ਪੁਡੂਚੇਰੀ : ਸੀ ਪੀ ਆਈ ਦੀ ਕੌਮੀ ਕੌਂਸਲ ਮੀਟਿੰਗ ਪੁਡੂਚੇਰੀ ਵਿਖੇ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਦੇਸ਼ ਵਿੱਚ ਤਿ੍ਪੁਰਾ ਵਿਧਾਨ ਸਭਾ ਦੀ ਚੋਣ ਹੋ ਗਈ ਹੈ ਅਤੇ ਮੇਘਾਲਿਆ ਤੇ ਨਾਗਾਲੈਂਡ ਵਿਚ ਚੋਣਾਂ ਹੋਣ ਵਾਲੀਆਂ ਹਨ | ਇਹਨਾਂ ਚੋਣਾਂ ਦੇ ਨਤੀਜੇ ਇਕੱਠੇ ਆਉਣੇ ਹਨ | ਇਨ੍ਹਾਂ ਨਤੀਜਿਆਂ ਨੇ ਭਾਜਪਾ ਦਾ ਭਵਿੱਖ ਤੈਅ ਕਰਨਾ ਹੈ | ਇਨ੍ਹਾਂ ਸਿਆਸੀ ਵਿਚਾਰਾਂ ਦੀ ਰਿਪੋਰਟ ਦਾ ਖਰੜਾ ਸੀ ਪੀ ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਡੀ ਰਾਜਾ ਨੇ ਨੈਸ਼ਨਲ ਕੌਂਸਲ ਮੈਂਬਰਾਂ ਅੱਗੇ ਪੇਸ਼ ਕੀਤਾ | ਇਹ ਮੀਟਿੰਗ ਬੰਤ ਸਿੰਘ ਬਰਾੜ, ਮੁਹੰਮਦ ਸਲੀਮ ਪੁਡੂਚੇਰੀ ਤੇ ਆਂਧਰਾ ਪ੍ਰਦੇਸ਼ ਤੋਂ ਸ੍ਰੀਮਤੀ ਵਨਜਾ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ, ਜੋ ਤਿੰਨ ਦਿਨ ਚੱਲੇਗੀ | ਰਾਜਾ ਨੇ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਵੀ ਹਾਲਾਤ ਚਿੰਤਾਜਨਕ ਹਨ ਤੇ ਹਿੰਦੁਸਤਾਨ ਦੇ ਵੀ ਖਤਰਨਾਕ | ਅੰਤਰਰਾਸ਼ਟਰੀ ਪੱਧਰ ‘ਤੇ ਕੋਰੋਨਾ ਮਹਾਂਮਾਰੀ ਨੇ ਲੋਕਾਂ ਨੂੰ ਝੰਜੋੜ ਦਿੱਤਾ ਸੀ ਤੇ ਵੱਡੀ ਪੱਧਰ ‘ਤੇ ਲੋਕ ਕੋਰੋਨਾ ਦੀ ਭੇਟ ਚੜ੍ਹ ਗਏ ਸਨ | ਕੋਰੋਨਾ ਦੀਆਂ ਪਾਬੰਦੀਆਂ ਨਾਲ ਆਰਥਕ ਤੌਰ ‘ਤੇ ਝੰਬੀ ਜਨਤਾ ਹਾਲੇ ਉੱਠੀ ਨਹੀਂ ਸੀ ਤੇ ਹੁਣ ਰੂਸ-ਯੂਕਰੇਨ ਦੀ ਜੰਗ ਨੇ ਜਨਤਾ ਦਾ ਕਚੂੰਬਰ ਕੱਢ ਦਿੱਤਾ ਹੈ | ਯੂਰਪੀਨ ਦੇਸ਼ ਤਾਂ ਜੰਗ ਨੇ ਹਿਲਾ ਦਿੱਤੇ ਹਨ | ਇਨ੍ਹਾਂ ਦੇਸ਼ਾਂ ਦੇ ਲੋਕ ਖੁਰਾਕ ਦੇ ਨਾਲ-ਨਾਲ ਡੀਜ਼ਲ, ਪੈਟਰੋਲ ਤੇ ਗੈਸ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ | ਇਨ੍ਹਾਂ ਦੇਸ਼ਾਂ ਵਿੱਚ ਕਦੀ ਰੈਲੀਆਂ, ਮੁਜ਼ਾਹਰਿਆਂ ਤੇ ਹੜਤਾਲਾਂ ਦਾ ਨਾਂਅ ਨਹੀਂ ਸੀ ਸੁਣਿਆ, ਉਥੇ ਇਸ ਵਕਤ ਹੜਤਾਲਾਂ ਹੋ ਰਹੀਆਂ ਹਨ | ਉਨ੍ਹਾਂ ਦੇਸ਼ਾਂ ਵਿੱਚ ਸਰਕਾਰਾਂ ਦੀ ਉਥਲ-ਪੁਥਲ ਹੋ ਰਹੀ ਹੈ | ਰਾਜਾ ਨੇ ਕਿਹਾ ਕਿ ਹਿੰਦੁਸਤਾਨ ਦੀ ਆਰਥਕ ਤਬਾਹੀ ਨੂੰ ਲੁਕਾਉਣ ਵਾਸਤੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇਸ਼ ਨੂੰ ਫਿਰਕਾਪ੍ਰਸਤੀ ਵੱਲ ਧੱਕ ਰਹੀ ਹੈ | ਦੇਸ਼ ਵਿੱਚ ਵਸਦੀਆਂ ਘੱਟ ਗਿਣਤੀਆਂ, ਜਿਵੇਂ ਮੁਸਲਿਮ, ਸਿੱਖ ਤੇ ਈਸਾਈ ਖਤਰਾ ਮਹਿਸੂਸ ਕਰ ਰਹੀਆਂ ਹਨ | ਮੋਦੀ ਸਰਕਾਰ ਨੂੰ ਚਲਾਉਣ ਵਾਲਾ ਆਰ ਐੱਸ ਐੱਸ ਘੱਟ ਗਿਣਤੀਆਂ ਨੂੰ ਦੇਸ਼ ‘ਚੋਂ ਬਾਹਰ ਕੱਢਣ ਵਾਸਤੇ ਅਜਿਹੇ ਕਾਲੇ ਕਾਨੂੰਨ ਬਣਵਾਈ ਜਾ ਰਿਹਾ ਹੈ, ਜੋ ਇਸ ਵਸੋਂ ਲਈ ਅਤਿ ਖਤਰਨਾਕ ਹਨ | ਐੱਨ ਪੀ ਆਰ ਤੇ ਐੱਨ ਆਰ ਸੀ ਵਰਗੇ ਜਨ-ਘਾਤਕ ਕਾਨੂੰਨ ਘੱਟ ਗਿਣਤੀ ਵਸੋਂ ਨੂੰ ਦੇਸ਼ ‘ਚੋਂ ਬਾਹਰ ਧੱਕਣ ਵਾਲੇ ਹਨ | ਜੰਮੂ-ਕਸ਼ਮੀਰ ਨੂੰ ਤੋੜ ਕੇ ਦੋ ਕੇਂਦਰੀ ਪ੍ਰਦੇਸ਼ਾਂ ਵਿੱਚ ਵੰਡ ਕੇ ਆਪਣੇ ਅਧੀਨ ਕਰ ਲਿਆ ਹੈ | ਉਥੋਂ ਦੀ ਵਸੋਂ ਨੂੰ ਜੇਲ੍ਹਾਂ ਅਤੇ ਘਰਾਂ ਵਿੱਚ ਕੈਦ ਕਰ ਦਿੱਤਾ ਹੈ | ਜਿਹੜੀ ਵੀ ਵਸੋਂ ਮੋਦੀ ਸਰਕਾਰ ਦੀ ਨੀਤੀ ਦੀ ਆਲੋਚਨਾ ਕਰਦੀ ਹੈ, ਉਸ ਵਸੋਂ ‘ਤੇ ਮੋਦੀ ਦਾ ਬੁਲਡੋਜ਼ਰ ਚਲਦਾ ਹੈ ਤੇ ਉਨ੍ਹਾਂ ਦੇ ਘਰ ਢਾਹ ਕੇ ਮਿੱਟੀ ਵਿੱਚ ਮਿਲਾ ਦਿੱਤੇ ਜਾਂਦੇ ਹਨ | ਉਹ ਵਸੋਂ ਘਰੋਂ ਬੇਘਰ ਹੋ ਜਾਂਦੀ ਹੈ | ਇਸ ਪ੍ਰਸਥਿਤੀ ਵਿੱਚ ਹਿੰਦੁਸਤਾਨ ਦੀ ਸੋਨੇ ਵਰਗੀ ਧਰਤੀ ਕਾਰਪੋਰੇਟਾਂ ਨੂੰ ਵੇਚੀ ਜਾ ਰਹੀ ਹੈ | ਹਿੰਦੁਸਤਾਨ ਦਾ ਸਰਮਾਇਆ ਸਾਰਾ ਕਾਰਪੋਰੇਟਾਂ ਦੇ ਹੱਥਾਂ ਵਿੱਚ ਇਕੱਠਾ ਹੋ ਗਿਆ ਹੈ | ਦੂਜੇ ਪਾਸੇ ਦੇਸ਼ ਦੀ 80 ਫੀਸਦੀ ਵਸੋਂ ਭੁੱਖ ਨਾਲ ਫਾਕੇ ਕੱਟ ਰਹੀ ਹੈ | ਜਿਹੜੇ ਲੋਕਾਂ ਨੇ ਰੋਟੀ-ਰੋਜ਼ੀ, ਘਰ, ਰੁਜ਼ਗਾਰ, ਵਿਦਿਆ, ਸਿਹਤ ਤੇ ਦੇਸ਼ ਦੀ ਜਨਤਾ ਨੂੰ ਖੁਸ਼ਹਾਲ ਬਣਾਉਣ ਦੀ ਲੜਾਈ ਲੜਨੀ ਹੈ, ਉਹਨਾਂ ਨੂੰ ਹਿੰਦੁਸਤਾਨ ਨੂੰ ਇਕਜੁੱਟ ਰੱਖਣ ਦੀ ਲੜਾਈ ਲੜਨੀ ਪੈ ਰਹੀ ਹੈ | ਮੀਟਿੰਗ ਵਿੱਚ ਪੰਜਾਬ ਵੱਲੋਂ ਬੰਤ ਸਿੰਘ ਬਰਾੜ, ਹਰਦੇਵ ਸਿੰਘ ਅਰਸ਼ੀ, ਨਿਰਮਲ ਸਿੰਘ ਧਾਲੀਵਾਲ, ਜਗਰੂਪ, ਪਿ੍ਥੀਪਾਲ ਸਿੰਘ ਮਾੜੀਮੇਘਾ, ਅਮਰਜੀਤ ਸਿੰਘ ਆਸਲ ਤੇ ਨਰਿੰਦਰ ਕੌਰ ਸੋਹਲ ਸ਼ਾਮਲ ਹਨ |