ਨਵੀਂ ਦਿੱਲੀ : 2021-22 ਦੀ ਆਬਕਾਰੀ ਨੀਤੀ ‘ਚ ਕਥਿਤ ਘਪਲੇ ਦੇ ਸੰਬੰਧ ਵਿਚ ਐਤਵਾਰ ਗਿ੍ਫਤਾਰ ਕੀਤੇ ਗਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਸੀ ਬੀ ਆਈ ਨੇ ਸੋਮਵਾਰ ਸੀ ਬੀ ਆਈ ਕੋਰਟ ਤੋਂ ਪੰਜ ਦਿਨਾਂ ਦਾ ਰਿਮਾਂਡ ਮੰਗਿਆ, ਜਿਹੜਾ ਉਸ ਨੂੰ ਮਿਲ ਗਿਆ |
ਇੱਕ ਘੰਟੇ ਤੋਂ ਵੱਧ ਚੱਲੀ ਸੁਣਵਾਈ ਦੌਰਾਨ ਸਿਸੋਦੀਆ ਦੇ ਵਕੀਲ ਨੇ ਕਿਹਾ ਕਿ ਆਬਕਾਰੀ ਨੀਤੀ ਨੂੰ ਮਨਜ਼ੂਰੀ ਵੇਲੇ ਦੇ ਉਪ ਰਾਜਪਾਲ ਨੇ ਦਿੱਤੀ ਸੀ ਅਤੇ ਸੀ ਬੀ ਆਈ ਚੁਣੀ ਹੋਈ ਸਰਕਾਰ ਦੇ ਪਿੱਛੇ ਪਈ ਹੋਈ ਹੈ | ਸਿਸੋਦੀਆ ਦਾ ਕਹਿਣਾ ਸੀ—ਮੈਂ ਵਿੱਤ ਮੰਤਰੀ ਵੀ ਹਾਂ | ਮੈਂ ਬਜਟ ਪੇਸ਼ ਕਰਨਾ ਸੀ | ਐਤਵਾਰ ਹੀ ਕੀ ਤਬਦੀਲੀ ਹੋ ਗਈ ਕਿ ਵਿੱਤ ਮੰਤਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ? ਕੀ ਉਹ ਅਗਲੇ ਦਿਨਾਂ ਵਿਚ ਉਪਲੱਬਧ ਨਹੀਂ ਹੋ ਸਕਦਾ ਸੀ? ਇਹ ਮਾਮਲਾ ਨਾ ਸਿਰਫ ਵਿਅਕਤੀ, ਸਗੋਂ ਅਦਾਰੇ ‘ਤੇ ਵੀ ਹਮਲਾ ਹੈ |
ਸੀ ਬੀ ਆਈ ਦੇ ਵਕੀਲ ਨੇ ਕਿਹਾ ਕਿ ਸਿਸੋਦੀਆ ਦਾ ਦਾਅਵਾ ਹੈ ਕਿ ਉਨ੍ਹਾ ਦਾ ਕੇਸ ਵਿਚ ਕੋਈ ਰੋਲ ਨਹੀਂ, ਪਰ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਨ੍ਹਾ ਨਿੱਜੀ ਦਿਲਚਸਪੀ ਲੈ ਕੇ ਫੈਸਲੇ ਕੀਤੇ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਤੇ ਪਾਰਟੀ ਪੂਰੀ ਤਰ੍ਹਾਂ ਸਿਸੋਦੀਆ ਨਾਲ ਖੜ੍ਹੇ ਹਨ | ਉਨ੍ਹਾ ਪੰਜਾਬ ‘ਚ ਕਿਸੇ ਨੂੰ ਵੀ ਅਮਨ-ਕਾਨੂੰਨ ਆਪਣੇ ਹੱਥ ‘ਚ ਨਾ ਲੈਣ ਦੀ ਅਪੀਲ ਕੀਤੀ | ਉਨ੍ਹਾ ਨੇ ਦਿੱਲੀ ਦੇ ਉਪ ਰਾਜਪਾਲ ਦੀ ਆਲੋਚਨਾ ਕੀਤੀ |