36.9 C
Jalandhar
Friday, March 29, 2024
spot_img

ਗਿਲਡ ਵੱਲੋਂ ਚੈਨਲਾਂ ਦੀ ਖਿਚਾਈ

ਭਾਰਤ ਭਰ ਦੇ ਸੰਪਾਦਕਾਂ ਦੀ ਜਥੇਬੰਦੀ ਅਡੀਟਰਜ਼ ਗਿਲਡ ਆਫ਼ ਇੰਡੀਆ ਨੇ ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਗੋਦੀ ਮੀਡੀਆ ਚੈਨਲਾਂ ਦੀ ਤਿੱਖੀ ਆਲੋਚਨਾ ਕੀਤੀ ਹੈ | ਗਿਲਡ ਨੇ ਕਿਹਾ ਕਿ ਉਹ ਕੌਮੀ ਨਿਊਜ਼ ਚੈਨਲਾਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਤੋਂ ਨਿਰਾਸ਼ ਹੈ, ਜਿਹੜੇ ਜਾਣ ਬੁੱਝ ਕੇ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ ਜੋ ਘੱਟਗਿਣਤੀ ਫਿਰਕਿਆਂ ਪ੍ਰਤੀ ਨਫ਼ਰਤ ਫੈਲਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ |
ਗਿਲਡ ਨੇ ਚੈਨਲਾਂ ਨੂੰ ਕਿਹਾ ਹੈ ਕਿ ਉਹ ਜ਼ਰਾ ਸੋਚਣ ਕਿ ਉਨ੍ਹਾਂ ਦਰਸ਼ਕ ਸੰਖਿਆ ਵਧਾਉਣ ਲਈ ਕਾਨਪੁਰ ਹਿੰਸਾ ਦੌਰਾਨ ਕੀ ਕੀਤਾ ਸੀ? ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਪੱਤਰਕਾਰਾਂ ਤੇ ਪੇਸ਼ਕਾਰਾਂ ਨੂੰ ਇਸ ਸੰਬੰਧੀ ਨਰੋਈ ਪਹੁੰਚ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਕਾਨਪੁਰ ਹਿੰਸਾ ਦੀ ਘਟਨਾ ਤੇ ਪੈਗੰਬਰ ਮੁਹੰਮਦ ਬਾਰੇ ਭਾਜਪਾ ਦੀ ਮੁਅੱਤਲ ਆਗੂ ਦੀ ਟਿੱਪਣੀ ਤੋਂ ਬਾਅਦ ਕੌਮਾਂਤਰੀ ਪੱਧਰ ਉਤੇ ਦੇਸ਼ ਦੀ ਹੋਈ ਅਲੋਚਨਾ ਕਾਰਣ ਭਾਰਤ ਨੂੰ ਗੈਰਜ਼ਰੂਰੀ ਸ਼ਰਮਿੰਦਗੀ ਝੱਲਣੀ ਪਈ ਹੈ | ਗਿਲਡ ਨੇ ਕਿਹਾ ਕਿ ਕਾਨਪੁਰ ਵਿੱਚ ਦੰਗਾ ਹੋਇਆ ਤੇ ਇਸ ਦੇ ਨਾਲ ਹੀ ਕਈ ਦੇਸ਼ਾਂ ਵੱਲੋਂ ਸਾਡੇ ਦੇਸ਼ ਦੀ ਤਿੱਖੀ ਆਲੋਚਨਾ ਹੋਈ ਕਿਉਂਕਿ ਉਹ ਦੇਸ਼ ਸਾਡੀ ਸੱਤਾਧਾਰੀ ਪਾਰਟੀ ਦੇ ਬੁਲਾਰਿਆਂ ਦੀਆਂ ਟਿੱਪਣੀਆਂ ਤੋਂ ਦੁਖੀ ਸਨ | ਉਨ੍ਹਾਂ ਦੇਸ਼ਾਂ ਦੇ ਗੁੱਸੇ ਭਰੇ ਬਿਆਨਾਂ ਵਿੱਚ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਅਜ਼ਾਦੀ ਪ੍ਰਤੀ ਭਾਰਤ ਦੀ ਵਚਨਬੱਧਤਾ ‘ਤੇ ਸਵਾਲ ਖੜ੍ਹੇ ਕੀਤੇ ਗਏ |
