ਰਾਏਪੁਰ : ਛਤੀਸਗੜ੍ਹ ਦੇ ਨਯਾ ਰਾਏਪੁਰ ‘ਚ ਚੱਲ ਰਹੇ ਕਾਂਗਰਸ ਦੇ 85ਵੇਂ ਪਲੈਨਰੀ ਸੈਸ਼ਨ ‘ਚ ਸੋਨੀਆ ਗਾਂਧੀ ਨੇ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ | ਕਨਵੈਨਸ਼ਨ ਦੇ ਦੂਜੇ ਦਿਨ ਸੋਨੀਆ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਆਰ ਐੱਸ ਐੱਸ ਨੇ ਸਾਰੀਆਂ ਖੁਦਮੁਖਤਿਆਰ ਏਜੰਸੀਆਂ ‘ਤੇ ਕਬਜ਼ਾ ਕਰ ਲਿਆ ਹੈ | ਸੋਨੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਲਈ ਨਹੀਂ, ਸਗੋਂ ਆਪਣੇ ਦੋਸਤਾਂ ਲਈ ਸੱਤਾ ਚਲਾ ਰਹੇ ਹਨ | ਇਸ ਦੇ ਨਾਲ ਹੀ ਸੋਨੀਆ ਨੇ ਰਾਹੁਲ ਗਾਂਧੀ ਦੀ ਤਾਰੀਫ ਵੀ ਕੀਤੀ | ਉਨ੍ਹਾ ਰਾਜਨੀਤੀ ਤੋਂ ਰਿਟਾਇਰਮੈਂਟ ਦਾ ਇਸ਼ਾਰਾ ਕੀਤਾ | ਸ਼ਨੀਵਾਰ ਆਪਣੇ ਭਾਸ਼ਣ ‘ਚ ਉਹਨਾ ਕਿਹਾ—ਭਾਰਤ ਜੋੜੋ ਯਾਤਰਾ ਦੇ ਨਾਲ ਹੀ ਮੇਰੀ ਰਾਜਨੀਤਕ ਪਾਰੀ ਹੁਣ ਆਖਰੀ ਪੜਾਅ ‘ਤੇ ਹੈ | 1998 ‘ਚ ਜਦ ਮੈਂ ਪਹਿਲੀ ਵਾਰ ਪਾਰਟੀ ਦੀ ਪ੍ਰਧਾਨ ਬਣੀ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਪਿਛਲੇ 25 ਸਾਲਾਂ ‘ਚ ਬਹੁਤ ਚੰਗਾ ਤੇ ਕੁਝ ਬੁਰਾ ਅਨੁਭਵ ਰਿਹਾ | 2004 ਅਤੇ 2009 ‘ਚ ਪਾਰਟੀ ਨੇ ਬਹੁਤ ਚੰਗਾ ਕੰਮ ਕੀਤਾ ਜਾਂ ਫਿਰ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਮੇਰਾ ਫੈਸਲਾ | ਇਹ ਵਿਅਕਤੀਗਤ ਤੌਰ ‘ਤੇ ਮੇਰੇ ਲਈ ਸੰਤੋਸ਼ਨਜਕ ਰਿਹਾ | ਇਸ ਲਈ ਪਾਰਟੀ ਵਰਕਰਾਂ ਦਾ ਮੈਨੂੰ ਪੂਰਾ ਸਹਿਯੋਗ ਮਿਲਿਆ | ਜਿਸ ਗੱਲ ਨਾਲ ਮੈਨੂੰ ਸਭ ਤੋਂ ਵੱਧ ਸੰਤੁਸ਼ਟੀ ਮਿਲੀ ਹੈ, ਉਹ ਇਹ ਕਿ ਭਾਰਤ ਜੋੜੋ ਯਾਤਰਾ ਦੇ ਨਾਲ ਹੁਣ ਮੇਰੀ ਪਾਰੀ ਸਮਾਪਤ ਹੋ ਸਕਦੀ ਹੈ | ਇਹ ਪਾਰਟੀ ਲਈ ਇੱਕ ਮਹੱਤਵਪੂਰਨ ਮੋੜ ਹੈ |
