ਗੋਇੰਦਵਾਲ ਸਾਹਿਬ ਜੇਲ੍ਹ ‘ਚ ਗੈਂਗਵਾਰ, ਦੋ ਗੈਂਗਸਟਰਾਂ ਦੀ ਮੌਤ

0
248

ਤਰਨ ਤਾਰਨ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਸ਼ਾਮਲ 2 ਬਦਮਾਸ਼ ਜੇਲ੍ਹ ‘ਚ ਹੋਈ ਗੈਂਗਵਾਰ ਵਿੱਚ ਮਾਰੇ ਗਏ | ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਸਾਹਿਬ ਜੇਲ੍ਹ ‘ਚ ਐਤਵਾਰ ਨੂੰ ਕੈਦੀਆਂ ਵਿਚਾਲੇ ਹੋਈ ਹਿੰਸਕ ਝੜਪ ‘ਚ ਗੈਂਗਸਟਰ ਮਨਦੀਪ ਸਿੰਘ ਤੂਫ਼ਾਨ ਅਤੇ ਮਨਮੋਹਨ ਸਿੰਘ ਮੋਹਨ ਦੀ ਮੌਤ ਹੋ ਗਈ | ਇੱਕ ਹੋਰ ਬਦਮਾਸ਼ ਕੇਸ਼ਵ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਲਾਰੈਂਸ ਬਿਸ਼ਨੋਈ ਦੇ ਖਾਸਮਖਾਸ ਦੱਸੇ ਜਾ ਰਹੇ ਸਨ ਅਤੇ ਇਹ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਵੀ ਸ਼ਾਮਲ ਸਨ |
ਪੁਲਸ ਨੇ ਦੱਸਿਆ ਕਿ ਤਿੰਨਾਂ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ | ਤਰਨ ਤਾਰਨ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ. ਜਗਜੀਤ ਸਿੰਘ ਨੇ ਕਿਹਾ ਕਿ ਐਤਵਾਰ ਦੁਪਹਿਰ ਜੇਲ੍ਹ ਤੋਂ ਲਿਆਂਦੇ ਗਏ ਤਿੰਨ ਜ਼ਖ਼ਮੀਆਂ ‘ਚੋਂ ਦੋ ਦੀ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ ਤੀਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਅੰਮਿ੍ਤਸਰ ਰੈਫਰ ਕੀਤਾ ਗਿਆ ਹੈ | ਪੁਲਸ ਸੂਤਰਾਂ ਅਨੁਸਾਰ ਮਾਰਿਆ ਗਿਆ ਗੈਂਗਸਟਰ ਸੰਦੀਪ ਤੂਫਾਨ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੌਰਾਨ ਸਟੈਂਡਬੁਆਏ ਸ਼ੂਟਰ ਦੇ ਤੌਰ ‘ਤੇ ਮੌਜੂਦ ਸੀ | ਉਹ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਸੀ | ਸ਼ੁਰੂਆਤੀ ਜਾਣਕਾਰੀ ਮੁਤਾਬਕ ਗੈਂਗਸਟਰ ਤੂਫ਼ਾਨ ਦਾ ਜੇਲ੍ਹ ‘ਚ ਕੈਦੀਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ | ਇਸ ਤੋਂ ਬਾਅਦ ਕੈਦੀਆਂ ਨੇ ਉਸ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ | ਇਸ ਲੜਾਈ ‘ਚ ਤਿੰਨ-ਚਾਰ ਦੂਜੇ ਕੈਦੀਆਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ | ਡੀ ਐੱਸ ਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਜੇਲ੍ਹ ‘ਚ ਬਦਮਾਸ਼ਾਂ ਵਿਚਾਲੇ ਹੋਈ ਝੜਪ ‘ਚ ਰਈਆ ਨਿਵਾਸੀ ਮਨਦੀਪ ਸਿੰਘ ਤੂਫਾਨ ਮਾਰਿਆ ਗਿਆ ਤੇ ਬਠਿੰਡਾ ਨਿਵਾਸੀ ਕੇਸ਼ਵ ਅਤੇ ਬੁਢਲਾਡਾ ਨਿਵਾਸੀ ਮਨਮੋਹਨ ਸਿੰਘ ਮੋਹਨ ਨੂੰ ਸਿਵਲ ਹਸਪਤਾਲ ਤਰਨ ਤਾਰਨ ‘ਚ ਭਰਤੀ ਕਰਾਇਆ, ਜਿੱਥੇ ਮੋਹਨ ਦੀ ਇਲਾਜ ਦੌਰਾਨ ਮੌਤ ਹੋ ਗਈ | ਜ਼ਿਕਰਯੋਗ ਹੈ ਕਿ ਰਈਆ ਨਿਵਾਸੀ ਮਨਦੀਪ ਸਿੰਘ ਤੂਫਾਨ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਗਿ੍ਫ਼ਤਾਰ ਕੀਤਾ ਸੀ | ਪੁਲਸ ਨੇ ਤੂਫਾਨ ਨੂੰ ਗੈਂਗਸਟਰ ਮਨੀ ਰਈਆ ਦੇ ਨਾਲ ਫੜਿਆ ਸੀ | ਤੂਫਾਨ ਨੂੰ ਤਰਨ ਤਾਰਨ ਦੇ ਥਾਣਾ ਵੈਰੋਵਾਲ ਦੇ ਇੱਕ ਪਿੰਡ ‘ਚੋਂ ਦਬੋਚਿਆ ਸੀ | ਗੈਂਗਸਟਰ ਮਨਦੀਪ ਤੂਫਾਨ ਜੱਗੂ ਭਗਵਾਨਪੁਰੀਆ ਗੈਂਗ ਦਾ ਸ਼ਾਰਪ ਸ਼ੂਟਰ ਸੀ | ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਤੋਂ ਬਾਅਦ ਮੂਸੇਵਾਲਾ ਹੱਤਿਆ ‘ਚ ਇਸ ਦਾ ਨਾਂਅ ਸਾਹਮਣੇ ਆਇਆ ਸੀ |

LEAVE A REPLY

Please enter your comment!
Please enter your name here