‘ਆਪ’ ਆਗੂਆਂ ਵੱਲੋਂ ਚੰਡੀਗੜ੍ਹ ‘ਚ ਭਾਜਪਾ ਦਫਤਰ ਅੱਗੇ ਪ੍ਰਦਰਸ਼ਨ

0
174

ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਗਿ੍ਫਤਾਰੀ ਦੇ ਖਿਲਾਫ ‘ਆਪ’ ਆਗੂਆਂ ਨੇ ਸੋਮਵਾਰ ਚੰਡੀਗੜ੍ਹ ‘ਚ ਭਾਜਪਾ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ | ਧਰਨੇ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਨਮੋਲ ਗਗਨ ਮਾਨ, ਲਾਲ ਚੰਦ ਕਟਾਰੂ ਚੱਕ, ਬ੍ਰਹਮ ਸੰਕਰ ਜਿੰਪਾ, ਡਾ: ਬਲਬੀਰ ਸਿੰਘ, ਹਰਜੋਤ ਬੈਂਸ, ਹਰਭਜਨ ਸਿੰਘ ਈ ਟੀ ਓ, ਲਾਲਜੀਤ ਸਿੰਘ ਭੁੱਲਰ, ਚੇਤਨ ਸਿੰਘ ਜੌੜੇਮਾਜਰਾ, ਡਾ. ਇੰਦਰਬੀਰ ਸਿੰਘ ਨਿੱਝਰ ਅਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਸਮੇਤ ਸੈਂਕੜੇ ‘ਆਪ’ ਆਗੂ ਤੇ ਵਰਕਰ ਮੌਜੂਦ ਸਨ | ‘ਆਪ’ ਆਗੂਆਂ ਨੇ ਸਿਸੋਦੀਆ ਦੀ ਗਿ੍ਫਤਾਰੀ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ | ‘ਆਪ’ ਆਗੂਆਂ ਨੇ ਨਾਅਰਿਆਂ ਰਾਹੀਂ ਸਿਸੋਦੀਆ ਦੀ ਗਿ੍ਫਤਾਰੀ ਨੂੰ ਤਾਨਾਸ਼ਾਹੀ ਫੈਸਲਾ ਦੱਸਿਆ ਅਤੇ ਅਜਿਹੀ ਕਾਰਵਾਈ ਨੂੰ ਲੋਕਤੰਤਰ ਲਈ ਖਤਰਾ ਦੱਸਿਆ |
ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਈ ਡੀ ਅਤੇ ਸੀ ਬੀ ਆਈ ਦੀ ਦੁਰਵਰਤੋਂ ਕਰ ਰਹੀ ਹੈ | ਭਾਜਪਾ ਆਮ ਆਦਮੀ ਪਾਰਟੀ ਤੋਂ ਡਰਦੀ ਹੈ, ਇਸੇ ਲਈ ਆਪ ਨੇਤਾਵਾਂ ‘ਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ‘ਚ ਡੱਕ ਰਹੀ ਹੈ | ਉਨ੍ਹਾ ਕਿਹਾ ਕਿ ਈ ਡੀ ਨੇ ਕਈ ਵਾਰ ਸਿਸੋਦੀਆ ਦੇ ਘਰ ਛਾਪੇਮਾਰੀ ਕੀਤੀ ਅਤੇ ਬੈਂਕ ਖਾਤਿਆਂ ਦੀ ਤਲਾਸ਼ੀ ਲਈ, ਪਰ ਕੁਝ ਨਹੀਂ ਮਿਲਿਆ | ਸੀ ਬੀ ਆਈ ਨੇ ਮੋਦੀ ਸਰਕਾਰ ਦੇ ਦਬਾਅ ਹੇਠ ਮਨੀਸ਼ ਸਿਸੋਦੀਆ ਨੂੰ ਗਿ੍ਫਤਾਰ ਕੀਤਾ ਹੈ |
ਭਾਜਪਾ ਦਾ ਮਕਸਦ ਉਹਨਾ ਨੂੰ ਗਿ੍ਫਤਾਰ ਕਰਨਾ ਨਹੀਂ, ਸਗੋਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ, ਪਰ ਆਮ ਆਦਮੀ ਪਾਰਟੀ ਰੁਕਣ ਵਾਲੀ ਨਹੀਂ | ਜਲਦੀ ਹੀ ਸਾਰਾ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ | ਇਸ ਦੌਰਾਨ ਭਾਜਪਾ ਦਫਤਰ ਦੇ ਬਾਹਰ ਸ਼ਾਂਤਮਈ ਧਰਨਾ ਦੇ ਰਹੇ ਕੈਬਨਿਟ ਮੰਤਰੀਆਂ ਸਮੇਤ ‘ਆਪ’ ਦੇ ਕਈ ਸੀਨੀਅਰ ਆਗੂਆਂ ਨੂੰ ਚੰਡੀਗੜ੍ਹ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ |

LEAVE A REPLY

Please enter your comment!
Please enter your name here