ਅਜਲਾਸ ਦੌਰਾਨ ਕਾਂਗਰਸ ਨੇ ਆਪਣੇ ਸੰਵਿਧਾਨ ‘ਚ ਸੋਧ ਕੀਤੀ ਹੈ | ਇਸ ਤਹਿਤ ਵਰਕਿੰਗ ਕਮੇਟੀ ਦੇ ਸਥਾਈ ਮੈਂਬਰਾਂ ਦੀ ਗਿਣਤੀ 25 ਤੋਂ 35 ਹੋਵੇਗੀ, ਜਿਸ ‘ਚ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਅਤੇ ਪਾਰਟੀ ਨਾਲ ਸੰਬੰਧਤ ਸਾਬਕਾ ਪਾਰਟੀ ਪ੍ਰਧਾਨ ਇਸ ਦੇ ਮੈਂਬਰ ਹੋਣਗੇ | ਇਸ ਦੇ ਨਾਲ ਵਰਕਿੰਗ ਕਮੇਟੀ ਵਿੱਚ 50 ਫੀਸਦੀ ਸੀਟਾਂ ਐੱਸ ਸੀ/ ਐੱਸ ਟੀ/ ਓ ਬੀ ਸੀ/ ਔਰਤਾਂ/ ਨੌਜਵਾਨਾਂ/ਘੱਟ ਗਿਣਤੀਆਂ ਲਈ ਰਾਖਵੀਆਂ ਹੋਣਗੀਆਂ |
ਇਸ ਦੌਰਾਨ ਸੋਨੀਆ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਾਰੇ ਅਦਾਰਿਆਂ ‘ਤੇ ਕਬਜਾ ਕਰ ਲਿਆ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਂਦੇ ਹੋਏ ਨਫਰਤ ਦੀ ਅੱਗ ਭੜਕਾ ਰਹੀ ਹੈ | ਉਨ੍ਹਾ ਕਿਹਾ ਭਾਜਪਾ ਨਫਰਤ ਦੀ ਅੱਗ ਨੂੰ ਭੜਕਾ ਰਹੀ ਹੈ ਅਤੇ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ | ਉਹਨਾ ਕਿਹਾ ਕਿ ਰਾਹੁਲ ਨੇ ਮੁਸ਼ਕਲ ਯਾਤਰਾ ਨੂੰ ਪੂਰਾ ਕੀਤਾ | ਦੇਸ਼ ਅਤੇ ਕਾਂਗਰਸ ਲਈ ਇਹ ਚੁਣੌਤੀ ਦਾ ਸਮਾਂ ਹੈ |
ਪਾਰਟੀ ਪ੍ਰਧਾਨ ਮਲਿਕਅਰਜਨ ਖੜਗੇ ਨੇ ਕਿਹਾ ਕਿ ਦੇਸ਼ ‘ਚ ਨਫ਼ਰਤ ਦਾ ਮਾਹੌਲ ਹੈ | ਸਰਕਾਰ ਰੇਲ, ਤੇਲ, ਜੇਲ੍ਹ ਸਭ ਕੁਝ ਆਪਣੇ ਮਿੱਤਰਾਂ ਨੂੰ ਵੇਚ ਰਹੀ ਹੈ | ਦਿੱਲੀ ਸਰਕਾਰ ‘ਚ ਬੈਠੇ ਲੋਕਾਂ ਦਾ ਡੀ ਐੱਨ ਏ ਗਰੀਬ ਵਿਰੋਧੀ ਹੈ | ਖੜਗੇ ਨੇ ਕਿਹਾ ਕਿ ਅੱਜ ਦੇਸ਼ ਸਭ ਤੋਂ ਮੁਸ਼ਕਲ ਚੁਣੌਤੀਆਂ ‘ਚੋਂ ਲੰਘ ਰਿਹਾ ਹੈ | ਸੱਤਾ ‘ਚ ਬੈਠੇ ਲੋਕਾਂ ਨੇ ਜਨਤਾ ਦੇ ਅਧਿਕਾਰਾਂ ‘ਤੇ ਹਮਲਾ ਬੋਲ ਰੱਖਿਆ ਹੈ | ਇਸ ਲਈ ਅੱਜ ਇੱਕ ਨਵੇਂ ਅੰਦੋਲਨ ਦੀ ਸ਼ੁਰੂਆਤ ਦੀ ਜ਼ਰੂਰਤ ਹੈ | ਅੱਜ ਭਾਜਪਾ ਆਪਣੇ ਸੱਤਾ ਦੇ ਸਵਾਰਥ ਲਈ ਸੰਸਦ ਤੋਂ ਲੈ ਕੇ ਸਾਰੀਆਂ ਸੰਵਿਧਾਨਕ ਸੰਸਥਾਵਾਂ ਦੀ ਮਰਿਆਦਾ ਨੂੰ ਤੋੜ ਰਹੀ ਹੈ | ਇਸ ਲਈ ਸੈਸ਼ਨ ਨੂੰ ਰੋਕਣ ਲਈ ਭਾਜਪਾ ਨੇ ਛਾਪਾ ਮਰਵਾਇਆ ਤੇ ਸਾਡੇ ਲੋਕਾਂ ਨੂੰ ਗਿ੍ਫ਼ਤਾਰ ਕੀਤਾ |