ਪੱੁਡੂਚੇਰੀ : ਸੀ ਪੀ ਆਈ ਦੀ ਕੌਮੀ ਕੌਂਸਲ ਦੀ 26 ਤੋਂ 28 ਫਰਵਰੀ ਤੱਕ ਹੋ ਰਹੀ ਮੀਟਿੰਗ ਵਿੱਚ ਅਗਲੇ ਪ੍ਰੋਗਰਾਮ ਬਣਾਉਣ ਵਾਸਤੇ ਪਾਰਟੀ ਜਨਰਲ ਸਕੱਤਰ ਡੀ ਰਾਜਾ ਨੇ ਜੋ ਰਿਪੋਰਟ ਦਾ ਖਰੜਾ ਪੇਸ਼ ਕੀਤਾ, ਉਸ ‘ਤੇ ਸਾਰੇ ਸੂਬੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ, ਤਾਂ ਜੋ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਜਾ ਸਕਣ | ਆਉਂਦੀਆਂ 2024 ਦੀਆਂ ਪਾਰਲੀਮੈਂਟ ਚੋਣਾਂ ਕਿਸ ਤਰ੍ਹਾਂ ਲੜਨੀਆਂ ਹਨ ਤੇ ਮੋਦੀ ਨੂੰ ਹਰਾਉਣ ਵਾਸਤੇ ਕਿਸ ਤਰ੍ਹਾਂ ਦਾ ਫਰੰਟ ਬਣਾਇਆ ਜਾਵੇ, ਕਿਉਂਕਿ ਮੋਦੀ ਤੋਂ ਦੇਸ਼ ਨੂੰ ਬਚਾਉਣਾ ਅਤੀ ਜ਼ਰੂਰੀ ਹੈ | ਸੂਬਿਆਂ ਦੇ ਆਗੂਆਂ ਨੇ ਆਪਣੇ ਵਿਚਾਰ ਦਿੱਤੇ ਕਿ ਮੋਦੀ ਸਰਕਾਰ ਦੇ ਹੁੰਦਿਆਂ ਦੇਸ਼ ਵਿੱਚ ਫਾਸ਼ੀਵਾਦ ਦਾ ਖਤਰਾ ਹੈ | ਫਾਸ਼ੀਵਾਦੀ ਨੀਤੀ ਆਵਾਮ ਨੂੰ ਤਬਾਹ ਕਰ ਦਿੰਦੀ ਹੈ | ਜਰਮਨੀ ਵਿੱਚ ਫਾਸ਼ੀਵਾਦ ਬੇਰੁਜ਼ਗਾਰੀ ‘ਚੋਂ ਪੈਦਾ ਹੋਇਆ ਸੀ ਤੇ ਹੁਣ ਸਾਡੇ ਵਿੱਚ ਬੇਰੁਜ਼ਗਾਰੀ ਸਭ ਹੱਦਾਂ-ਬੰਨੇ ਟੱਪ ਗਈ ਹੈ | ਮੋਦੀ ਦੀ ਨੀਤੀ ਬੇਰੁਜ਼ਗਾਰੀ ਨੂੰ ਵਰਤ ਕੇ ਫਾਸ਼ੀਵਾਦੀ ਪ੍ਰਬੰਧ ਕਾਇਮ ਕਰਨ ਦੀ ਹੈ ਤੇ ਮੋਦੀ ਓਧਰ ਵਧ ਰਿਹਾ ਹੈ | ਮੋਦੀ ਰਾਜ ਵਿੱਚ ਜਮਹੂਰੀਅਤ ਨਹੀਂ, ਡਿਕਟੇਟਰਸ਼ਿਪ ਹੈ | ਮੋਦੀ ਦਾ ਰਾਜ ਸਿਰਫ ਕੁਝ ਘਰਾਣਿਆਂ ਦਾ ਹੈ ਤੇ ਉਨ੍ਹਾਂ ਦੀ ਹੀ ਹਕੂਮਤ ਚਲਦੀ ਹੈ | ਇਹ ਕਾਰਪੋਰੇਟਾਂ ਦਾ ਇਕੱਲਾ ਰਾਜ ਹੀ ਨਹੀਂ ਚਲਦਾ, ਉਹ ਦੇਸ਼ ਦੀ ਦੌਲਤ ਵੀ ਲੁੱਟੀ ਜਾ ਰਹੇ ਹਨ | ਦੇਸ਼ ‘ਚੋਂ ਲਗਭਗ ਸਰਕਾਰੀ ਅਦਾਰਿਆਂ ਦਾ ਭੋਗ ਪਾ ਦਿੱਤਾ ਗਿਆ ਹੈ | ਜਿਹੜੇ ਅਦਾਰੇ ਕਿਰਤੀਆਂ ਨੇ ਕਿਰਤ ਰਾਹੀਂ ਸਰਕਾਰਾਂ ਨਾਲ ਮਿਲ ਕੇ ਉਸਾਰੇ ਸਨ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਵੇਂ ਸਰਮਾਏਦਾਰੀ ਨਿਜ਼ਾਮ ਕਾਇਮ ਰੱਖਣ ਵਾਲੀਆਂ ਹੀ ਸਰਕਾਰਾਂ ਬਣੀਆਂ, ਪਰ ਉਨ੍ਹਾਂ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਇਆ | ਇਨ੍ਹਾਂ ਪਬਲਿਕ ਅਦਾਰਿਆਂ ਰਾਹੀਂ ਹਿੰਦੁਸਤਾਨ ਦੀ ਜਵਾਨੀ ਨੂੰ ਰੁਜ਼ਗਾਰ ਮਿਲਿਆ ਤੇ ਦੇਸ਼ ਖੁਸ਼ਹਾਲੀ ਵਾਲੇ ਪਾਸੇ ਵਧਿਆ | ਅੰਗਰੇਜ਼ਾਂ ਨੇ ਹਿੰਦੁਸਤਾਨ ਦੀ ਸੋਨੇ ਦੀ ਚਿੜੀ ਲੁੱਟ ਲਈ ਤੇ ਉਸ ਦੇ ਵਾਪਸ ਆਉਣ ਦੀ ਆਸ ਬੱਝੀ ਸੀ | ਇਹ ਆਸ ਬੰਨ੍ਹਣ ਵਾਲੇ ਉਹ ਆਗੂ ਸਨ, ਜਿਨ੍ਹਾਂ ਅੰਗਰੇਜ਼ਾਂ ਨੂੰ ਚਿੜੀ ਲੁੱਟ ਕੇ ਇੰਗਲੈਂਡ ਨੂੰ ਲਿਜਾਂਦੇ ਵੇਖਿਆ ਸੀ, ਪਰ ਰਾਜ ਕਰਦੀ ਧਿਰ ਕਾਂਗਰਸ, ਜਿਸ ਨੇ ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਰਾਜ ਕੀਤਾ, ਉਸ ਵਿੱਚ ਆਜ਼ਾਦੀ ਘੁਲਾਟੀਏ ਵੀ ਸਨ, ਹੌਲੀ-ਹੌਲੀ ਪਾਰਟੀ ਵਿੱਚੋਂ ਉਹ ਆਜ਼ਾਦੀ ਦਾ ਸੰਘਰਸ਼ ਲੜਨ ਵਾਲੇ ਆਗੂ ਉਮਰ ਦੇ ਤਕਾਜ਼ੇ ਨਾਲ ਪੂਰੇ ਹੁੰਦੇ ਗਏ ਤੇ ਜਿਹੜੇ ਬਚੇ, ਉਨ੍ਹਾਂ ਨੂੰ ਸਰਮਾਏਦਾਰ ਸ਼ਕਤੀ ਨੇ ਖੂੰਜੇ ਲਾ ਦਿੱਤਾ | ਇਸ ਦੌਰਾਨ ਪਾਰਟੀ ਦੀ ਵਾਗਡੋਰ ਸੰਪੂਰਨ ਰੂਪ ਵਿੱਚ ਸਰਮਾਏਦਾਰਾਂ ਦੇ ਹੱਥ ਆ ਗਈ | ਕਾਂਗਰਸ ਦੀ ਇਸ ਕਮਜ਼ੋਰੀ ਦਾ ਫਾਇਦਾ ਲੈ ਕੇ ਆਰ ਆਰ ਐੱਸ ਪੱਖੀ ਭਾਜਪਾ ਦੇਸ਼ ਦੀ ਹਕੂਮਤ ‘ਤੇ ਕਾਬਜ਼ ਹੋ ਗਈ, ਜਿਸ ਦੀ ਸੋਚ ਹੀ ਭਰਾ ਨੂੰ ਭਰਾ ਨਾਲ ਲੜਾਉਣ ਵਾਲੀ ਹੈ, ਫਿਰ ਦੇਸ਼ ਕਿਸ ਤਰ੍ਹਾਂ ਤਰੱਕੀ ਕਰ ਸਕਦਾ ਹੈ | ਬਦਕਿਸਮਤੀ ਇਹ ਹੈ ਕਿ ਕਮਿਊਨਿਸਟ ਲਹਿਰ, ਜਿਸ ਨੇ ਅੱਗੇ ਵਧਣਾ ਸੀ, ਉਹ ਕਮਜੋਰ ਹੁੰਦੀ ਗਈ | ਸੀ ਪੀ ਆਈ ਦੀ ਵਿਜੇਵਾੜਾ ਕਾਂਗਰਸ ਨੇ ਅਗਲੇ ਕੰਮ ਇਹ ਕੱਢੇ ਸਨ ਕਿ ਭਾਜਪਾ ਦਾ ਬਿਸਤਰਾ ਗੋਲ ਕਰਨ ਵਾਸਤੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੀਆਂ ਗਲੀਆਂ, ਮੁਹੱਲਿਆਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨਾ ਹੋਵੇਗਾ ਅਤੇ ਇਹ ਕੰਮ ਪਾਰਟੀ ਦੇ ਆਗੂਆਂ ਦਾ ਹੈ | ਲੋਕ ਆਪਣੇ ਆਪ ਨਹੀਂ ਜਥੇਬੰਦ ਹੁੰਦੇ, ਉਨ੍ਹਾਂ ਨੂੰ ਪਾਰਟੀ ਦੇ ਉਲੀਕੇ ਕੰਮਾਂ ਬਾਰੇ ਸਮਝਾਉਣਾ ਪੈਂਦਾ ਹੈ | ਕਸੂਰ ਲੋਕਾਂ ਦਾ ਨਹੀਂ, ਸਾਡਾ ਹੈ | ਲੈਨਿਨ ਨੇ ਕਿਹਾ ਸੀ ਕਿ ਪਾਰਟੀ ਮਨੁੱਖਾਂ ਦੀ ਹੈ, ਮਨੁੱਖ ਜਦੋਂ ਕੰਮ ਕਰਦਾ ਹੈ, ਉਸ ਕੋਲੋਂ ਗਲਤੀ ਹੋਣੀ ਸੁਭਾਵਿਕ ਹੈ | ਸਵਾਲ ਗਲਤੀ ਤੋਂ ਸਿੱਖਣ ਦਾ ਹੈ, ਜਿਹੜਾ ਆਗੂ ਗਲਤੀ ਤੋਂ ਸਿੱਖਦਾ ਨਹੀਂ, ਉਹ ਲੋਕਾਂ ਦਾ ਆਗੂ ਨਹੀਂ ਹੋ ਸਕਦਾ | ਪਾਰਟੀ ਜਾਂ ਆਗੂ ਗਲਤੀ ਕਰਦਾ ਹੈ ਤੇ ਉਹ ਗਲਤੀ ਅੰਦਰ ਵੜ ਕੇ ਮੰਨਣ ਨਾਲ ਪਾਰਟੀ ਨਹੀਂ ਵਧਦੀ | ਗਲਤੀ ਪਬਲਿਕ ਵਿੱਚ ਮੰਨ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ, ਫਿਰ ਲੋਕ ਪਾਰਟੀ ਨਾਲ ਜੁੜਦੇ ਹਨ, ਪਰ ਇਸ ਤਰ੍ਹਾਂ ਹੁੰਦਾ ਨਹੀਂ | ਸੋਮਵਾਰ ਬਹਿਸ ਦੀ ਸਟੇਜ ਦਾ ਸੰਚਾਲਨ ਬੰਤ ਬਰਾੜ ਨੇ ਕੀਤਾ | ਪੰਜਾਬ ਵੱਲੋਂ ਬਹਿਸ ਵਿੱਚ ਹਿੱਸਾ ਨਿਰਮਲ ਸਿੰਘ ਧਾਲੀਵਾਲ, ਹਰਦੇਵ ਸਿੰਘ ਅਰਸੀ ਤੇ ਅਰੁਣ ਮਿੱਤਰਾ ਨੇ ਲਿਆ |