੜ੍ਹਤ ਮਗਰੋਂ ਸੌਰਾਸ਼ਟਰ ਦੀ ਟੀਮ ਨੇ ਬੰਗਾਲ ਦੀ ਦੂਜੀ ਪਾਰੀ 241 ਦੌੜਾਂ ‘ਤੇ ਸਮੇਟ ਦਿੱਤੀ |
ਸੌਰਾਸ਼ਟਰ ਨੂੰ ਮੈਚ ਆਪਣੇ ਨਾਂਅ ਕਰਨ ਲਈ 12 ਦੌੜਾਂ ਦਾ ਟੀਚਾ ਮਿਲਿਆ | ਟੀਮ ਨੇ 2.4 ਓਵਰਾਂ ‘ਚ ਇਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ |