ਜ਼ਿਮਨੀ ਚੋਣਾਂ : ਕਾਂਗਰਸ ਛੇ ਵਿੱਚੋਂ ਤਿੰਨ ਸੀਟਾਂ ਜਿੱਤੀ

0
219

ਨਵੀਂ ਦਿੱਲੀ : ਪੰਜ ਰਾਜਾਂ ਵਿਚ ਛੇ ਅਸੰਬਲੀ ਸੀਟਾਂ ਦੀ ਉਪ ਚੋਣ ਵਿਚ ਕਾਂਗਰਸ ਤਿੰਨ ਸੀਟਾਂ ‘ਤੇ ਸਫਲ ਰਹੀ | ਮਹਾਰਾਸ਼ਟਰ ਦੀ ਕਸਬਾ ਪੇਠ ਸੀਟ ‘ਤੇ ਕਾਂਗਰਸ ਦੇ ਰਵਿੰਦਰ ਧੰਗੇਕਰ ਨੇ ਭਾਜਪਾ ਦੇ ਹੇਮੰਤ ਨਾਰਾਇਣ ਰਸਾਨੇ ਨੂੰ 10915 ਵੋਟਾਂ ਨਾਲ ਹਰਾਇਆ | ਇਹ ਸੀਟ 1995 ਤੋਂ ਭਾਜਪਾ ਦੇ ਕਬਜ਼ੇ ਵਿਚ ਸੀ | ਸੂਬੇ ਦੀ ਚਿੰਚਵਾੜ ਸੀਟ ਭਾਜਪਾ ਦੇ ਅਸ਼ਵਨੀ ਜਗਤਾਪ ਨੇ ਜਿੱਤ ਲਈ | ਤਾਮਿਲਨਾਡੂ ਦੀ ਈਰੋਡ ਸੀਟ ‘ਤੇ ਕਾਂਗਰਸ ਦੇ ਐਲੰਗੋਵਨ ਨੇ ਅੰਨਾ ਡੀ ਐੱਮ ਕੇ ਦੇ ਐੱਸ ਥੇਨਾਰਾਸੂ ਤੋਂ 44868 ਵੋਟਾਂ ਦੀ ਲੀਡ ਬਣਾ ਲਈ ਸੀ ਤੇ ਉਨ੍ਹਾ ਦੀ ਜਿੱਤ ਪੱਕੀ ਸੀ | ਝਾਰਖੰਡ ਦੀ ਰਾਮਗੜ੍ਹ ਸੀ ਕਾਂਗਰਸੀ ਵਿਧਾਇਕ ਮਮਤਾ ਦੇਵੀ ‘ਤੇ ਫੌਜਦਾਰੀ ਕੇਸ ਦਰਜ ਹੋਣ ਕਾਰਨ ਖਾਲੀ ਹੋਈ ਸੀ | ਇਥੇ ਕਾਂਗਰਸ ਨੇ ਮਮਤਾ ਦੇਵੀ ਦੇ ਪਤੀ ਬਜਰੰਗ ਮਹਿਤੋ ਨੂੰ ਟਿਕਟ ਦਿੱਤੀ ਸੀ ਤੇ ਭਾਜਪਾ-ਅਜਸੂ ਨੇ ਸੁਨੀਤਾ ਚੌਧਰੀ ਨੂੰ ਉਤਾਰਿਆ ਸੀ | ਸੁਨੀਤਾ 21970 ਵੋਟਾਂ ਨਾਲ ਜੇਤੂ ਰਹੀ | ਪੱਛਮੀ ਬੰਗਾਲ ਦੀ ਸਾਗਰਦੀਘੀ ਸੀਟ ‘ਤੇ ਬੇਰੌਨ ਬਿਸਵਾਸ ਨੇ ਜਿੱਤ ਦਰਜ ਕਰਕੇ ਅਸੰਬਲੀ ਵਿਚ ਕਾਂਗਰਸ ਦੀ ਮੌਜੂਦਗੀ ਦਰਜ ਕਰਵਾਈ | 2021 ਦੀਆਂ ਅਸੰਬਲੀ ਚੋਣਾਂ ਵਿਚ ਕਾਂਗਰਸ ਕੋਈ ਸੀਟ ਨਹੀਂ ਜਿੱਤ ਸਕੀ ਸੀ | ਇਹ ਸੀਟ ਟੀ ਐੱਮ ਸੀ ਦੇ ਤਿੰਨ ਵਾਰ ਵਿਧਾਇਕ ਰਹੇ ਸੁਬ੍ਰਤਾ ਸਾਹਾ ਦੇ ਦੇਹਾਂਤ ਕਾਰਨ ਖਾਲੀ ਹੋਈ ਸੀ | ਇੱਥੇ ਟੀ ਐੱਮ ਸੀ ਦੇ ਦੇਬਾਸ਼ੀਸ਼ ਬੈਨਰਜੀ, ਭਾਜਪਾ ਦੇ ਦਲੀਪ ਸਾਹਾ ਤੇ ਅਪੋਜ਼ੀਸ਼ਨ ਦੀ ਹਮਾਇਤ ਹਾਸਲ ਕਾਂਗਰਸ ਦੇ ਬਿਸਵਾਸ ਵਿਚਾਲੇ ਟੱਕਰ ਸੀ | ਬਿਸਵਾਸ ਨੇ 22986 ਵੋਟਾਂ ਨਾਲ ਜਿੱਤ ਦਰਜ ਕੀਤੀ | ਅਰੁਣਾਚਲ ਦੀ ਲੁਮਲਾ ਸੀਟ ਭਾਜਪਾ ਦੇ ਜੰਬੇ ਤਾਸ਼ੀ ਦੀ ਮੌਤ ਕਾਰਨ ਖਾਲੀ ਹੋਈ ਸੀ | ਇੱਥੇ ਭਾਜਪਾ ਨੇ ਉਸਦੀ ਪਤਨੀ ਤਸੇਰਿੰਗ ਲਹਾਮੂ ਨੂੰ ਖੜ੍ਹਾ ਕੀਤਾ ਸੀ | ਮੁਕਾਬਲੇ ਵਿਚ ਕੋਈ ਨਾ ਹੋਣ ਕਰਕੇ ਉਹ ਬਿਨਾਂ ਮੁਕਾਬਲਾ ਜੇਤੂ ਰਹੀ |

LEAVE A REPLY

Please enter your comment!
Please enter your name here