ਭਾਵਨਗਰ (ਗੁਜਰਾਤ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਨੂੰ ਪਾਕਿਸਤਾਨ ਤੇ ਹੋਰਨਾਂ ਮੁਲਕਾਂ ਤੋਂ ਵਿੱਤੀ ਮਦਦ ਮਿਲ ਰਹੀ ਹੈ | ਉਨ੍ਹਾ ਪੰਜਾਬ ਪੁਲਸ ਨੂੰ ਖਾਲਿਸਤਾਨੀ ਅਨਸਰਾਂ ਨਾਲ ਠਜਿੱਠਣ ਦੇ ਸਮਰਥ ਦੱਸਿਆ | ਇਥੇ ਭਾਵਨਗਰ ‘ਚ ਸਮੂਹਕ ਵਿਆਹਾਂ ਲਈ ਰੱਖੇ ਸਮਾਗਮ ‘ਚ ਸ਼ਿਰਕਤ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਕੁਝ ਮੁੱਠੀ-ਭਰ ਲੋਕ ਹੀ ਪੰਜਾਬ ‘ਚ ਖਾਲਿਸਤਾਨ ਪੱਖੀ ਮੁਹਿੰਮ ਦੀ ਹਮਾਇਤ ਕਰ ਰਹੇ ਹਨ | ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਰਾਜ ਭਵਨ ਭਾਜਪਾ ਦੇ ਹੈੱਡਕੁਆਰਟਰ ਬਣਨ ਲੱਗੇ ਹਨ ਤੇ ਰਾਜਪਾਲ ਭਾਜਪਾ ਦੇ ਸਟਾਰ ਪ੍ਰਚਾਰਕਾਂ ਵਜੋਂ ਕੰਮ ਕਰ ਰਹੇ ਹਨ | ਉਨ੍ਹਾ ਕਿਹਾ—ਕੀ ਤੁਸੀਂ ਸੋਚਦੇ ਹੋ ਕਿ ਖਾਲਿਸਤਾਨ ਦੇ ਨਾਅਰੇ ਲਾਉਣ ਵਾਲੇ ਇਕ ਹਜ਼ਾਰ ਲੋਕ ਸਮੁੱਚੇ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ? ਤੁਸੀਂ ਪੰਜਾਬ ਆ ਕੇ ਖੁਦ ਦੇਖ ਲਓ ਕਿ ਅਜਿਹੇ ਨਾਅਰੇ ਕੌਣ ਲਾ ਰਹੇ ਹਨ | ਇਸ ਪਿੱਛੇ ਮੁੱਠੀ-ਭਰ ਲੋਕ ਹੀ ਹਨ, ਜਿਹੜੇ ਪਾਕਿਸਤਾਨ ਤੇ ਹੋਰਨਾਂ ਦੇਸ਼ਾਂ ਦੀ ਫੰਡਿੰਗ ਨਾਲ ਆਪਣੀ ਦੁਕਾਨਾਂ ਚਲਾ ਰਹੇ ਹਨ | ਉਨ੍ਹਾ ਕਿਹਾ—ਹਾਲਾਂਕਿ ਰਾਜਸਥਾਨ ਦਾ ਪਾਕਿਸਤਾਨ ਨਾਲ ਕਿਤੇ ਵੱਡਾ ਬਾਰਡਰ ਹੈ, ਪਰ ਪਾਕਿਸਤਾਨ ਡਰੋਨ ਪੰਜਾਬ ਵਿਚ ਘੱਲਦਾ ਹੈ, ਨਾ ਕਿ ਰਾਜਸਥਾਨ ‘ਚ, ਕਿਉਂਕਿ ਖਾਲਿਸਤਾਨੀ ਅਨਸਰਾਂ ਦੇ ਆਕਾ ਪਾਕਿਸਤਾਨ ਵਿਚ ਹਨ ਤੇ ਉਹ ਪੰਜਾਬ ਵਿਚ ਗੜਬੜ ਕਰਾਉਣੀ ਚਾਹੁੰਦੇ ਹਨ, ਪਰ ਅਸੀਂ ਉਨ੍ਹਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ | ਮੁੱਖ ਮੰਤਰੀ ਨੇ ਅੰਮਿ੍ਤਪਾਲ ਵੱਲੋਂ ਹੋਰ ਹਿੰਸਾ ਦੀ ਧਮਕੀ ਦੇ ਸੰਦਰਭ ਵਿਚ ਕਿਹਾ—ਇਹ ਖਿਆਲੀ ਪੁਲਾਓ ਹੈ | ਪੰਜਾਬ ਬੀਤੇ ਵਿਚ ਅਜਿਹੇ ਕਾਲੇ ਦਿਨ ਦੇਖ ਚੁੱਕਾ ਹੈ | ਪੰਜਾਬ ਪੁਲਸ ਇਨ੍ਹਾਂ ਨਾਲ ਨਿਬੜਨ ਦੇ ਸਮਰੱਥ ਹੈ ਤੇ ਅਸੀਂ ਕਿਸੇ ਨੂੰ ਪੁਰਅਮਨ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦੇਵਾਂਗੇ | ਉਨ੍ਹਾ ਕਿਹਾ ਕਿ ਪੰਜਾਬ ਵਿਚ ਟਾਟਾ ਸਮੇਤ ਹੋਰਨਾਂ ਦੇਸ਼ਾਂ ਦੀ ਸਨਅਤ ਆ ਰਹੀ ਹੈ | ਜੇ ਪੰਜਾਬ ਦੀ ਹਾਲਤ ਏਨੀ ਮਾੜੀ ਹੁੰਦੀ ਤਾਂ ਇਨ੍ਹਾਂ ਪੰਜਾਬ ਨਹੀਂ ਆਉਣਾ ਸੀ | ਇੱਥੋਂ ਤਕ ਕਿ ਐੱਨ ਆਰ ਆਈ ਵੀ ਮੁੜ ਰਹੇ ਹਨ ਤੇ ਜਿਨ੍ਹਾਂ ਬਾਹਰ ਵਸਣ ਦੀ ਸੋਚੀ ਸੀ, ਉਨ੍ਹਾਂ ਆਪਣੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਹਨ | ਛੇ-ਸੱਤ ਮਹੀਨਿਆਂ ਬਾਅਦ ਪੰਜਾਬ ਮੁੜ ਚਮਕੇਗਾ | ਉਨ੍ਹਾ ਕਿਹਾ ਕਿ ਰਾਜ ਭਵਨ ਭਾਜਪਾ ਦੇ ਹੈੱਡਕੁਆਰਟਰ ਬਣ ਰਹੇ ਹਨ ਤੇ ਰਾਜਪਾਲ ਭਾਜਪਾ ਦੇ ਸਟਾਰ ਪ੍ਰਚਾਰਕਾਂ ਵਜੋਂ ਕੰਮ ਕਰ ਰਹੇ ਹਨ | ਜਮਹੂਰੀਅਤ ਵਿਚ ਇਲੈਕਟਿਡ ਲੋਕ ਫੈਸਲੇ ਲੈਂਦੇ ਹਨ, ਸਿਲੈਕਟਿਡ ਲੋਕ ਨਹੀਂ |