ਗਿਲਡ ਨੇ ਕਿਹਾ ਕਿ ਉਹ ਕੌਮੀ ਨਿਊਜ਼ ਚੈਨਲਾਂ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਤੋਂ ਪ੍ਰੇਸ਼ਾਨ ਹੈ, ਜੋ ਜਾਣਬੁੱਝ ਕੇ ਅਜਿਹੀ ਸਥਿਤੀ ਪੈਦਾ ਕਰਦੇ ਹਨ ਜੋ ਕਮਜ਼ੋਰ ਵਰਗਾਂ ਪ੍ਰਤੀ ਨਫ਼ਰਤ ਫੈਲਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੀ ਹੈ | ਗਿਲਡ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਦੇਸ਼ ਨੂੰ ਝਲਣੀ ਪਈ ਸ਼ਰਮਿੰਦਗੀ ਤੋਂ ਬਚਾਇਆ ਜਾ ਸਕਦਾ ਸੀ ਜੇਕਰ ਟੀ ਵੀ ਚੈਨਲ ਧਰਮ ਨਿਰਪੱਖਤਾ ਬਾਰੇ ਦੇਸ਼ ਦੀ ਸੰਵਿਧਾਨਕ ਪ੍ਰਤੀਬੱਧਤਾ ਦੇ ਨਾਲ-ਨਾਲ ਪੱਤਰਕਾਰੀ ਦੀ ਨੈਤਿਕਤਾ ਤੇ ਪ੍ਰੈਸ ਕੌਂਸਲ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਉੱਤੇ ਪਹਿਰਾ ਦਿੰਦੇ | ਕੁਝ ਚੈਨਲ ਦਰਸ਼ਕਾਂ ਦੀ ਸੰਖਿਆ ਵਧਾ ਕੇ ਲਾਭ ਕਮਾਉਣ ਦੇ ਲਾਲਚ ਵਿੱਚ ‘ਰੇਡੀਓ ਰਵਾਂਡਾ’ ਦੇ ਰਾਹ ਪਏ ਹੋਏ ਹਨ, ਜਿਸ ਦੇ ਭੜਕਾਊ ਪ੍ਰਸਾਰਣਾਂ ਨੇ ਇਸ ਅਫ਼ਰੀਕੀ ਦੇਸ਼ ਨੂੰ ਕਤਲਗਾਹ ਬਣਾ ਦਿੱਤਾ ਸੀ |
ਸੰਪਾਦਕਾਂ ਦੀ ਜਥੇਬੰਦੀ ਨੇ ਕਿਹਾ ਹੈ ਕਿ, ‘ਗਿਲਡ ਮੰਗ ਕਰਦੀ ਹੈ ਕਿ ਇਹ ਚੈਨਲ ਅਜਿਹੀ ਸਮੱਗਰੀ ਨੂੰ ਪ੍ਰਸਾਰਤ ਕਰਨਾ ਛੱਡ ਦੇਣ ਤੇ ਵੰਡਪਾਊ ਨਫ਼ਰਤੀ ਮਾਹੌਲ ਪੈਦਾ ਕਰਨ ਵਾਲੇ ਜਿਨ੍ਹਾਂ ਪ੍ਰੋਗਰਾਮਾਂ ਰਾਹੀਂ ਕੌਮੀ ਵਿਵਾਦ ਖੜ੍ਹਾ ਹੋਇਆ, ਉਨ੍ਹਾਂ ਦੀ ਅਲੋਚਨਾਤਮਕ ਪੜਚੋਲ ਕਰਨ | ਉਨ੍ਹਾਂ ਦੀਆਂ ਇਨ੍ਹਾਂ ਕਾਰਵਾਈਆਂ ਕਾਰਣ ਹੀ ਦੋ ਵਰਗਾਂ ਵਿੱਚ ਪੈਦਾ ਹੋਈ ਖਾਈ ਭਰਨ ਯੋਗ ਨਹੀਂ ਰਹੀ | ਮੀਡੀਆ ਸੰਵਿਧਾਨ ਤੇ ਕਾਨੂੰਨ ਨੂੰ ਮਜ਼ਬੂਤ ਕਰਨ ਲਈ ਹੈ, ਨਾ ਕਿ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾ ਕੇ ਇਸ ਨੂੰ ਤੋੜਨ ਲਈ |

Related Articles

LEAVE A REPLY

Please enter your comment!
Please enter your name here

Latest Articles