ਪੁੱਡੂਚੇਰੀ : ਸੀ ਪੀ ਆਈ ਦੀ ਨੈਸ਼ਨਲ ਕੌਂਸਲ ਦੀ ਤਿੰਨ ਦਿਨਾ ਮੀਟਿੰਗ ਦੇ ਆਖਰੀ ਦਿਨ ਮੰਗਲਵਾਰ ਨੂੰ ਮਤਾ ਪਾਸ ਕੀਤਾ ਗਿਆ ਕਿ ਪੁੱਡੂਚੇਰੀ ਨੂੰ ਪੂਰਨ ਸਟੇਟ ਦੇ ਅਧਿਕਾਰ ਦਿੱਤੇ ਜਾਣ | ਇਸ ਕਾਰਜ ਦੀ ਪੂਰਤੀ ਬਾਬਤ ਪੁੱਡੂਚੇਰੀ ਦੇ ਸੀਨੀਅਰ ਕਾਮਰੇਡ ਨੇ ਕੌਂਸਲ ਅੱਗੇ ਮਤਾ ਪੇਸ਼ ਕੀਤਾ ਤੇ ਮੈਂਬਰਾਂ ਨੇ ਨਾਅਰਿਆਂ ਦੀ ਗੂੰਜ ਵਿੱਚ ਮਤਾ ਪਾਸ ਕੀਤਾ | ਮੀਟਿੰਗ ਦੌਰਾਨ ਸਰਬ-ਪਾਰਟੀ ਸੰਮੇਲਨ ਵੀ ਕੀਤਾ ਗਿਆ, ਜਿਸ ਵਿੱਚ ਡੀ ਐੱਮ ਕੇ, ਸੀ ਪੀ ਆਈ ਐੱਮ, ਫਾਰਵਰਡ ਬਲਾਕ ਤੇ ਸੀ ਪੀ ਆਈ ਐੱਮ ਐੱਲ ਦੇ ਬੁਲਾਰਿਆਂ ਨੇ ਹਿੱਸਾ ਲਿਆ ਤੇ ਮੋਦੀ ਸਰਕਾਰ ਦੀ ਘੋਰ ਨਿੰਦਾ ਕਰਦਿਆਂ ਪੁੱਡੂਚੇਰੀ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇੱਕ ਪਲੇਟਫਾਰਮ ‘ਤੇ ਇਕੱਠੇ ਹੋ ਕੇ ਮੋਦੀ ਸਰਕਾਰ ਵਿਰੁੱਧ ਸੰਘਰਸ਼ ਕਰਨ | ਹਾਲਾਤ ਇਹ ਹਨ ਕਿ ਇਸ ਵਕਤ ਹਿੰਦੁਸਤਾਨ ਨੂੰ ਮੋਦੀ ਸਰਕਾਰ ਤੋਂ ਬਚਾਉਣਾ ਹਰ ਸੁਹਿਰਦ ਵਿਅਕਤੀ ਦੀ ਸਮਝ ਹੋਣੀ ਚਾਹੀਦੀ ਹੈ | ਮੋਦੀ ਦੀ ਘਾਤਕ ਨੀਤੀ ਇਕੱਲੀ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੀ ਦੌਲਤ ਲੁਟਾਉਣਾ ਹੀ ਨਹੀਂ, ਉਸ ਦੀ ਸਮਝ ਇਸ ਤੋਂ ਵੀ ਅੱਗੇ ਦੇਸ਼ ਦੇ ਟੋਟੇ-ਟੋਟੇ ਕਰਨਾ ਹੈ | ਜੇ ਦੇਸ਼ ਟੋਟੇ ਹੋ ਕੇ ਵੰਡਿਆ ਗਿਆ ਤਾਂ ਕਾਰਪੋਰੇਸ਼ਨਾਂ ਨੂੰ ਲੁੱਟ ਕਰਨੀ ਹੋਰ ਸੌਖੀ ਹੋ ਜਾਵੇਗੀ | ਇਸ ਨੀਤੀ ਨਾਲ ਮੋਦੀ ਆਪਣੀ ਹਕੂਮਤ ਵੀ ਕਾਇਮ ਰੱਖ ਸਕਦਾ ਹੈ | ਆਗੂਆਂ ਸਰਬਸੰਮਤੀ ਨਾਲ ਜ਼ੋਰ ਦੇ ਕੇ ਆਖਿਆ ਕਿ ਪੁੱਡੂਚੇਰੀ ਨੂੰ ਫਰਾਂਸ ਤੇ ਇੰਗਲੈਂਡ ਵਰਗੇ ਸਾਮਰਾਜੀ ਮੁਲਕਾਂ ਨੇ ਲੁੱਟਿਆ ਤੇ ਲੋਕਾਂ ‘ਤੇ ਅਥਾਹ ਜ਼ੁਲਮ ਕੀਤੇ | ਹੁਣ ਮੋਦੀ ਦੀ ਫਾਸ਼ੀਵਾਦੀ ਹਕੂਮਤ ਪੁੱਡੂਚੇਰੀ ਦੀ ਦੌਲਤ ਕਾਰਪੋਰੇਸ਼ਨਾਂ ਨੂੰ ਲੁਟਾਉਣ ਵਾਸਤੇ ਪੁੱਡੂਚੇਰੀ ਨੂੰ ਪੂਰਨ ਸਟੇਟ ਦੇ ਅਧਿਕਾਰ ਨਹੀਂ ਦੇ ਰਹੀ | ਆਗੂਆਂ ਕਿਹਾ ਕਿ ਘਾਤਕ ਕੋਰੋਨਾ ਬਿਮਾਰੀ ਕਾਰਪੋਰੇਸ਼ਨਾਂ ਦੀ ਦੇਣ ਹੈ | ਲੋਕਾਂ ਨੂੰ ਕੋਰੋਨਾ ਨੇ ਨਿਗਲਣਾ ਹੀ ਨਿਗਲਣਾ ਸੀ, ਦੂਜੇ ਬੰਨੇ ਲੋਕਾਂ ਦਾ ਰੁਜ਼ਗਾਰ ਵੀ ਖੁੱਸ ਗਿਆ ਤੇ ਲੋਕ ਹੁਣ ਤੱਕ ਨਾਲ ਭੁੱਖ ਨਾਲ ਵਿਲ੍ਹਕ ਰਹੇ ਹਨ | ਪੁੱਡੂਚੇਰੀ ਸੈਰ-ਸਪਾਟੇ ਵਾਲਾ ਸੂਬਾ ਹੈ, ਇਥੇ ਸੈਰ ਕਰਨ ਪੂਰੇ ਵਿਸ਼ਵ ਵਿੱਚੋਂ ਲੋਕ ਆਉਂਦੇ ਹਨ | ਜਦੋਂ ਕੋਰੋਨਾ ਕਾਰਨ ਲੋਕਾਂ ‘ਤੇ ਬੰਦਿਸ਼ਾਂ ਲੱਗ ਗਈਆਂ ਕਿ ਉਹ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਤਾਂ ਸੈਰ ਕਰਨ ਵਾਲਿਆਂ ਕਿੱਥੋਂ ਆਉਣਾ ਸੀ, ਇਸ ਕਰਕੇ ਪੁੱਡੂਚੇਰੀ ਦੇ ਲੋਕ ਆਰਥਕ ਤੌਰ ‘ਤੇ ਝੰਬੇ ਗਏ | ਪੁੱਡੂਚੇਰੀ ਦੇ ਹਾਲਾਤ ਇਹ ਹਨ ਕਿ ਇਥੋਂ ਦੀ ਸਰਕਾਰ ਆਪਣੇ ਸੂਬੇ ਦਾ ਵਿਕਾਸ ਆਪਣੇ ਆਪ ਨਹੀਂ ਕਰ ਸਕਦੀ, ਹਰ ਕੰਮ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ | ਜਿਹੜੇ ਕੰਮ ਕੇਂਦਰ ਦੀ ਮੋਦੀ ਸਰਕਾਰ ਨੂੰ ਸੂਤ ਨਹੀਂ ਬੈਠਦੇ, ਉਹ ਰੱਦ ਕਰ ਦਿੱਤੇ ਜਾਂਦੇ ਹਨ | ਇਸ ਹਾਲਤ ਵਿੱਚ ਪੁੱਡੂਚੇਰੀ ਦੀ ਤਰੱਕੀ ਕਿਸ ਤਰ੍ਹਾਂ ਹੋਵੇ | ਜੇ ਤਰੱਕੀ ਨਹੀਂ ਤਾਂ ਖੁਸ਼ਹਾਲੀ ਨਹੀਂ ਆ ਸਕਦੀ | ਮੀਟਿੰਗ ਵਿੱਚ ਫੈਸਲਾ ਹੋਇਆ ਕਿ ਪਾਰਟੀ ਦਾ ਨਵੀਨੀਕਰਨ ਦਾ ਕੰਮ ਮਾਰਚ 2024 ਦੇ ਅਖੀਰ ਤੱਕ ਮੁਕੰਮਲ ਕਰਨਾ ਹੋਵੇਗਾ | ਇਸ ਮੁਹਿੰਮ ਅਧੀਨ ਹਰ ਪਾਰਟੀ ਬਰਾਂਚ ਦੀ ਮੀਟਿੰਗ ਕਰਕੇ ਹਰ ਮੈਂਬਰ ਦੀ ਪੁੱਛ-ਪੜਤਾਲ ਕੀਤੀ ਜਾਵੇ ਤੇ ਫਿਰ ਉਸ ਦਾ ਨਵੀਨੀਕਰਨ ਕੀਤਾ ਜਾਵੇ | ਮੀਟਿੰਗ ਵਿੱਚ ਫੈਸਲਾ ਹੋਇਆ ਕਿ ਪਾਰਟੀ ਦੀ ਸ਼ਤਾਬਦੀ 2025 ਵਿੱਚ ਆ ਰਹੀ ਹੈ, ਉਦੋਂ ਤੱਕ 10 ਲੱਖ ਪਾਰਟੀ ਮੈਂਬਰ ਬਣਾਉਣ ਦਾ ਕੰਮ ਮੁਕੰਮਲ ਕਰਨਾ ਹੈ | ਇਸੇ ਤਰ੍ਹਾਂ 2024 ਦੀਆਂ ਪਾਰਲੀਮੈਂਟ ਚੋਣਾਂ ਆ ਰਹੀਆਂ ਹਨ, ਉਨ੍ਹਾਂ ਨੂੰ ਸਾਹਮਣੇ ਰੱਖਦੇ ਹੋਏ ਪਾਰਟੀ ਨੇ ਇੱਕ ਕਰੋੜ ਫੰਡ ਇਕੱਠਾ ਕਰਨ ਦਾ ਟੀਚਾ ਮਿਥਿਆ ਹੈ, ਜਿਸ ਵਿੱਚ ਪੰਜਾਬ ਨੂੰ 5 ਲੱਖ ਲੱਗਾ ਹੈ | ਇਸ ਤਰ੍ਹਾਂ ਪਾਰਟੀ ਅਖਬਾਰ, ਜੋ ਪਾਰਟੀ ਮੈਂਬਰਾਂ ਨੂੰ ਸਿਧਾਂਤਕ ਸੇਧ, ਕੌਮਾਂਤਰੀ ਤੇ ਕੌਮੀ ਹਾਲਤਾਂ ਤੋਂ ਜਾਣੂ ਕਰਾਉਂਦਾ ਹੈ, ਉਸ ਨੂੰ ਵਧਾਉਣ ਤੇ ਪੜ੍ਹਨ ‘ਤੇ ਜ਼ੋਰ ਦਿੱਤਾ ਗਿਆ | ਮੀਟਿੰਗ ਵਿੱਚ ਪੁੱਡੂਚੇਰੀ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਸੋਨੀ ਸ਼ੁਭ ਇਛਾਵਾਂ ਭੇਟ ਕਰਨ ਲਈ ਪੁੱਜੇ ਤੇ ਸੀ ਪੀ ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਡੀ ਰਾਜਾ ਤੇ ਕੌਮੀ ਆਗੂਆਂ ਨੇ ਉਹਨਾ ਦਾ ਪੁਰਜ਼ੋਰ ਸਵਾਗਤ ਕੀਤਾ | ਵਿਚਾਰ-ਚਰਚਾ ਵਿੱਚ ਪੰਜਾਬ ਵੱਲੋਂ ਸੀ ਪੀ ਆਈ ਦੇ ਕੌਮੀ ਕੰਟਰੋਲ ਕਮਿਸ਼ਨ ਮੈਂਬਰ ਹਰਦੇਵ ਸਿੰਘ ਅਰਸ਼ੀ ਨੇ ਭਾਗ ਲਿਆ |